ਚਾਈਨੀਜ਼ ਡੋਰ ਵੇਚਣ, ਸਟੋਰ ਕਰਨ ਅਤੇ ਵਰਤੋਂ ਕਰਨ ’ਤੇ ਪਾਬੰਦੀ
ਮਾਨਸਾ, 01 ਅਪ੍ਰੈਲ 2023 : ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸ਼੍ਰੀਮਤੀ ਬਲਦੀਪ ਕੌਰ ਨੇ ਫੌਜ਼ਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਪੀ੍ਰਵੈਨਸ਼ਨ ਆਫ਼ ਕਰਯੂਲਟੀ ਟੂ ਐਨੀਮਲ ਐਕਟ 1960 ਦੇ ਮੱਦੇਨਜ਼ਰ ਜ਼ਿਲ੍ਹਾ ਮਾਨਸਾ ਦੀ ਹਦੂਦ ਅੰਦਰ ਪੈਂਦੇ ਥਾਣਿਆਂ ਦੇ ਇਲਾਕਿਆਂ ਵਿੱਚ ਪਤੰਗ/ਗੁੱਡੀਆਂ ਉਡਾਉਣ ਲਈ ਨਾਈਲੋਨ ਦੀ ਬਣੀ ਚਾਈਨੀਜ਼ ਡੋਰ ਅਤੇ ਮਾਂਜਾ ਡੋਰ (ਕੱਚ ਦੇ ਪਾਊਡਰ ਲੱਗੇ ਹੋਏ ਧਾਗੇ) ਨੂੰ ਵੇਚਣ, ਸਟੋਰ ਕਰਨ ਅਤੇ ਇਸ ਦੀ ਵਰਤੋਂ ਕਰਨ ’ਤੇ ਮੁਕੰਮਲ ਤੌਰ ’ਤੇ ਪਾਬੰਦੀ ਲਗਾਈ ਹੈ। ਉਨ੍ਹਾਂ ਹੁਕਮ ਵਿੱਚ ਕਿਹਾ ਕਿ ਇਹ ਪਾਬੰਦੀ ਧਾਗੇ ਵਾਲੀ ਡੋਰ ’ਤੇ ਲਾਗੂ ਨਹੀਂ ਹੋਵੇਗੀ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਅੱਜ ਕੱਲ ਪਤੰਗ/ਗੁੱਡੀਆਂ ਉਡਾਉਣ ਲਈ ਜਿਹੜੀ ਡੋਰ ਦੀ ਵਰਤੋਂ ਕੀਤੀ ਜਾਂਦੀ ਹੈ, ਉਹ ਸੂਤੀ ਡੋਰ ਤੋਂ ਹੱਟ ਕੇ ਨਾਈਲੋਨ ਤੋਂ ਬਣੀ ਚਾਈਨੀਜ਼ ਡੋਰ ਅਤੇ ਮਾਂਜਾ ਡੋਰ ਇਸਤੇਮਾਲ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਡੋਰ ਪਤੰਗਬਾਜ਼ੀ ਸਮੇਂ ਪਤੰਗ/ਗੁੱਡੀਆਂ ਉਡਾਉਣ ਵਾਲਿਆਂ ਦੇ ਹੱਥ ਅਤੇ ਉਂਗਲਾਂ ਕੱਟ ਦਿੰਦੀ ਹੈ। ਇਸ ਤੋਂ ਇਲਾਵਾ ਸਾਈਕਲ ਅਤੇ ਸਕੂਟਰ ਚਾਲਕਾਂ ਦੇ ਗਲ ਅਤੇ ਕੰਨ ਕੱਟੇ ਜਾਣ, ਉੱਡਦੇ ਪੰਛੀਆਂ ਦੇ ਫਸ ਜਾਣ ਤੇ ਉਨ੍ਹਾਂ ਦੇ ਮਰਨ/ਜ਼ਖ਼ਮੀ ਹੋਣ ਬਾਰੇ ਵੀ ਘਟਨਾਵਾਂ ਵਾਪਰ ਸਕਦੀਆਂ ਹਨ। ਉਨ੍ਹਾ ਕਿਹਾ ਕਿ ਡੋਰ ਵਿੱਚ ਫਸੇ ਪੰਛੀਆਂ ਦੀ ਮੌਤ ਹੋ ਜਾਣ ’ਤੇ ਉਨ੍ਹਾਂ ਦੇ ਰੁੱਖਾਂ ’ਤੇ ਟੰਗੇ ਰਹਿਣ ਕਾਰਨ ਬਦਬੂ ਨਾਲ ਵਾਤਾਵਰਨ ਵੀ ਦੂਸ਼ਿਤ ਹੁੰਦਾ ਹੈ।
ਉਨ੍ਹਾਂ ਹੁਕਮ ਵਿੱਚ ਕਿਹਾ ਕਿ ਇਸ ਤਰ੍ਹਾਂ ਨਾਈਲੋਨ ਤੋਂ ਬਣੀ ਚਾਈਨੀਜ਼ ਡੋਰ ਅਤੇ ਮਾਂਜੇ ਦਾ ਇਸਤੇਮਾਲ ਕਰਨ ਨਾਲ ਇਹ ਡੋਰ ਜਦੋਂ ਪਤੰਗਾਂ ਉਡਾਉਣ ਲਈ ਵਰਤੀ ਜਾਂਦੀ ਹੈ ਤਾਂ ਇਹ ਮਨੁੱਖੀ ਜਾਨਾਂ ਅਤੇ ਪੰਛੀਆਂ ਲਈ ਘਾਤਕ ਸਿੱਧ ਹੁੰਦੀ ਹੈ। ਇਨ੍ਹਾਂ ਤੱਥਾਂ ਨੂੰ ਮੁੱਖ ਰੱਖਦਿਆਂ ਨਾਈਲੋਨ ਦੀ ਬਣੀ ਚਾਈਨੀਜ਼ ਡੋਰ ਅਤੇ ਮਾਂਜਾ ਡੋਰ ਨੂੰ ਪਤੰਗਾਂ ਲਈ ਵਰਤਣ ਲਈ ਵੇਚਣ, ਸਟੋਰ ਕਰਨ ਅਤੇ ਇਸ ਦੀ ਵਰਤੋਂ ’ਤੇ ਰੋਕ ਲਗਾਉਣ ਲਈ ਕਦਮ ਚੁੱਕਣ ਦੀ ਅਤਿਅੰਤ ਲੋੜ ਹੈ।
ਇਹ ਹੁਕਮ 31 ਮਈ 2023 ਤੱਕ ਲਾਗੂ ਰਹੇਗਾ।