ਪੰਜਾਬੀ ਯੂਨੀਵਰਸਿਟੀ ਬਚਾਓ ਮੋਰਚੇ ਵੱਲੋਂ 6 ਅਪ੍ਰੈਲ ਨੂੰ ਉੱਚ ਵਿਦਿਅਕ ਅਦਾਰਿਆਂ ‘ਚ ਮੁਕੰਮਲ ਬੰਦ ਦਾ ਸੱਦਾ
ਪਟਿਆਲਾ 27 ਮਾਰਚ 2023 : ਪੰਜਾਬੀ ਯੂਨੀਵਰਸਿਟੀ ਦੇ ਮੇਨ ਗੇਟ ਉੱਤੇ ਅੱਜ 15ਵੇਂ ਦਿਨ ਵੀ ‘ਪੰਜਾਬੀ ਯੂਨੀਵਰਸਿਟੀ ਬਚਾਓ ਮੋਰਚੇ’ ਵੱਲੋਂ ਯੂਨੀਵਰਸਿਟੀ ਦੀ ਕਰਜਾ-ਮੁਕਤੀ ਅਤੇ ਗ੍ਰਾਂਟ ਦੀ ਮੰਗ ਲਈ ਸੰਘਰਸ਼ ਮਘਾ ਕੇ ਰੱਖਿਆ ਗਿਆ। ਅੱਜ ਆਰਟਸ ਬਲਾਕਾਂ ਵਿੱਚੋਂ ਵਿਦਿਆਰਥੀਆਂ ਨੂੰ ਕਲਾਸਾਂ ਦੇ ਬਾਈਕਾਟ ਕਰਕੇ ਅਧਿਆਪਕਾਂ, ਮੁਲਾਜ਼ਮਾਂ ਅਤੇ ਵਿਦਿਆਰਥੀਆਂ ਨੇ ਸਾਇੰਸ ਬਲਾਕਾਂ ਤੋਂ ਚੱਲ ਕੇ ਮੇਨ ਗੇਟ ਤੱਕ ਰੋਸ ਮਾਰਚ ਕੀਤਾ ਗਿਆ । ਉਪਰੰਤ ਸਟੇਜ ਤੋਂ ਵੱਖ ਵੱਖ ਬੁਲਾਰਿਆਂ ਨੇ ਸੰਬੋਧਨ ਕੀਤਾ। ਇਸਤੋਂ ਬਾਅਦ ਮੋਰਚੇ ਨੂੰ ਵੱਡੇ ਪੱਧਰ ਉੱਤੇ ਲੈ ਕੇ ਜਾਣ ਲਈ ਮੀਟਿੰਗ ਵਿੱਚ ਮੁੱਦੇ ਵਿਚਾਰੇ ਗਏ । ਮੀਟਿੰਗ ਉਪਰੰਤ ਅੱਜ ਮੋਰਚੇ ਨੇ ਐਲਾਨ ਕੀਤਾ ਕਿ ਮੰਗਾਂ ਨਾ ਮੰਨਣ ਦੇ ਰੋਸ ਵਜੋਂ ਸਾਰੇ ਸਰਕਾਰੀ ਵਿਦਿਅਕ ਅਦਾਰਿਆਂ ਵਿੱਚ 6 ਅਪ੍ਰੈਲ ਨੂੰ ਮੁਕੰਮਲ ਬੰਦ ਕੀਤਾ ਜਾਵੇਗਾ। ਇਸ ਵਾਸਤੇ ਮੋਰਚਾ ਸਾਰੀਆਂ ਹੀ ਵਿਦਿਆਰਥੀ, ਮੁਲਾਜ਼ਮ ਅਤੇ ਅਧਿਆਪਕ ਜਥੇਬੰਦੀਆਂ ਨੂੰ ਸੱਦਾ ਦਿੰਦਾ ਹੈ । ਮੰਚ ਤੋਂ ਅੱਜ ਰਵੀ ਰਸੂਲਪੁਰ ਹੋਰਾਂ ਨੇ ਇੱਕ ਇਨਕਲਾਬੀ ਗੀਤ ਪੇਸ਼ ਕੀਤਾ । ਅੱਜ ਮੋਰਚੇ ਵਿੱਚ ਪ੍ਰਸਿੱਧ ਅਰਥ ਸਾਸ਼ਤਰੀ ਡਾ. ਗਿਆਨ ਸਿੰਘ ਅਤੇ ਗਰੀਬ ਬਚਿਆਂ ਦੀ ਸਿੱਖਿਆ ਵਾਸਤੇ ਕੰਮ ਕਰਨ ਵਾਲ਼ੇ ਰਿਟਾਇਰਡ ਪ੍ਰਿੰਸੀਪਲ ਦੇਸ ਰਾਜ ਛਾਜਲੀ ਨੇ ਵੀ ਸ਼ਮੂਲੀਅਤ ਕੀਤੀ ਅਤੇ ਮੰਚ ਤੋਂ ਸੰਬੋਧਨ ਹੋਏ । ਮੰਚ ਤੋਂ ਸੰਬੋਧਨ ਹੁੰਦਿਆਂ ਡਾ ਗਿਆਨ ਸਿੰਘ ਨੇ ਆਖਿਆ ਕਿ ਜੇ ਪੰਜਾਬੀ ਯੂਨੀਵਰਸਿਟੀ ਵਰਗੀ ਸਰਕਾਰੀ ਯੂਨੀਵਰਸਿਟੀ ਨਾ ਹੁੰਦੀ ਤਾਂ ਉਹਨਾਂ ਵਰਗੇ ਆਮ ਬੰਦਿਆਂ ਨੇ ਪੜ੍ਹ ਨਹੀਂ ਸੀ ਸਕਣਾ। ਉਹਨਾਂ ਆਖਿਆ ਕਿ ਮੋਰਚਾ ਬਿਲਕੁਲ ਜਾਇਜ ਮੰਗ ਵਾਸਤੇ ਲੜਾਈ ਲੜ ਰਿਹਾ ਹੈ ਅਤੇ ਪੰਜਾਬ ਸਰਕਾਰ ਨੂੰ ਇਸਦੀ ਮੰਗ ਵੱਲ ਪੂਰਾ ਧਿਆਨ ਦੇਣਾ ਚਾਹੀਦਾ ਹੈ । ਯੂਨੀਵਰਸਿਟੀ ਨੂੰ ਸੈਲਫ਼ ਫਾਈਨਾਂਸ ਹੋਣ ਦਾ ਮਤਲਬ ਵਿਦਿਆਰਥੀਆਂ ਦੀਆਂ ਫ਼ੀਸਾਂ ਵਧਾਉਣਾ ਹੀ ਹੁੰਦਾ ਹੈ, ਜਿਸਦਾ ਸਿੱਧਾ ਬੋਝ ਉਹਨਾਂ ਦੇ ਉਹ ਮਾਪਿਆਂ ਉੱਤੇ ਹੀ ਪੈਂਦਾ ਹੈ ਜਿਹੜੇ ਪਹਿਲਾਂ ਹੀ ਅਨੇਕਾਂ ਮਾਰਾਂ ਦੇ ਝੰਬੇ ਹੋਏ ਹਨ । ਇਸੇ ਤਰਾਂ ਹੀ ਪ੍ਰਿੰਸੀਪਲ ਦੇਸ ਰਾਜ ਛਾਜਲੀ ਨੇ ਮੋਰਚੇ ਦੀਆਂ ਮੰਗਾਂ ਨੂੰ ਜਾਇਜ਼ ਠਹਿਰਾਇਆ ਅਤੇ ਸਰਕਾਰ ਨੂੰ ਮੰਗਾਂ ਮੰਨਨ ਲਈ ਮੋਰਚੇ ਲਈ ਹਾਅ ਦਾ ਨਾਅਰਾ ਮਾਰਿਆ । ਡਾ ਰਾਜਦੀਪ ਸਿੰਘ ਨੇ ਬੋਲਦਿਆਂ ਆਖਿਆ ਕਿ 1992 ਤੋਂ ਬਾਅਦ ਪੰਜਾਬ ਸਰਕਾਰ ਯੂਨੀਵਰਸਿਟੀ ਦੀ ਗ੍ਰਾਂਟ ਘਟਾ ਰਹੀ ਹੈ ਸੋ ਹੁਣ ਵਾਲੀ ਪੰਜਾਬ ਸਰਕਾਰ ਉੱਚ ਸਿੱਖਿਆ ਦੇ ਮੁੱਦਈ ਹੋਣ ਦਾ ਵਾਅਦਾ ਕਰਕੇ ਆਈ ਹੈ ਅਤੇ ਹੁਣ ਇਸ ਨੀਤੀ ਨੂੰ ਬਦਲ ਕੇ ਪੰਜਾਬੀ ਯੂਨੀਵਰਸਿਟੀ ਦਾ ਕਰਜਮੁਕਤ ਕਰਕੇ ਇਸਨੂੰ 30 ਕਰੋੜ ਮਹੀਨੇਵਾਰ ਦੀ ਗ੍ਰਾਂਟ ਦੇਣ ਦੀ ਇੱਕ ਨੀਤੀ ਬਣਾਵੇ । ਡਾ. ਚਰਨਜੀਤ ਨੌਹਰਾ ਨੇ ਸੰਤ ਰਾਮ ਉਦਾਸੀ ਦੀਆਂ ਸਤਰਾਂ ‘ਇਹ ਲੋਕ ਬੜੇ ਮਜ਼ਬੂਰ ਜਿਹੇ, ਦਿੱਲੀ ਦੇ ਦਿਲ਼ ਤੋਂ ਦੂਰ ਜਿਹੇ’ ਦਾ ਵੇਰਵਾ ਦਿੰਦਿਆਂ ਆਖਿਆ ਕਿ ਮੋਰਚੇ ਦੇ ਪੰਦਰਾਂ ਦਿਨਾਂ ਦੇ ਸੰਘਰਸ਼ ਉੱਤੇ ਸਬੰਧਤ ਮੰਤਰੀਆਂ ਦਾ ਬਿਆਨ ਨਾ ਆਉਣਾ ਇਹੀ ਪ੍ਰਤੱਖ ਕਰਦਾ ਹੈ ਕਿ ਇਹ ਆਮ ਲੋਕਾਂ ਦੇ ਮੋਰਚੇ ਦੀ ਗੱਲ ਉਹਨਾਂ ਦੇ ਦਿਲ ਤੱਕ ਹਾਲੇ ਨਹੀਂ ਪਹੁੰਚੀ। ਮੁਲਾਜ਼ਮਾਂ ਵਿੱਚੋਂ ਕੁਲਵਿੰਦਰ ਸਿੰਘ ਅਤੇ ਹਰਦਾਸ ਸਿੰਘ ਨੇ ਬੋਲਦਿਆਂ ਆਖਿਆ ਕਿ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਮੁਲਾਜ਼ਮ ਅਧਿਆਪਕਾਂ ਦੇ ਸੰਘਰਸ਼ਾਂ ਦਾ ਇਤਿਹਾਸ ਮਾਣਮੱਤਾ ਹੈ ਅਤੇ ਇਸ ਮੋਰਚੇ ਦਾ ਸੰਘਰਸ਼ ਵੀ ਇਤਿਹਾਸ ਸਿਰਜੇਗਾ ਅਤੇ ਆਪਣੀ ਜਾਇਜ਼ ਮੰਗਾਂ ਨੂੰ ਮੰਨਵਾ ਕੇ ਹੀ ਉੱਠੇਗਾ । ਸਟੂਡੇੰਟ ਫੈਡਰੇਸ਼ਨ ਆਫ ਇੰਡੀਆ ਤੋਂ ਅੰਮ੍ਰਿਤਪਾਲ ਨੇ ‘ਹੁਣ ਨਹੀਂ ਤਾਂ ਕਦੇ ਨਹੀਂ’ ਦਾ ਨਾਅਰਾ ਦਿੰਦੇ ਆਖਿਆ ਕਿ ਪੜ੍ਹ ਰਹੇ ਵਿਦਿਆਰਥੀ ਇਸ ਵਾਰ ਕਲਾਸਾਂ ਤੋਂ ਬਾਹਰ ਆ ਕੇ ਇਸ ਮੋਰਚੇ ਦੀ ਵੱਧ ਤੋਂ ਵੱਧ ਮਦਦ ਕਰਨ ਤਾਂ ਜੋ ਆਉਣ ਵਾਲ਼ੇ ਵਿਦਿਆਰਥੀਆਂ ਲਈ ਏਥੇ ਇੱਕ ਚੰਗਾ ਮਾਹੌਲ ਸਿਰਜਿਆ ਜਾ ਸਕੇ ਅਤੇ ਸਰਕਾਰੀ ਗ੍ਰਾਂਟ ਨੂੰ ਉਡੀਕਦੀ ਹੋਈ ਵੈਂਟੀਲੇਟਰ ਉੱਤੇ ਪਈ ਹੋਈ ਪੰਜਾਬੀ ਯੂਨੀਵਰਸਿਟੀ ਦਾ ਇਲਾਜ਼ ਕੀਤਾ ਜਾ ਸਕੇ। ਪੰਜਾਬ ਸਟੂਡੇੰਟਸ ਯੂਨੀਅਨ (ਸ਼ਹੀਦ ਰੰਧਾਵਾ) ਤੋਂ ਬਲਵਿੰਦਰ ਸੋਨੀ ਨੇ ਵਿਦਿਆਰਥੀਆਂ ਨੂੰ ਸੋਸ਼ਲ ਮੀਡੀਆ ਉੱਤੇ ਮੋਰਚੇ ਦੀ ਗੱਲ ਰੱਖਣ ਲਈ ਅਪੀਲ ਕੀਤੀ ਤਾਂ ਕਿ ਮੋਰਚੇ ਦੀ ਜਾਇਜ ਮੰਗ ਬਾਰੇ ਵੱਧ ਤੋਂ ਵੱਧ ਲੋਕਾਂ ਨੂੰ ਦੱਸਿਆ ਜਾ ਸਕੇ ।
