← ਪਿਛੇ ਪਰਤੋ
ਮਾਮਲਾ ਵਿਦਿਆਰਥੀਆਂ ਦੇ ਫਰਜੀ ਰੋਲ ਨੰਬਰ ਦਾ, ਵਿਦਿਆਰਥੀਆਂ ਵਿਚ ਰੋਸ ਵਿਧਾਇਕ ਮਾਣੂਕੇ ਨੇ ਕੀਤੀ ਮੁੱਖਮੰਤਰੀ ਨਾਲ ਮੀਟਿੰਗ ਜਗਰਾਉਂ, 27 ਮਾਰਚ 2023 (ਦੀਪਕ ਜੈਨ) :- ਨੇੜਲੇ ਪਿੰਡ ਕਾਉਕੇ ਕਲਾਂ ਵਿਖੇ ਸਥਿੱਤ ਇੱਕ ਨਿੱਜੀ ਸਕੂਲ ਵੱਲੋਂ ਸਕੂਲ ਦੀ ਦਸਵੀਂ ਜਮਾਤ ਵਿਚ ਪੜ੍ਹਨ ਵਾਲੇ 26 ਵਿਦਿਆਰਥੀਆਂ ਨੂੰ ਕਾਗਜ਼ ਉਪਰ ਫ਼ਰਜ਼ੀ ਰੋਲ ਨੰਬਰ ਲਿਖ ਕੇ ਦਿੱਤੇ ਜਾਣ ਦੇ ਚਲਦਿਆਂ ਹੀ ਪਿੰਡ ਕਾਉਕੇ ਕਲਾ ਦੇ ਨਿਜੀ ਸਕੂਲ ਵਿਚ ਪੜ੍ਹਨ ਵਾਲੇ 26 ਵਿਦਿਆਰਥੀ ਅੱਜ ਸੋਮਵਾਰ 27 ਮਾਰਚ ਨੂੰ ਹੋਣ ਵਾਲਾ ਆਪਣਾ ਦੂਸਰਾ ਪੇਪਰ ਦੇਣ ਤੋਂ ਵੀ ਵਾਂਝੇ ਰਹਿ ਗਏ ਜਿਸ ਦੇ ਚਲਦਿਆਂ ਸਕੂਲ ਵਿਚ ਪੜ੍ਹਨ ਵਾਲੇ 26 ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਵੱਲੋਂ ਸਕੂਲ ਵਿੱਚ ਇੱਕਠੇ ਹੁੰਦੀਆਂ ਸਕੂਲ਼ ਦਾ ਘੇਰਾਵ ਕਰ ਆਪਣਾ ਰੋਸ ਪ੍ਰਗਟ ਕੀਤਾ ਗਿਆ। ਉਥੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇਸ ਮਾਮਲੇ ਵਿਚ ਦਖਲ ਦੇ ਕੇ ਜਿੱਥੇ ਉਨ੍ਹਾਂ ਦੇ ਇੱਕ ਸਾਲ ਦੀ ਮਿਹਨਤ ਨੂੰ ਧਿਆਨ ਵਿੱਚ ਰੱਖਦਿਆਂ ਵਿਦਿਆਰਥੀਆਂ ਦਾ ਪੇਪਰ ਲੈਣ ਦੀ ਗੱਲ ਆਖੀ ਹੈ ਉੱਥੇ ਹੀ ਬੱਚਿਆਂ ਦੇ ਭਵਿੱਖ ਨੂੰ ਦਾਅ ਉਪਰ ਲਾਉਣ ਵਾਲੇ ਪਿੰਡ ਦੇ ਪ੍ਰਾਈਵੇਟ ਸਕੂਲ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਦੱਸ ਦਈਏ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਜਮਾਤ ਦੀ ਪ੍ਰੀਖਿਆ 24 ਮਾਰਚ ਤੋਂ ਸ਼ੁਰੂ ਕੀਤੀ ਗਈ ਸੀ। ਸਿੱਖਿਆ ਬੋਰਡ ਵੱਲੋਂ ਐਲਾਨ ਕੀਤੀ ਗਈ 24 ਮਾਰਚ ਦੀ ਤਰੀਕ ਨੂੰ ਜਦੋਂ ਪਿੰਡ ਕਾਉਂਕੇ ਕਲਾਂ ਦੇ ਸ੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਵਿਖੇ ਪੜ੍ਹਨ ਵਾਲੇ 26 ਵਿਦਿਆਰਥੀ ਜਗਰਾਉ ਦੇ ਇੱਕ ਸਕੂਲ ਵਿੱਚ ਬਣੇ ਆਪਣੇ ਸੈਂਟਰ ਵਿੱਚ ਆਪਣੀ 10 ਵੀਂ ਜਮਾਤ ਦੀ ਪ੍ਰੀਖਿਆ ਦਾ ਪੇਪਰ ਦੇਣ ਆਏ ਤਾਂ ਪ੍ਰੀਖਿਆ ਲੈਣ ਵਾਲੇ ਸਟਾਫ ਵੱਲੋਂ ਉਨ੍ਹਾਂ ਨੂੰ ਇਹ ਕਹਿ ਕੇ ਪੇਪਰ ਦੇਣ ਲਈ ਪ੍ਰੀਖਿਆ ਹਾਲ ਵਿੱਚ ਦਾਖਲ ਨਹੀਂ ਹੋਣ ਦਿੱਤਾ ਗਿਆ ਕਿ ਉਨ੍ਹਾਂ ਵੱਲੋਂ ਮੌਕੇ ਤੇ ਮੌਜੂਦ ਅਧਿਕਾਰੀਆਂ ਨੂੰ ਜੋ ਰੋਲ ਨੰਬਰ ਦਿਖਾਏ ਜਾ ਰਹੇ ਹਨ ਉਹ ਫਰਜ਼ੀ ਹਨ। ਜਿਸ ਤੋਂ ਬਾਅਦ ਵਿਦਿਆਰਥੀਆਂ ਦੇ ਪੈਰਾਂ ਥੱਲਿਉਂ ਜ਼ਮੀਨ ਖਿਸਕ ਗਈ ਅਤੇ ਓਨਾ ਆਪਣੇ ਨਾਲ ਬੀਤੀ ਸਾਰੀ ਘਟਨਾ ਦੀ ਜਾਣਕਾਰੀ ਆਪਣੇ ਮਾਤਾ ਪਿਤਾ ਨੂੰ ਦਿੱਤੀ। ਜਿਸ ਤੋਂ ਬਾਅਦ ਬੱਚਿਆਂ ਦੇ ਮਾਤਾ-ਪਿਤਾ ਵੀ ਜਗਰਾਉਂ ਵਿਖੇ ਬਣੇ ਆਪਣੇ ਬੱਚਿਆਂ ਦੇ ਸੈਂਟਰ ਵਿਖੇ ਪਹੁੰਚੇ ਅਤੇ ਕਾਫੀ ਪਰੇਸ਼ਾਨ ਹੋਏ। ਵਿਦਿਆਰਥੀਆਂ ਦੇ ਮਾਪਿਆਂ ਨੇ ਆਪਣੇ ਬੱਚਿਆਂ ਸਮੇਤ ਇਸ ਪੂਰੀ ਘਟਨਾ ਦੀ ਜਾਣਕਾਰੀ ਦੇਣ ਲਈ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂਕੇ ਨੂੰ ਦਿੱਤੀ। ਵਿਧਾਇਕ ਮਾਣੂਕੇ ਵੱਲੋਂ ਇਸ ਪੂਰੇ ਮਾਮਲੇ ਦੀ ਜਾਣਕਾਰੀ ਪੰਜਾਬ ਦੇ ਸਿੱਖਿਆ ਮੰਤਰੀ ਨਾਲ ਫੋਨ ਤੇ ਰਾਬਤਾ ਕਾਇਮ ਕਰ ਦਿੱਤੀ ਗਈ ਅਤੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਭਰੋਸਾ ਦਵਾਇਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਇਸ ਮਾਮਲੇ ਵਿੱਚ ਜਾਂਚ ਕਰਨ ਤੋਂ ਬਾਅਦ ਜਿੱਥੇ ਸਕੂਲ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਉਥੇ ਹੀ ਉਨ੍ਹਾਂ ਦੇ ਬੱਚਿਆਂ ਦੇ ਭਵਿੱਖ ਨੂੰ ਮੁੱਖ ਰੱਖਦਿਆਂ ਬੱਚਿਆਂ ਦੀ ਇੱਕ ਸਾਲ ਦੀ ਕਰੜੀ ਮਿਹਨਤ ਨੂੰ ਬਚਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਦੱਸ ਦਈਏ ਕਿ ਇਸ ਮਾਮਲੇ ਚ ਪ੍ਰਾਈਵੇਟ ਸਕੂਲ ਦੇ ਵਿਦਿਆਰਥੀਆਂ ਤੇ ਉਨਾਂ ਦੇ ਮਾਪਿਆਂ ਵੱਲੋਂ ਇੱਕ ਲਿਖਤ ਸ਼ਿਕਾਇਤ ਐਸ. ਐਸ. ਪੀ. ਲੁਧਿਆਣਾ (ਦਿਹਾਤੀ) ਨੂੰ ਦਿੰਦਿਆਂ ਸਕੂਲ ਪ੍ਰਿੰਸੀਪਲ ਅਤੇ ਚੇਅਰਮੈਨ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ।ਡੀ. ਐਸ. ਪੀ. ਹਰਦੀਪ ਸਿੰਘ ਚੀਮਾ ਮਾਮਲੇ ਦੀ ਜਾਂਚ ਕਰਨ ਨਿੱਜੀ ਸਕੂਲ ਪਹੁੰਚੇ ਅਤੇ ਆਪਣਾ ਰੋਸ ਵਿਅਕਤ ਕਰ ਰਹੇ ਸਕੂਲ ਦੇ 26 ਵਿਦਿਆਰਥੀਆਂ ਤੇ ਉਨਾਂ ਦੇ ਮਾਪਿਆਂ ਨਾਲ ਗੱਲਬਾਤ ਕਰਦਿਆਂ ਉਹਨਾਂ ਨੂੰ ਭਰੋਸਾ ਕਿ ਦੋਸ਼ੀ ਪਾਏ ਜਾਣ ਤੇ ਸਕੂਲ ਪ੍ਰਬੰਧਕ, ਪ੍ਰਿੰਸੀਪਲ ਜਾਂ ਹੋਰ ਜੋ ਵੀ ਲੋਕ ਸ਼ਾਮਲ ਹੋਣਗੇ ਉਨ੍ਹਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀ. ਐਸ. ਪੀ. ਹਰਦੀਪ ਸਿੰਘ ਚੀਮਾ ਨੇ ਆਖਿਆ ਕਿ ਸਕੂਲ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਇਕ ਸ਼ਿਕਾਇਤ ਪੁਲਿਸ ਜਿਲਾ ਲੁਧਿਆਣਾ ਦਿਹਾਤੀ ਦੇ ਐਸ. ਐਸ. ਪੀ. ਨਵਨੀਤ ਸਿੰਘ ਬੈਂਸ ਨੂੰ ਦਿੱਤੀ ਗਈ ਸੀ ਜਿਸ ਤੋਂ ਬਾਅਦ ਉਹ ਇਸ ਮਾਮਲੇ ਦੀ ਜਾਂਚ ਕਰਨ ਲਈ ਸਕੂਲ ਵਿੱਚ ਪਹੁੰਚੇ ਹਨ। ਉਹਨਾਂ ਦੱਸਿਆ ਕਿ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਦੱਸਿਆ ਗਿਆ ਸੀ ਕਿ ਪਿੰਡ ਕਾਉਕੇ ਕਲਾ ਦੇ ਸ੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਵਿਖੇ ਦਸਵੀਂ ਜਮਾਤ ਵਿੱਚ ਪੜ੍ਹਨ ਵਾਲੇ 26 ਵਿਦਿਆਰਥੀਆਂ ਦੇ ਸਲਾਨਾ ਪੇਪਰ ਸ਼ੁਰੂ ਹੋਣ ਤੇ ਜਦੋਂ ਉਹ ਆਪਣੇ ਸੈਂਟਰ ਵਿੱਚ ਪੇਪਰ ਦੇਣ ਗਏ ਤਾਂ ਉਹਨਾਂ ਦੇ ਰੋਲ ਨੰਬਰ ਮੌਜੂਦ ਨਹੀਂ ਸਨ ਜਿਸ ਕਾਰਨ ਉਨ੍ਹਾਂ ਦੇ ਬੱਚੇ ਆਪਣਾ ਦਸਵੀਂ ਜਮਾਤ ਦਾ ਪੇਪਰ ਨਹੀਂ ਦੇ ਸਕੇ। ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਪੂਰੇ ਮਾਮਲੇ ਬਾਰੇ ਸਕੂਲ ਪ੍ਰਿੰਸੀਪਲ ਅਤੇ ਸਕੂਲ ਚੇਅਰਮੈਨ ਨੇ ਗੱਲਬਾਤ ਕੀਤੀ। ਬੱਚਿਆਂ ਦੇ ਭਵਿੱਖ ਨੂੰ ਲੈ ਕੇ ਹਲਕਾ ਵਿਧਾਇਕ ਮਾਣੂਕੇ ਨੇ ਮੁੱਖ ਮੰਤਰੀ ਮਾਨ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਜਦੋਂ ਇਸ ਪੂਰੇ ਮਾਮਲੇ ਬਾਰੇ ਜਾਣਕਾਰੀ ਲੈਣ ਲਈ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂਕੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਆਖਿਆ ਕਿ ਉਹ ਪਿੰਡ ਕਾਉਂਕੇ ਕਲਾਂ ਦੇ ਸਕੂਲ ਵਿੱਚ ਪੜ੍ਹਨ ਵਾਲੇ 26 ਬੱਚਿਆਂ ਦੇ ਭਵਿੱਖ ਨੂੰ ਲੈ ਕੇ ਕਾਫ਼ੀ ਗੰਭੀਰ ਹਨ ਅਤੇ ਉਨ੍ਹਾਂ ਨੇ ਇਸ ਵਿਸ਼ੇ ਤੇ ਕੁਝ ਸਮਾਂ ਪਹਿਲਾਂ ਹੀ ਪੰਜਾਬ ਦੇ ਮੁਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਵਿਸ਼ੇਸ਼ ਮੀਟਿੰਗ ਕਰ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਹੈ ਅਤੇ ਉਨਾਂ ਦੀ ਪਹਿਲ ਹੈ ਕਿ ਬੱਚਿਆਂ ਦੀ ਇੱਕ ਸਾਲ ਦੀ ਕੜੀ ਮਿਹਨਤ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਉਹਨਾਂ ਦਾ ਇੱਕ ਸਾਲ ਬਰਬਾਦ ਹੋਣ ਤੋਂ ਬਚਾਇਆ ਜਾਵੇ ਅਤੇ ਬੱਚਿਆਂ ਦੇ ਪੇਪਰ ਪਹਿਲ ਦੇ ਅਧਾਰ ਤੇ ਦਿਵਾਏ ਜਾ ਸਕਣ। ਉਨ੍ਹਾਂ ਆਖਿਆ ਕਿ ਉਹ ਇਸ ਵਿਸ਼ੇ ਤੇ ਪੰਜਾਬ ਦੇ ਸਿੱਖਿਆ ਮੰਤਰੀ ਨਾਲ ਮਿਲਕੇ ਵੀ ਇਸ ਮਾਮਲੇ ਤੇ ਗੱਲਬਾਤ ਕਰਨ ਜਾ ਰਹੇ ਹਨ ।
Total Responses : 507