ਸਰਕਾਰੀ ਕਾਲਜ ਮਹੈਣ ਵਿਖੇ ਕਰਵਾਈ ਹੁਨਰ ਸਿਖਲਾਈ ਵਰਕਸ਼ਾਪ
ਹਰੀਸ਼ ਕਾਲੜਾ
ਸ਼੍ਰੀ ਆਨੰਦਪੁਰ ਸਾਹਿਬ,28 ਮਾਰਚ 2023: ਅੱਜ ਸਰਕਾਰੀ ਕਾਲਜ ਮਹੈਣ, ਸ੍ਰੀ ਅਨੰਦਪੁਰ ਸਾਹਿਬ ਵਿਖੇ ਪੰਜਾਬ ਸਰਕਾਰ ਵਲੋਂ ਜਾਰੀ ਕੀਤੀ ਗਈ ਵਿੱਤੀ ਗ੍ਰਾਂਟ ਦਾ ਇਸਤੇਮਾਲ ਕਰਦੇ ਹੋਏ ਅਤੇ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਦੀ ਪਾਲਣਾ ਹਿੱਤ ਪ੍ਰਿੰਸੀਪਲ ਸੀਮਾ ਦੀ ਅਗਵਾਈ ਵਿਚ ਸੱਤ ਦਿਨਾਂ ਦੀ ਰੁਜਗਾਰ ਉਪਲੱਬਧਤਾ ਸਬੰਧੀ ਹੁਨਰ ਸਿਖਲਾਈ ਵਰਕਸ਼ਾਪ ਕਰਵਾਈ ਗਈ।
ਪ੍ਰੋ: ਵਿਪਨ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਰਕਸ਼ਾਪ ਦੇ ਪਹਿਲੇ ਦਿਨ ਗ੍ਰਾਂਟ ਥੋਰਟਨ ਭਾਰਤ ਕੰਪਨੀ ਦੇ ਕਲਸਟਰ ਮੈਨੇਜਰ ਸੁਭਮ ਬਾਰੀਕ ਅਤੇ ਰਿਸੋਰਸ ਪਰਸਨ ਗੁਰਦੀਪ ਕੌਰ ਨੇ ਵਿਦਿਆਰਥੀਆਂ ਨੂੰ ਰੁਜਗਾਰ ਉਪਲੱਬਧਤਾ ਲਈ ਅਨੇਕਾਂ ਪ੍ਰਕਾਰ ਦੀਆਂ ਸਰਕਾਰੀ ਅਤੇ ਪ੍ਰਾਈਵੇਟ ਨੌਕਰੀਆਂ, ਪ੍ਰਤੀਯੋਗੀ ਪ੍ਰੀਖਿਆਵਾਂ, ਪੇਸ਼ਿਆਂ, ਧੰਦਿਆਂ ਅਤੇ ਕਾਰੋਬਾਰਾਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਹਨਾਂ ਨੇ ਕਿਹਾ ਕਿ ਹਰੇਕ ਪ੍ਰਕਾਰ ਦੀ ਨੌਕਰੀ ਜਾਂ ਕਾਰੋਬਾਰ ਸਬੰਧੀ ਨਿਪੁੰਨਤਾ ਹਾਸਿਲ ਕਰਨਾ ਮੌਲਿਕ ਲੋੜ ਹੁੰਦੀ ਹੈ।
ਵਿਦਿਆਰਥੀਆਂ ਨੂੰ ਆਪਣੀ ਪ੍ਰਤੀਭਾ ਦੀ ਪਛਾਣ ਕਰਕੇ ਆਪਣੇ ਮਨ ਪਸੰਦ ਕਾਰੋਬਾਰ ਜਾਂ ਧੰਦੇ ਸਬੰਧੀ ਨਿਪੁੰਨਤਾ ਪ੍ਰਾਪਤ ਕਰਨੀ ਚਾਹੀਦੀ ਹੈ। ਉਹਨਾਂ ਨੇ ਵਿਦਿਆਰਥੀਆਂ ਨੂੰ ਕਿੱਤੇ ਦੀ ਨਿਪੁੰਨਤਾ ਦੇ ਨਾਲ ਨਾਲ ਆਤਮ ਵਿਸ਼ਵਾਸ, ਅਗਵਾਈ ਦੇ ਗੁਣ, ਭਾਸ਼ਾ ਦੀ ਨਿਪੁੰਨਤਾ ਅਤੇ ਸਖਸੀਅਤ ਦੇ ਸਰਵਪੱਖੀ ਵਿਕਾਸ ਦੇ ਗੁਣ ਧਾਰਨ ਕਰਨੇ ਚਾਹੀਦੇ ਹਨ।
ਵਰਕਸਾਪ ਦੇ ਦੂਜੇ ਦਿਨ ਗ੍ਰਾਂਟ ਥੋਰਟਨ ਭਾਰਤ ਕੰਪਨੀ ਦੇ ਸਲਾਹਕਾਰ ਅਸ਼ੀਸ ਕੁਮਾਰ ਅਤੇ ਟਰੇਨੀ ਸੁਪ੍ਰਿਆ ਬੇਦੀ ਨੇ ਵਿਦਿਆਰਥੀਆਂ ਨੂੰ ਰੁਜਗਾਰ ਉਪਲੱਬਧਤਾ ਦੀ ਸਿਖਲਾਈ ਸਬੰਧੀ ਅਨੇਕਾਂ ਤਕਨੀਕਾਂ ਅਤੇ ਵਿਧੀਆਂ ਦੀ ਜਾਣਕਾਰੀ ਦਿੱਤੀ। ਉਹਨਾਂ ਨੇ ਵਿਦਿਆਰਥੀਆਂ ਨੂੰ ਬਹੁਪੱਖੀ ਸਭਿਆਚਾਰ, ਵਾਤਾਵਰਣੀ ਹਾਲਾਤ, ਆਮ ਗਿਆਨ ਅਤੇ ਪ੍ਰਬੰਧ ਵਿਗਿਆਨ ਵਿਚ ਮਾਹਿਰ ਬਣਨ ਦੀ ਪ੍ਰੇਰਣਾ ਦਿੱਤੀ ਅਤੇ ਉਹਨਾਂ ਨੇ ਇੰਟਰਵਿਉ ਵਿਚ ਸਫਲਤਾ ਪ੍ਰਾਪਤ ਕਰਨ ਲਈ ਅਨੇਕਾਂ ਉਪਯੋਗੀ ਤਕਨੀਕਾਂ ਦੱਸਿਆਂ।
ਇਸ ਮੌਕੇ ਡਾਕਟਰ ਦਿਲਰਾਜ ਕੌਰ ਅਤੇ ਪ੍ਰੋ: ਬੋਬੀ ਨੇ ਮਾਹਿਰਾਂ ਦਾ ਧੰਨਵਾਦ ਕੀਤਾ। ਪ੍ਰਿੰਸੀਪਲ ਸੀਮਾ ਨੇ ਵਿਦਿਆਰਥੀਆਂ ਨੂੰ ਸਰਟੀਫਿਕੇਟ, ਜੂਟ ਦੀਆਂ ਕਿੱਟਾਂ, ਪੈੱਨ ਅਤੇ ਨੋਟ ਬੁੱਕਾਂ ਵੰਡੀਆਂ ਅਤੇ ਉਹਨਾਂ ਨੇ ਕਿਹਾ ਕੇ ਦੇਸ ਵਿੱਚ ਬੇਰੁਜਗਾਰੀ ਦਾ ਵੱਡਾ ਕਾਰਨ ਵੱਖ-ਵੱਖ ਧੰਦਿਆਂ ਸਬੰਧੀ ਨਿਪੁੰਨਤਾ ਦੀ ਘਾਟ ਹੈ। ਇਸ ਲਈ ਸਾਰੇ ਵਿਦਿਆਰਥੀਆਂ ਨੂੰ ਰੁਜਗਾਰ ਮੁੱਖੀ ਬਣਨ ਲਈ ਨਿਪੁੰਨਤਾ ਹਾਸ਼ਿਲ ਕਰਨੀ ਚਾਹੀਦੀ ਹੈ।
ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਅਸ਼ੋਕ ਕੁਮਾਰ ਲਾਇਬ੍ਰੇਰੀ ਅਟੈਡੇਂਟ ਅਤੇ ਬੀ.ਏ. ਭਾਗ ਪਹਿਲਾ ਅਤੇ ਦੂਜਾ ਅਤੇ ਕ੍ਰਮਵਾਰ ਬੀ.ਕਾਮ ਭਾਗ ਪਹਿਲਾ ਅਤੇ ਦੂਜਾ ਦੇ ਵਿਦਿਆਰਥੀਆਂ ਦੀ ਭੂਮਿਕਾ ਸੰਲਾਘਾਯੋਗ ਸੀ।