ਐਡਵਾਂਸਡ ਕੈਂਸਰ ਇੰਸਟੀਚਿਊਟ ਬਾਇਓ ਕੈਮੀਕਲ ਆਟੋਮੈਟਿਕ ਐਨਾਲਾਈਜ਼ਰ ਮਸ਼ੀਨ ਦੀ ਸ਼ੁਰੂਆਤ
ਅਸ਼ੋਕ ਵਰਮਾ
ਬਠਿੰਡਾ, 27 ਮਾਰਚ 2023 : ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਅੱਜ ਇੱਥੇ ਐਡਵਾਂਸਡ ਕੈਂਸਰ ਇੰਸਟੀਚਿਊਟ ਵਿਖੇ 10 ਲੱਖ ਰੁਪਏ ਦੀ ਕੀਮਤ ਵਾਲੀ ਬਾਇਚ ਕੈਮੀਕਲ ਆਟੋਮੈਟਿਕ ਐਨਾਲਾਈਜ਼ਰ ਮਸ਼ੀਨ ਦੀ ਸ਼ੁਰੂਆਤ ਕੀਤੀ ਗਈ। ਇਕੋ ਸਮੇਂ ਹੀ 200 ਵੱਖ-ਵੱਖ ਤਰ੍ਹਾਂ ਦੇ ਟੈਸਟ ਕਰਨ ਵਾਲੀ ਇਹ ਆਟੋਮੈਟਿਕ ਮਸ਼ੀਨ ਜਨਾ ਸਮਾਰਟ ਫ਼ਾਈਨਸ ਬੈਂਕ ਵੱਲੋਂ ਭੇਂਟ ਕੀਤੀ ਗਈ ਹੈ। ਇਸ ਮੌਕੇ ਬੈਂਕ ਦੇ ਐਸੋਸੀਏਟ ਵਾਈਸ ਪ੍ਰਧਾਨ ਸ੍ਰੀ ਅਨਿੱਲ ਖੁਰਾਣਾ ਤੇ ਐਡਵਾਂਸਡ ਕੈਂਸਰ ਇੰਸਟੀਚਿਊਟ ਦੇ ਡਾਇਰੈਕਟਰ ਡਾ. ਦੀਪਕ ਅਰੋੜਾ ਵੀ ਮੌਜੂਦ ਰਹੇ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਜਨਾ ਸਮਾਰਟ ਫ਼ਾਈਨਸ ਬੈਂਕ ਵੱਲੋਂ ਕੀਤੇ ਗਏ ਇਸ ਨੇਕ ਉਪਰਾਲੇ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਇਸ ਮਸ਼ੀਨ ਰਾਹੀਂ ਬਠਿੰਡਾ ਸਮੇਤ ਇਸ ਇਲਾਕੇ ਦੇ ਪੀੜ੍ਹਤ ਲੋਕ ਆਪਣੇ ਸੈਂਪਲ ਕਰਵਾ ਕੇ ਇਸ ਦਾ ਲਾਭ ਲੈ ਸਕਣਗੇ।
ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਇਹ ਆਧੁਨਿਕ ਮਸ਼ੀਨ ਇੱਥੇ ਨਾ ਹੋਣ ਕਾਰਣ ਪਹਿਲਾਂ ਬਠਿੰਡਾ ਤੇ ਆਸ-ਪਾਸ ਦੇ ਪ੍ਰਭਾਵਿਤ ਲੋਕਾਂ ਨੂੰ ਟੈਸਟ ਕਰਵਾਉਣ ਲਈ ਜਾਂ ਤਾਂ ਦੂਰ-ਦੁਰਾਡੇ ਸ਼ਹਿਰਾਂ ਵਿੱਚ ਜਾਣਾ ਪੈਂਦਾ ਸੀ ਜਾਂ ਫ਼ਿਰ ਭਾਰੀ ਫ਼ੀਸ ਭਰ ਕੇ ਟੈਸਟ ਕਰਵਾਉਣੇ ਪੈਂਦੇ ਸਨ। ਗਰੀਬ ਲੋਕਾਂ ਨੂੰ ਫ਼ੀਸ ਨਾ ਭਰਨ ਕਰਕੇ ਕਾਫ਼ੀ ਮੁਸਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਉਨ੍ਹਾਂ ਕਿਹਾ ਕਿ ਹੁਣ ਇੱਥੇ ਇਸ ਆਧੁਨਿਕ ਮਸ਼ੀਨ ਦੇ ਸਥਾਪਿਤ ਹੋਣ ਨਾਲ ਖਾਸ ਤੌਰ ਤੇ ਗਰੀਬ ਵਰਗ ਦੇ ਲੋਕਾਂ ਨੂੰ ਇਸ ਦਾ ਬਹੁਤ ਫਾਇਦਾ ਹੋਵੇਗਾ।
ਇਸ ਦੌਰਾਨ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਵੱਲੋਂ ਇੰਸਟੀਚਿਊਟ ਦੇ ਡਾਕਟਰੀ ਸਟਾਫ਼ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਵੀ ਜਾਣਿਆ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਵਿਸ਼ਵਾਸ਼ ਵੀ ਦਵਾਇਆ। ਇਸ ਉਪਰੰਤ ਡਿਪਟੀ ਕਮਿਸ਼ਨਰ ਵੱਲੋਂ ਇੰਸਟੀਚਿਊਟ ਦੇ ਵੱਖ-ਵੱਖ ਵਾਰਡਾਂ ਦਾ ਦੌਰਾ ਕਰਕੇ ਮਰੀਜ਼ਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦਾ ਵੀ ਹਾਲ-ਚਾਲ ਪੁੱਛਿਆ ਗਿਆ।
ਇਸ ਮੌਕੇ ਐਡਵਾਂਸਡ ਕੈਂਸਰ ਇੰਸਟੀਚਿਊਟ ਦੇ ਸਮੂਹ ਡਾਕਟਰੀ ਸਟਾਫ਼ ਤੋਂ ਇਲਾਵਾ ਜਨਾ ਬੈਂਕ ਦੇ ਸਥਾਨਕ ਸੀਨੀਅਰ ਬ੍ਰਾਂਚ ਮੈਨੇਜਰ ਸ੍ਰੀ ਮੁਕੇਸ਼ ਸਚਦੇਵਾ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।