ਬਕੈਣ ਵਾਲਾ ਵਿਚ ਰਾਹਤ ਕਾਰਜ ਲਈ ਪ੍ਰਾਪਤ ਦਾਨ ਦੀ ਸਹੀ ਵਰਤੋਂ ਲਈ ਕਮੇਟੀ ਗਠਿਤ
ਜੇਕਰ ਕੋਈ ਸੱਜਣ ਦਾਨ ਦੇਣਾ ਚਾਹੁੰਦਾ ਹੈ ਤਾਂ ਪੰਚਾਇਤ ਨੂੰ ਕਰ ਸਕਦਾ ਹੈ ਸੰਪਰਕ
ਫਾਜਿ਼ਲਕਾ, 27 ਮਾਰਚ 2023 : ਫਾਜਿ਼ਲਕਾ ਦੇ ਪਿੰਡ ਬਕੈਣ ਵਾਲਾ ਵਿਚ ਆਏ ਵੱਡੇ ਵਾਅ ਵਰੋਲੇ ਕਾਰਨ ਹੋਏ ਨੁਕਸਾਨ ਦੇ ਮੱਦੇਨਜਰ ਬਹੁਤ ਸਾਰੇ ਲੋਕ ਪਿੰਡ ਵਾਸੀਆਂ ਦੀ ਮਦਦ ਲਈ ਦਾਨ ਕਰਨ ਲਈ ਅੱਗੇ ਆ ਰਹੇ ਹਨ। ਇਸ ਲਈ ਜਿ਼ਲ੍ਹਾ ਪ੍ਰਸ਼ਾਸਨ ਵੱਲੋਂ ਦਾਨ ਵਿਚ ਇੱਕਤਰ ਹੋਣ ਵਾਲੀ ਰਕਮ ਦੀ ਸਹੀ ਵਰਤੋਂ ਯਕੀਨੀ ਬਣਾਉਣ ਲਈ ਇਕ ਕਮੇਟੀ ਦਾ ਗਠਨ ਵੀ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਨੇ ਦੱਸਿਆ ਕਿ ਜਿ਼ਲ੍ਹਾ ਪ੍ਰਸ਼ਾਸਨ ਵੱਲੋਂ ਮਕਾਨਾਂ ਅਤੇ ਫਸਲਾਂ ਦੇ ਹੋਏ ਨੁਕਸਾਨ ਦੀ ਰਿਪੋਰਟ ਤਿਆਰ ਕਰਕੇ ਸਰਕਾਰ ਨੂੰ ਭੇਜੀ ਜਾ ਰਹੀ ਹੈ ਅਤੇ ਪੰਜਾਬ ਸਰਕਾਰ ਵੱਲੋਂ ਪੀੜਤਾਂ ਨੂੰ ਯੋਗ ਮੁਆਵਜਾ ਦਿੱਤਾ ਜਾਵੇਗਾ। ਪਰ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਬਹੁਤ ਸਾਰੇ ਦਾਨਵੀਰ ਅੱਗੇ ਆ ਰਹੇ ਹਨ। ਇਸ ਲਈ ਕਮੇਟੀ ਬਣਾਈ ਗਈ ਹੈ ਜਿਸ ਦੀ ਦੇਖਰੇਖ ਵਿਚ ਦਾਨ ਵਿਚ ਪ੍ਰਾਪਤ ਹੋਣ ਵਾਲੀ ਰਕਮ ਪਿੰਡ ਵਿਚ ਰਾਹਤ ਕਾਰਜਾਂ ਦੇ ਖਰਚ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਜ਼ੇਕਰ ਕੋਈ ਸੱਜਣ ਪਿੰਡ ਬਕੈਣ ਵਾਲਾ ਲਈ ਰਾਹਤ ਕਾਰਜਾਂ ਲਈ ਕੋਈ ਦਾਨ ਦੇਣਾ ਚਾਹੁੰਦਾ ਹੈ ਤਾਂ ਪਿੰਡ ਦੇ ਸਰਪੰਚ ਦੇ ਮਾਰਫ਼ਤ ਇਸ ਕਮੇਟੀ ਨੂੰ ਦਾਨ ਦੇ ਸਕਦਾ ਹੈ। ਉਨ੍ਹਾਂ ਨੇ ਇਹ ਵੀ ਅਪੀਲ ਕੀਤੀ ਕਿ ਦਾਨ ਦੀ ਰਕਮ ਚੈਕ ਜਾਂ ਡਿਮਾਂਡ ਡਰਾਫਟ ਰਾਹੀਂ ਦੇਣ ਨੂੰ ਤਰਜੀਹ ਦਿੱਤੀ ਜਾਵੇ।
ਦੂਜ਼ੇ ਪਾਸੇ ਪਿੰਡ ਵਿਚ ਜਿ਼ਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਜਿੰਨ੍ਹਾਂ ਲੋਕਾਂ ਦੇ ਘਰ ਤਬਾਹ ਹੋ ਗਏ ਸਨ ਉਨ੍ਹਾਂ ਦੇ ਮਕਾਨ ਮੁੜ ਖੜੇ ਕਰਨ ਲਈ ਨਿਰਮਾਣ ਕਾਰਜ ਸ਼ੁਰੂ ਹੋ ਗਏ ਹਨ। ਪਿੰਡ ਦੇ ਸਰਪੰਚ ਹਰਜਿੰਦਰ ਕੁਮਾਰ ਨੇ ਦੱਸਿਆ ਕਿ ਹੁਣ ਤੱਕ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਆਪਣੀ ਇਕ ਮਹੀਨੇ ਦੀ ਤਨਖਾਹ 83 ਹਜਾਰ ਰੁਪਏ, ਡਿਪਟੀ ਕਮਿਸ਼ਨਰ ਫਾਜਿ਼ਲਕਾ ਡਾ: ਸੇਨੂ ਦੁੱਗਲ ਨੇ ਆਪਣੀ ਤਨਖਾਹ ਵਿਚੋਂ 25 ਹਜਾਰ ਰੁਪਏ ਦਿੱਤੇ ਹਨ। ਇਸੇ ਤਰਾਂ ਤਹਿਸੀਲਦਾਰ ਸੁਖਦੇਵ ਸਿੰਘ ਨੇ 50 ਹਜਾਰ ਅਤੇ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਦੇ ਦਫ਼ਤਰ ਦੇ ਸਮੂਹ ਸਟਾਫ ਵੱਲੋਂ 50 ਹਜਾਰ ਰੁਪਏ ਦੀ ਮਦਦ ਦਿੱਤੀ ਗਈ ਹੈ। ਇਸ ਤੋਂ ਬਿਨ੍ਹਾਂ ਕੁਝ ਹੋਰ ਲੋਕਾਂ ਨੇ ਵੀ ਦਾਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਹਿਯੋਗ ਨਾਲ ਪਿੰਡ ਵਿਚ ਮੁੜ ਮਕਾਨ ਬਣਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਉਨ੍ਹਾਂ ਨੇ ਔਖੇ ਸਮੇਂ ਵਿਚ ਪਿੰਡ ਵਾਸੀਆਂ ਦਾ ਸਹਿਯੋਗ ਕਰਨ ਲਈ ਦਾਨਵੀਰਾਂ ਦਾ ਧੰਨਵਾਦ ਕੀਤਾ ਹੈ।