ਜਗੀਰ ਸਿੰਘ ਦੀ ਸੰਜੀਦਾ ਗਾਇਕੀ ਨੇ ਸਰੋਤੇ ਕੀਲੇ
ਰਾਜਿੰਦਰ ਕੁਮਾਰ
ਨਵਾਂਸ਼ਹਿਰ , 27 ਮਾਰਚ 2023 : ਜਾਬੀ ਸਾਹਿਤ ਸਭਾ ਖਟਕੜ ਕਲਾਂ (ਬੰਗਾ) ਵੱਲੋਂ ਪੰਜਾਬੀ ਵਿਭਾਗ, ਸਿੱਖ ਨੈਸ਼ਨਲ ਕਾਲਜ ਬੰਗਾ ਦੇ ਵਿਸ਼ੇਸ਼ ਸਹਿਯੋਗ ਨਾਲ ਸੰਜੀਦਾ ਗਾਇਕੀ ਦੀ ਦੁਪਹਿਰ ਕਰਵਾਈ ਗਈ। ਜਿਸ ਦੇ ਪ੍ਰਧਾਨਗੀ ਮੰਡਲ ਵਿੱਚ ਸ੍ਰੀ ਦੀਪਕ ਬਾਲੀ ਜਨਰਲ ਸਕੱਤਰ ਹਰਿਵੱਲਭ ਸੰਗੀਤ ਸਭਾ ਜਲੰਧਰ, ਪ੍ਰਿੰਸੀਪਲ ਡਾ. ਤਰਸੇਮ ਸਿੰਘ ਭਿੰਡਰ, ਪਰਵਾਸੀ ਪੰਜਾਬੀ ਜਸਵਿੰਦਰ ਮਜਾਰੀ, ਸਭਾ ਦੇ ਸਰਪ੍ਰਸਤ ਸ਼੍ਰੀ ਹਰਬੰਸ ਹੀਉਂ, ਪ੍ਰਧਾਨ ਸ਼੍ਰੀ ਮੋਹਣ ਬੀਕਾ ਅਤੇ ਡਾ. ਨਿਰਮਲਜੀਤ ਕੌਰ ਬਿਰਾਜਮਾਨ ਹੋਏ। ਸ੍ਰੀ ਬਰਜਿੰਦਰ ਸਿੰਘ ਹੁਸੈਨਪੁਰੀ ਸੰਸਥਾਪਕ ਨਰੋਆ ਪੰਜਾਬ ਨੇ ਮੁੱਖ ਮਹਿਮਾਨ ਵਜੋਂ, ਮੋਹਣ ਸਿੰਘ ਕੰਦੋਲਾ ਅਤੇ ਸਤਨਾਮ ਸਿੰਘ ਹੇੜ੍ਹੀਆਂ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਨੇ ਗਰੁੱਪ ਗੀਤ ਗਾ ਕੇ ਕੀਤੀ। ਇਸ ਉਪਰੰਤ ਕਾਲਜ ਦੇ ਉੱਭਰਦੇ ਗਾਇਕਾਂ ਪ੍ਰਭਸਿਮਰਨ, ਅਮਰਜੀਤ ਸਿੰਘ, ਇੰਦਰਪ੍ਰੀਤ ਕੌਰ, ਹਰਸ਼ ਬਸਰਾ ਅਤੇ ਮੁਬਾਰਕ ਅਲੀ ਨੇ ਆਪਣੀ ਗਾਇਕੀ ਨਾਲ ਖੂਬ ਰੰਗ ਬੰਨ੍ਹਿਆ। ਇਨ੍ਹਾਂ ਤੋਂ ਬਾਅਦ ਨਾਮਵਰ ਸੰਜੀਦਾ ਗਾਇਕ ਜਗੀਰ ਸਿੰਘ ਨੇ ਕਰੀਬ ਡੇਢ ਘੰਟਾ ਸਰੋਤਿਆਂ ਨੂੰ ਮੰਤਰ ਮੁਗਧ ਕਰੀ ਰੱਖਿਆ। ਜਗੀਰ ਸਿੰਘ ਨੇ ਲੋਕ ਰੰਗ ਤੇ ਕਲਾਸਿਕ ਗਾਇਕੀ ਸੁਣਾ ਕੇ ਕਮਾਲ ਕਰ ਦਿੱਤੀ। ਗਾਇਕੀ ਤੋਂ ਬਾਅਦ ਮੁੱਖ ਮਹਿਮਾਨ ਬਲਜਿੰਦਰ ਹੁਸੈਨਪੁਰੀ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਅਜਿਹੇ ਸਾਹਿਤਕ ਸਮਾਗਮ ਹੁੰਦੇ ਰਹਿਣੇ ਚਾਹੀਦੇ ਨੇ। ਉਨ੍ਹਾਂ ਨੇ ਆਪਣੀ ਸੰਸਥਾ ਦੇ ਸਮਾਜ ਭਲਾਈ ਸੰਬੰਧੀ ਕੰਮਾਂ ਬਾਰੇ ਵੀ ਚਾਨਣਾ ਪਾਇਆ। ਸਮਾਗਮ ਦੀ ਪ੍ਰਧਾਨਗੀ ਕਰ ਰਹੇ ਸ਼੍ਰੀ ਦੀਪਕ ਬਾਲੀ ਜੀ ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਸੰਜੀਦਾ ਸੰਗੀਤ ਅਤੇ ਸਾਹਿਤ ਜੀਵਨ ਦੇ ਇੰਡੈਕਸ ਵਿਚ ਪ੍ਰਮੁੱਖ ਤੌਰ ਤੇ ਸ਼ਾਮਿਲ ਹਨ । ਉਨ੍ਹਾਂ ਕਿਹਾ ਕਿ ਸੰਗੀਤ ਬਿਨ੍ਹਾਂ ਜ਼ਿੰਦਗੀ ਕਲਪਨਾ ਨਹੀਂ ਕੀਤੀ ਜਾ ਸਕਦੀ। ਡਾ. ਤਰਸੇਮ ਸਿੰਘ ਭਿੰਡਰ ਨੇ ਮਹਿਮਾਨਾਂ ਨੂੰ ਜੀ ਆਇਆ ਕਿਹਾ। ਹਰਬੰਸ ਹੀਉਂ ਨੇ ਸੱਭ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਤਲਵਿੰਦਰ ਸ਼ੇਰਗਿੱਲ ਨੇ ਬਾਖੂਬੀ ਕੀਤਾ। ਸਮਾਗਮ ਦੌਰਾਨ ਇਕਬਾਲ ਸਿੰਘ ਕਾਹਮਾ, ਦੀਪ ਕਲੇਰ, ਪਰਮਜੀਤ ਖੱਟੜਾ, ਤਲਵਿੰਦਰ ਸ਼ੇਰਗਿੱਲ, ਸ਼ਿੰਗਾਰਾ ਲੰਗੇਰੀ, ਕ੍ਰਿਸ਼ਨ ਹੀਉਂ, ਉਂਕਾਰ ਸਿੰਘ ਸਾਹਲੋਂ, ਸੰਦੀਪ ਨਈਅਰ, ਤਾਰਾ ਸਿੰਘ ਚੇੜਾ, ਸੇਵਾ ਸਿੰਘ ਨੂਰਪੁਰੀ, ਪ੍ਰੋ.ਤਜਿੰਦਰ ਸਿੰਘ, ਪ੍ਰੋ. ਗੁਰਪ੍ਰੀਤ ਸਿੰਘ, ਪ੍ਰੋ. ਪੂਜਾ, ਪ੍ਰੋ. ਹਰਪਾਲ ਕੌਰ, ਪ੍ਰੋ. ਰੂਬੀ ਰਾਏਪੁਰੀ ਆਦਿ ਨੇ ਸੰਜੀਦਾ ਗਾਇਕੀ ਦਾ ਆਨੰਦ ਮਾਣਿਆ।