ਬੰਦ ਪਏ ਵਿਕਾਸ ਕਾਰਜਾਂ ਨੂੰ ਸ਼ੁਰੂ ਕਰਵਾਉਣ ਲਈ ਕੌਸਲਰਾਂ ਦਾ ਵਫਦ ਅਧਿਕਾਰੀਆਂ ਨੂੰ ਮਿਲਿਆ
ਜਗਰਾਂਓ, 27 ਮਾਰਚ 2023 (ਦੀਪਕ ਜੈਨ ): ਪਿਛਲੇ ਲੰਬੇ ਸਮੇਂ ਤੋਂ ਜਗਰਾਉਂ ਸ਼ਹਿਰ ਦੇ ਕਈ ਵਾਰਡਾਂ ਵਿੱਚ ਰਾਜਨੀਤਿਕ ਬਦਲਾਖੋਰੀ ਅਤੇ ਠੇਕੇਦਾਰਾਂ ਦੀਆਂ ਮਨਮਰਜੀਆਂ ਕਾਰਣ ਵਿਕਾਸ ਕਾਰਜ ਪੂਰੀ ਤਰ੍ਹਾਂ ਠੱਪ ਪਏ ਹਨ। ਇਨ੍ਹਾਂ ਵਿਕਾਸ ਕਾਰਜਾਂ ਨੂੰ ਸ਼ੁਰੂ ਕਰਵਾਉਣ ਲਈ ਵੱਡੀ ਗਿਣਤੀ ਵਿੱਚ ਕੌਸਲਰਾਂ ਦਾ ਵਫਦ ਅੱਜ ਨਗਰ ਕੌਸਲ ਜਗਰਾਉਂ ਦੇ ਐਮ.ਈ. ਮੁਕੇਸ ਕੁਮਾਰ ਅਤੇ ਐਸ.ਓ. ਅਸ਼ੋਕ ਕੁਮਾਰ ਨੂੰ ਮਿਲਿਆ। ਇਸ ਸਮੇਂ ਸਾਬਕਾ ਕੌਸਲਰ ਰਵਿੰਦਰ ਸੱਭਰਵਾਲ ਫੀਨਾ ਨੇ ਦੱਸਿਆ ਕਿ ਕਰੀਬ ਡੇਢ ਸਾਲ ਪਹਿਲਾ ਲਗਾਏ ਗਏ ਟੈਡਰਾਂ ਵਿੱਚ ਉਨ੍ਹਾਂ ਦੇ ਵਾਰਡ ਨੰਬਰ 13 ਦੇ ਲੱਪੇ ਸਾਹ ਚੌਕ ਤੋਂ ਲੈ ਕੇ ਸ਼ਿਲਪਾ ਬਿਊਟੀ ਪਾਰਲਰ ਤੱਕ ਸੜਕ ਦਾ ਕੰਮ ਪਾਸ ਕਰਵਾਇਆ ਗਿਆ ਸੀ। ਜਿਸ ਦੇ ਬਾਅਦ ਨਗਰ ਕੌਸਲ ਵਿੱਚ ਲੰਬੇ ਸਮੇਂ ਤੋਂ ਜੱਦੋ-ਜਹਿਦ ਤੋਂ ਬਾਅਦ ਠੇਕੇਦਾਰ ਹਰਵਿੰਦਰ ਸਿੰਘ ਚਾਵਲਾ ਵੱਲੋਂ ਕਰੀਬ 2 ਮਹੀਨੇ ਪਹਿਲਾ ਉਕਤ ਸੜਕ ਦਾ ਕੰਮ ਸ਼ੁਰੂ ਕੀਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਅਤੇ ਏ.ਡੀ.ਸੀ. ਅਨੀਤਾ ਦਰਸ਼ੀ ਦੇ ਦਖਲ ਕਾਰਣ ਸ਼ੁਰੂ ਹੋਏ। ਇਸ ਸੜਕ ਦੇ ਕੰਮ ਕਾਰਣ ਜਿੱਥੇ ਵਾਰਡ ਕੌਂਸਲਰ ਅਤੇ ਲੋਕਾਂ ਨੂੰ ਰਾਹਤ ਮਿਲਣ ਦੀ ਉਮੀਦ ਸੀ ਪਰ ਠੇਕੇਦਾਰ ਵੱਲੌਂ ਸੜਕ ਪੁੱਟ ਕੇ ਇੰਟਰਲਾਕ ਟਾਇਲਾਂ ਲਗਾਉਣ ਦੀ ਥਾਂ ਕੰਮ ਅਧੂਰਾ ਛੱਡਣ ਕਾਰਣ ਲੋਕਾਂ ਨੂੰ ਭਾਰੀ ਦਿਕੱਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਠੇਕੇਦਾਰ ਨੂੰ ਉਕਤ ਕੰਮ ਦੁਬਾਰਾ ਸ਼ੁਰੂ ਕਰਨ ਲਈ ਕਈ ਵਾਰ ਕਹਿਣ ਦੇ ਬਾਵਜੂਦ ਵੀ ਉਸ ਵੱਲੋਂ ਸਿਰਫ ਬਹਾਨੇ ਲਗਾ ਕੇ ਹੀ ਸਾਰ ਦਿੱਤਾ ਜਾਂਦਾ ਹੈ। ਇਸ ਦੌਰਾਨ ਵਾਰਡ ਨੰਬਰ 3 ਦੇ ਕੌਸਲਰ ਰਜਿੰਦਰ ਕੌਰ ਠੁਕਰਾਲ ਅਤੇ ਵਾਰਡ ਨੰਬਰ 7 ਦੀ ਕੌਂਸਲਰ ਪ੍ਰਮਿੰਦਰ ਕੌਰ ਦੇ ਪਤੀ ਵਿਨੈ ਕਲਿਆਣ ਨੇ ਵੀ ਆਪਣਾ ਦੁੱਖੜਾਂ ਸਣਾਉਂਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਵਾਰਡਾਂ ਵਿੱਚ ਵੀ ਠੇਕੇਦਾਰਾਂ ਵੱਲੋਂ ਸੜਕਾਂ ਪੁੱਟ ਕੇ ਨਵੀਆਂ ਬਣਾਉਣ ਦੀ ਥਾਂ ਕੰੰਮ ਅਧੂਰੇ ਛੱਡੇ ਗਏ ਹਨ। ਜਿਸ ਕਾਰਣ ਵਾਰਡ ਵਾਸੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਨ੍ਹਾਂ ਕਿਹਾ ਕਿ ਸੜਕਾਂ ਦਾ ਕੰਮ ਪੂਰਾ ਕਰਨ ਦੀ ਥਾਂ ਠੇਕੇਦਾਰਾਂ ਅਤੇ ਨਗਰ ਕੌਂਸਲ ਅਧਿਕਾਰੀਆਂ ਵੱਲੋਂ ਲਾਰੇ ਲਗਾ ਕੇ ਡੰਗ ਟਪਾਇਆ ਜਾ ਰਿਹਾ ਹੈ। ਜਿਸ ਦੌਰਾਨ ਵਾਰਡ ਨੰਬਰ 17 ਦੇ ਕੌਂਸਲਰ ਨੇ ਦੱਸਿਆ ਕਿ ਉਨ੍ਹਾਂ ਦੇ ਵਾਰਡ ਵਿੱਚ ਪਾਸ ਕਰਵਾਏ ਗਏ ਵਿਕਾਸ ਕਾਰਜ ਵੀ ਠੇਕੇਦਾਰਾਂ ਵੱਲੋਂ ਸ਼ੁਰੂ ਨਹੀਂ ਕੀਤੇ ਜਾ ਰਹੇ। ਇਸੇ ਤਰ੍ਹਾਂ ਵਾਰਡ ਨੰਬਰ 8 ਦੇ ਕੌਂਸਲਰ ਕੰਵਰਪਾਲ ਸਿੰਘ ਨੇ ਦੱਸਿਆ ਕਿ ਨਗਰ ਕੌਸਲ ਵਿੱਚ ਕਾਬਜ ਸੱਤਾਧਾਰੀ ਧਿਰ ਦੀ ਦਖਲਅੰਦਾਜੀ ਕਾਰਣ ਉਨ੍ਹਾਂ ਦੇ ਵਾਰਡ ਵਿੱਚ ਪਾਸ ਕਰਵਾਏ ਗਏ ਵਿਕਾਸ ਕਾਰਜਾਂ ਦੇ ਟੈਂਡਰ ਵੀ ਅਜੇ ਤੱਕ ਨਹੀਂ ਲਗਾਏ ਗਏ।
ਇਸ ਦੌਰਾਨ ਕੌਸਲਰ ਸ਼ਤੀਸ ਕੁਮਾਰ ਦੌਧਰੀਆਂ, ਕੌਂਸਲਰ ਅਰਮਜੀਤ ਸਿੰਘ ਮਾਲਵਾ, ਕੌਂਸਲਰ ਜਗਜੀਤ ਸਿੰਘ ਜੱਗੀ, ਕੌਂਸਲਰ ਅਨਮੋਲ ਗੁਪਤਾ, ਰਾਜ ਭਾਰਦਵਾਜ, ਸੰਜੀਵ ਕੱਕੜ, ਵਰਿੰਦਰ ਸਿੰਘ ਕਲੇਰ ਅਤੇ ਸਾਬਕਾ ਕੌਂਸਲਰ ਕਰਮਜੀਤ ਸਿੰਘ ਕੈਂਥ, ਸਾਜਨ ਮਲੋਹਤਰਾ ਨੇ ਵੀ ਵਾਰਡਾਂ ਦੀਆਂ ਵੱਖ-ਵੱਖ ਸਮੱਸਿਆਵਾਂ ਨਗਰ ਕੌਸਲ ਅਧਿਕਾਰੀਆਂ ਨੂੰ ਦੱਸੀਆਂ। ਉਨ੍ਹਾਂ ਕਿਹਾ ਕਿ ਰਾਜਨੀਤਿਕ ਬਦਲਾਖੋਰੀ ਕਾਰਣ ਨਗਰ ਕੌਂਸਲ ਦੀ ਸੱਤਾਧਾਰੀ ਧਿਰ ਵੱਲੋਂ ਵਿਕਾਸ ਕਾਰਜਾਂ ਵਿੱਚ ਜਾਣ ਬੁੱਝ ਕੇ ਅੜਿੱਕਾ ਪਾਇਆ ਜਾ ਰਿਹਾ ਹੈ।