ਦਿੱਲੀ: ਦੁਕਾਨਕਾਰ ਔਰਤ 'ਤੇ ਐਸਿਡ ਅਟੈਕ
ਨਵੀਂ ਦਿੱਲੀ, 27 ਮਾਰਚ 2023- ਦਿੱਲੀ ਦੇ ਭਾਰਤ ਨਗਰ ਇਲਾਕੇ 'ਚ ਹਫਤਾਵਾਰੀ ਬਾਜ਼ਾਰ 'ਚ ਦੁਕਾਨ ਕਰਨ ਵਾਲੀ 33 ਸਾਲਾ ਔਰਤ 'ਤੇ ਅਣਪਛਾਤੇ ਵਿਅਕਤੀ ਵੱਲੋਂ ਤੇਜ਼ਾਬ ਸੁੱਟਣ ਦਾ ਮਾਮਲਾ ਵੀਰਵਾਰ ਨੂੰ ਸਾਹਮਣੇ ਆਇਆ ਹੈ। ਘਟਨਾ 'ਚ ਔਰਤ ਮਾਮੂਲੀ ਜ਼ਖਮੀ ਹੋ ਗਈ।
ਜਾਣਕਾਰੀ ਅਨੁਸਾਰ ਜਦੋਂ ਔਰਤ 'ਤੇ ਤੇਜ਼ਾਬ ਸੁੱਟਿਆ ਗਿਆ ਤਾਂ ਉਸਦਾ ਛੋਟਾ ਬੱਚਾ ਵੀ ਉਸਦੇ ਨਾਲ ਸੀ। ਇਸ ਕਾਰਨ ਬੱਚਾ ਵੀ ਮਾਮੂਲੀ ਜ਼ਖਮੀ ਹੋ ਗਿਆ ਹੈ।
ਪੁਲਿਸ ਨੂੰ ਰਾਤ 8 ਵਜੇ ਘਟਨਾ ਸਬੰਧੀ ਫ਼ੋਨ ਆਇਆ। ਔਰਤ ਨੇ ਦੱਸਿਆ ਕਿ ਉਹ ਭਾਰਤ ਨਗਰ ਇਲਾਕੇ ਦੇ ਗੁਰੂ ਬਾਜ਼ਾਰ ਵਿੱਚ ਆਪਣੀ ਦੁਕਾਨ ਦੇ ਕੋਲ ਬੈਠੀ ਸੀ। ਇਸੇ ਦੌਰਾਨ ਇੱਕ ਅਣਪਛਾਤਾ ਵਿਅਕਤੀ ਪਾਰਕ ਵਿੱਚੋਂ ਆਇਆ ਅਤੇ ਉਸ ’ਤੇ ਤੇਜ਼ਾਬ ਸੁੱਟ ਕੇ ਫ਼ਰਾਰ ਹੋ ਗਿਆ।
ਪੁਲਸ ਦਾ ਕਹਿਣਾ ਹੈ ਕਿ ਜਦੋਂ ਔਰਤ ਹਸਪਤਾਲ ਤੋਂ ਇਲਾਜ ਕਰਵਾ ਕੇ ਵਾਪਸ ਆਈ ਤਾਂ ਉਸ ਨੇ ਉਨ੍ਹਾਂ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਫਿਲਹਾਲ ਪੁਲਸ ਔਰਤ ਦੀ ਸੂਹ 'ਤੇ ਦੋਸ਼ੀ ਦੀ ਭਾਲ ਕਰ ਰਹੀ ਹੈ।