ਜਿਕਰਯੋਗ ਹੈ ਕਿ ਕਲ੍ਹ ਨੂੰ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਲੀਡਰ ਸ੍ਰੀ ਜੋਗਿੰਦਰ ਸਿੰਘ ਉਗਰਾਹਾਂ ਆਪਣੇ ਜਥਾ ਲੈ ਕੇ ਮੋਰਚੇ ਵਿੱਚ ਪਹੁੰਚਣਗੇ ਅਤੇ ਸੰਬੋਧਨ ਕਰਨਗੇ। ਜੇਕਰ ਪੰਜਾਬ ਸਰਕਾਰ ਯੂਨੀਵਰਸਿਟੀ ਦਾ 150 ਕਰੋੜ ਦਾ ਕਰਜ਼ਾ ਮੁਆਫ਼ ਨਹੀਂ ਕਰਦੀ ਅਤੇ ਯੂਨੀਵਰਸਿਟੀ ਦੀ ਪੂਰੀ ਗਰਾਂਟ ਜਾਰੀ ਨਹੀਂ ਕਰਦੀ ਤਾਂ ਮੋਰਚਾ ਇਸ ਵੱਡੇ ਪੱਧਰ ਉੱਤੇ ਲੈ ਕੇ ਜਾਣ ਲਈ ਅਤੇ ਤਿੱਖਾ ਸੰਘਰਸ਼ ਕਰਨ ਲਈ ਤਿਆਰੀਆਂ ਕਰ ਰਿਹਾ ਹੈ । ਅੱਜ ਦੇ ਰੋਸ ਪ੍ਰਦਰਸ਼ਨ ਵਿੱਚ ਆਲ ਇੰਡੀਆ ਸਟੂਡੇੰਟਸ ਫੈਡਰੇਸ਼ਨ ਤੋਂ ਵਰਿੰਦਰ, ਪੰਜਾਬ ਸਟੂਡੇੰਟਸ ਯੂਨੀਅਨ (ਲਲਕਾਰ) ਤੋਂ ਆਗੂ ਗੁਰਪ੍ਰੀਤ, ਪੰਜਾਬ ਸਟੂਡੇੰਟਸ ਯੂਨੀਅਨ (ਸ਼ਹੀਦ ਰੰਧਾਵਾ) ਤੋਂ ਹੁਸ਼ਿਆਰ ਸਿੰਘ, ਅਤੇ ਪੰਜਾਬ ਸਟੂਡੇੰਟਸ ਯੂਨੀਅਨ ਤੋਂ ਗੁਰਦਾਸ ਸਿੰਘ, ਡਾ ਅੰਬੇਡਕਾਰ ਸਟੂਡੇੰਟਸ ਫੈਡਰੇਸ਼ਨ ਆਫ ਇੰਡੀਆ ਤੋਂ ਪ੍ਰੀਤ ਕਾਂਸੀ , ਪੰਜਾਬ ਰੈਡੀਕਲ ਸਟੂਡੇੰਟ ਯੂਨੀਅਨ ਤੋਂ ਰਸ਼ਪਿੰਦਰ ਜਿੰਮੀ, ਸਟੂਡੇੰਟਸ ਫੈਡਰੇਸ਼ਨ ਆਫ ਇੰਡੀਆ ਤੋਂ ਕਮਲਦੀਪ ਜਲੂਰ ਅਤੇ ਪੀ.ਐਸ.ਐੱਫ਼ ਤੋਂ ਰਵਿੰਦਰ ਰਵੀ ਆਦਿ ਵਿਦਿਆਰਥੀ ਆਗੂਆਂ ਤੋਂ ਇਲਾਵਾ ਅਧਿਆਪਕਾਂ ਵਿੱਚੋਂ ਡਾ ਲਖਵੀਰ ਸਿੰਘ ਅਤੇ ਡਾ ਰਾਜਵਿੰਦਰ ਸਿੰਘ ਵੀ ਹਾਜ਼ਿਰ ਸਨ ਮੁਲਾਜ਼ਮਾਂ ਵਿੱਚੋਂ ਜਗਤਾਰ ਸਿੰਘ ਵੀ ਹਾਜ਼ਿਰ ਸਨ ।