ਜਨਮ ਦਿਨ ਦੀ ਪਾਰਟੀ ਦੌਰਾਨ ਦੋ ਨੌਜਵਾਨਾਂ ਨੇ ਕੀਤੀ ਹਵਾਈ ਫਾਇਰਿੰਗ, ਪੁਲਿਸ ਨੇ ਕੀਤੇ ਗ੍ਰਿਫਤਾਰ
ਸੰਜੀਵ ਸੂਦ
ਲੁਧਿਆਣਾ, 30 ਮਾਰਚ 2023 - ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਸਮਰਾਲਾ ਸ਼ਹਿਰ ਵਿੱਚ ਜਨਮ ਦਿਨ ਦੀ ਪਾਰਟੀ ਦੌਰਾਨ ਦੋ ਨੌਜਵਾਨਾਂ ਵੱਲੋਂ ਹਵਾ ਵਿੱਚ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ। ਗੋਲੀਬਾਰੀ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ।
ਡੀਐਸਪੀ ਵਰਿਆਮ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਦੇਰ ਰਾਤ ਸੂਚਨਾ ਮਿਲੀ ਸੀ ਕਿ ਚਾਵਾ ਰੋਡ ’ਤੇ ਇੱਕ ਚਿਕਨ ਕਾਰਨਰ ਦੇ ਬਾਹਰ ਗੋਲੀਬਾਰੀ ਹੋਈ ਹੈ। ਪੁਲਸ ਨੇ ਮੌਕੇ 'ਤੇ ਜਾ ਕੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਕੁਝ ਨੌਜਵਾਨ ਚਿਕਨ ਕਾਰਨਰ 'ਤੇ ਜਨਮ ਦਿਨ ਦੀ ਪਾਰਟੀ ਕਰ ਰਹੇ ਸਨ। ਇਸ ਤੋਂ ਬਾਅਦ ਪਾਰਟੀ ਵਿੱਚ ਸ਼ਾਮਲ ਦੋ ਨੌਜਵਾਨਾਂ ਨੇ ਹਵਾ ਵਿੱਚ ਫਾਇਰਿੰਗ ਕਰ ਦਿੱਤੀ। ਦੋਵੇਂ ਸੀਸੀਟੀਵੀ 'ਚ ਫਾਇਰਿੰਗ ਕਰਦੇ ਸਾਫ ਦਿਖਾਈ ਦੇ ਰਹੇ ਹਨ।
ਇਸ ’ਤੇ ਕਾਰਵਾਈ ਕਰਦਿਆਂ ਪੁਲੀਸ ਨੇ ਜਗਦੀਪ ਸਿੰਘ ਅਤੇ ਗੁਰਦੀਪ ਲਾਲ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਇਨ੍ਹਾਂ ਕੋਲੋਂ 32 ਬੋਰ ਦਾ ਪਿਸਤੌਲ ਵੀ ਬਰਾਮਦ ਕੀਤਾ ਹੈ।