ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਵੱਲੋਂ ਰੇਲਗੱਡੀ ਹੇਠਾਂ ਆ ਕੇ ਆਤਮਹੱ+ਤਿ+ਆ
ਅਸ਼ੋਕ ਵਰਮਾ
ਮਾਨਸਾ, 28 ਮਾਰਚ 2023। ਮਾਨਸਾ ਬਲਾਕ ਦੇ ਪਿੰਡ ਚਕੇਰੀਆਂ ਦੇ ਇੱਕ ਕਿਸਾਨ ਨੇ ਕਰਜ਼ੇ ਦੇ ਬੋਝ ਤੋਂ ਤੰਗ ਆ ਕੇ ਰੇਲ ਗੱਡੀ ਅੱਗੇ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਹੈ । ਮ੍ਰਿਤਕ ਕਿਸਾਨ ਜਸਵੀਰ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਚਕੇਰੀਆਂ ਦੇ ਸਿਰ ਲਗਭਗ 4 ਲੱਖ ਦੇ ਕਰੀਬ ਸਰਕਾਰੀ ਅਤੇ ਪ੍ਰਾਈਵੇਟ ਕਰਜ਼ਾ ਦ ਸੀ, ਜਿਸ ਤੋਂ ਉਹ ਅਕਸਰ ਹੀ ਪ੍ਰੇਸ਼ਾਨ ਰਹਿੰਦਾ ਸੀ । ਪਿਛਲੇ ਦਿਨਾਂ ਵਿੱਚ ਤੇਜ ਹਵਾਵਾਂ ਅਤੇ ਮੀਂਹ ਕਾਰਨ ਹੋਈ ਫ਼ਸਲ ਦੀ ਬਰਬਾਦੀ ਮੌਤ ਦਾ ਕਾਰਨ ਬਣ ਗਈ ।
ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ ਦੋ ਨਬਾਲਿਗ ਬੇਟੇ ਛੱਡ ਗਿਆ । ਭਾਰਤੀ ਕਿਸਾਨ ਯੂਨੀਅਨ (ਏਕਤਾ) ਸਿੱਧੂਪੁਰ ਦੇ ਜਿਲਾ ਸਕੱਤਰ ਮੱਖਣ ਸਿੰਘ ਭੈਣੀ ਬਾਘਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਮ੍ਰਿਤਕ ਪਰਿਵਾਰ ਦਾ ਸਮੁੱਚਾ ਕਰਜ਼ਾ ਮੁਆਫ ਕੀਤਾ ਜਾਵੇ । ਉਨ੍ਹਾਂ ਕਿਹਾ ਕਿ ਕਰਜ਼ੇ ਦੇ ਬੋਝ ਕਾਰਨ ਅਣਆਈ ਮੌਤ ਮਰਨਾ ਇੱਕ ਚਿੰਤਾ ਦਾ ਵਿਸ਼ਾ ਹੈ । ਸਰਕਾਰ ਨੂੰ ਫੌਰੀ ਤੌਰ ‘ਤੇ ਆਰਥਿਕ ਪੱਖੋਂ ਟੁੱਟ ਚੁੱਕੇ ਅਤੇ ਖੁਦਕਸ਼ੀ ਕਰਨ ਕਿਨਾਰੇ ਖੜ੍ਹੇ ਕਿਸਾਨਾਂ, ਮਜ਼ਦੂਰਾਂ ਦੀ ਨਿਸ਼ਾਨ ਦੇਹੀ ਕਰ ਕੇ ਉਨ੍ਹਾਂ ਦੀ ਬਾਹ ਫੜਨੀ ਚਾਹੀਦੀ ਹੈ ਤਾਂ ਜੋ ਅਜਿਹੇ ਚਿੰਤਾਜਨਕ ਵਰਤਾਰੇ ਰੋਕੇ ਜਾ ਸਕਣ ।