ਮਚਾਕੀ ਮੱਲ ਸਿੰਘ ਸਮਾਰਟ ਸਕੂਲ 'ਚ ਸਲਾਨਾ ਨਤੀਜਾ ਐਲਾਨਿਆ
ਫ਼ਰੀਦਕੋਟ, 1 ਅਪ੍ਰੈਲ (ਪਰਵਿੰਦਰ ਸਿੰਘ ਕੰਧਾਰੀ)-ਸਿੱਖਿਆ ਵਿਭਾਗ ਦੇ ਆਦੇਸ਼ਾਂ ਅਨੁਸਾਰ ਪਿ੍ੰਸੀਪਲ ਮਨਿੰਦਰ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਚਾਕੀ ਮੱਲ ਸਿੰਘ ਵਿਖੇ ਸਲਾਨਾ ਨਤੀਜੇ 2023 ਮੌਕੇ ਇਨਾਮ ਵੰਡ ਸਮਾਗਮ ਕੀਤਾ ਗਿਆ | ਇਸ ਮੌਕੇ ਪਿੰਡ ਦੇ ਸਰਪੰਚ ਸਰਬਜੀਤ ਸਿੰਘ ਸੇਖੋਂ, ਸਮੂਹ ਪੰਚਾਇਤ ਮੈਂਬਰ ਰੂਪ ਸਿੰਘ, ਗੁਰਪ੍ਰੀਤ ਸਿੰਘ, ਸਵਿੰਦਰਜੀਤ ਸਿੰਘ, ਛਿੰਦਾ ਸਿੰਘ, ਗੁਰਜੀਤ ਸਿੰਘ ਸੇਖੋਂ, ਆਮ ਆਦਮੀ ਪਾਰਟੀ ਦੇ ਆਗੂ ਬੱਬੂ ਸਿੰਘ, ਸੰਨੀਪ੍ਰੀਤ ਸਿੰਘ, ਅਵਤਾਰ ਸਿੰਘ, ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਮਾਘ ਸਿੰਘ, ਸਾਬਕਾ ਸਰਪੰਚ ਗੁਰਜੀਤ ਸਿੰਘ ਨੇ ਮਿਲ ਕੇ ਛੇਵੀਂ, ਸੱਤਵੀਂ, ਨੌਵੀਂ, ਅਤੇ ਗਿਆਰ੍ਹਵੀਂ ਦੇ ਵਿਦਿਆਰਥੀਆਂ ਨੂੰ ਮਿਸ਼ਨ 100 ਪ੍ਰਤੀਸ਼ਤ ਹਾਸਲ ਕਰਨ ਤੇ ਵਧਾਈ ਦਿੱਤੀ |
ਉਨ੍ਹਾਂ ਕਿਹਾ ਸਕੂਲ ਦਾ ਹਰ ਵਿਦਿਆਰਥੀ ਪਹਿਲੇ ਦਰਜੇ 'ਚ ਪਾਸ ਹੋਇਆ ਹੈ | ਇਸ ਮੌਕੇ ਹਰ ਕਲਾਸ 'ਚੋਂ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸੋਨੇ, ਚਾਂਦੀ ਅਤੇ ਕਾਂਸੀ ਦੇ ਤਗਮੇ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ 150 ਤੋਂ ਵੱਧ ਦੀ ਗਿਣਤੀ 'ਚ ਮਾਪਿਆਂ ਨੇ ਸਮੂਹ ਅਧਿਆਪਕਾਂ ਅਤੇ ਪਿ੍ੰਸੀਪਲ ਦਾ ਧੰਨਵਾਦ ਕੀਤਾ, ਜਿਨ੍ਹਾਂ ਦੀ ਅਣਥੱਕ ਮਿਹਨਤ ਸਦਕਾ ਵਿਦਿਆਰਥੀਆਂ ਨੇ ਸਲਾਨਾ ਪ੍ਰੀਖਿਆ 'ਚ ਬੇਹਤਰੀਨ ਕਾਰਗੁਜ਼ਾਰੀ ਵਿਖਾਈ ਹੈ | ਮੈਂਬਰ ਪੰਚਾਇਤ ਰੂਪ ਸਿੰਘ ਨੇ ਪਿ੍ੰਸੀਪਲ ਅਤੇ ਸਮੂਹ ਸਟਾਫ਼ ਨੂੰ ਡਿਜ਼ੀਟਲ ਕ੍ਰਾਂਤੀ ਨਾਲ ਨਵੀਨੀਕਰਨ ਤੇ ਹਾਰਦਿਕ ਵਧਾਈ ਦਿੱਤੀ ਤੇ ਸਿੱਖਿਆ ਦਾ ਪੱਧਰ ਨਿਰੰਤਰ ਉੱਚਾ ਚੁੱਕਣ ਵਾਸਤੇ ਲਗਾਤਾਰ ਸੰਘਰਸਸ਼ੀਲ ਅਧਿਆਪਕਾਂ ਦਾ ਧੰਨਵਾਦ ਕੀਤਾ | ਅੰਤ ਵਿਦਿਆਰਥੀਆਂ ਤੇ ਮਾਪਿਆਂ ਦਾ ਮੂੰਹ ਮਿੱਠਾ ਕਰਵਾਇਆ ਗਿਆ | ਇਸ ਮੌਕੇ ਸਮੂਹ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਹਰ ਰੋਜ਼ ਸਕੂਲ ਭੇਜਣ, ਅਧਿਆਪਕਾਂ ਦੁਆਰਾ ਦੱਸਿਆ ਕੰਮ ਕਰਾਉਣ ਅਤੇ ਬੱਚਿਆਂ ਲਈ ਸਮਾਂ ਕੱਢਣ ਦਾ ਪ੍ਰਣ ਕੀਤਾ |