ਵਰ੍ਹਦੇ ਮੀਂਹ ਵਿੱਚ ਫੂਕੇ ਖੰਡ ਮਿੱਲ ਕਲੋਨੀ ਵਾਸੀਆਂ ਨੇ ਅਧਿਕਾਰੀਆਂ ਦੇ ਪੁਤਲੇ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 1 ਅਪ੍ਰੈਲ 2023 - ਸਹਿਕਾਰੀ ਖੰਡ ਮਿੱਲ ਨਵਾਂਸ਼ਹਿਰ ਵਿੱਚ ਸਰਾਇਆ ਕੰਪਨੀ ਦੇ ਚੱਲ ਰਹੇ ਕੋਜੈਨਰੇਸ਼ਨ ਪਾਵਰ ਪਲਾਂਟ ਵਿੱਚੋਂ ਨਿਕਲਦੀ ਸੁਆਹ ਤੋਂ ਦੁੱਖੀ ਖੰਡ ਮਿੱਲ ਕਲੋਨੀ ਵਾਸੀਆਂ ਨੇ ਅੱਜ ਵਰ੍ਹਦੇ ਮੀਂਹ ਵਿੱਚ ਇਸ ਦੁਖਾਂਤ ਲਈ ਜਿੰਮੇਵਾਰ ਅਧਿਕਾਰੀਆਂ ਦੇ ਪੁਤਲੇ ਫੂਕੇ।ਇਸ ਮੌਕੇ ਪੁਤਲਿਆਂ ਨੂੰ ਅੱਗ ਲਾਉਣ ਉਪਰੰਤ ਲੋਕ ਸੰਘਰਸ਼ ਮੰਚ ਦੇ ਆਗੂਆਂ ਕਨਵੀਨਰ ਜਸਬੀਰ ਦੀਪ, ਸੋਹਨ ਸਿੰਘ ਸਲੇਮਪੁਰੀ, ਜਰਨੈਲ ਸਿੰਘ ਖਾਲਸਾ, ਮੁਕੰਦ ਲਾਲ, ਸਤੀਸ਼ ਕੁਮਾਰ, ਪ੍ਰਿੰਸੀਪਲ ਬਿਕਰਮਜੀਤ ਸਿੰਘ, ਬਲਵੀਰ ਕੁਮਾਰ, ਬਲਜਿੰਦਰ ਸਿੰਘ ਭੰਗਲ,ਬਲਜਿੰਦਰ ਸਿੰਘ ਦਿਆਲ ਨੇ ਕਿਹਾ ਕਿ ਅੱਜ ਦਾ ਇਹ ਐਕਸ਼ਨ ਦੱਸਦਾ ਹੈ ਕਿ ਵਰ੍ਹਦਾ ਮੀਂਹ ਵੀ ਲੋਕਾਂ ਦੇ ਗੁੱਸੇ ਨੂੰ ਠਾਰ ਨਹੀਂ ਸਕਿਆ।
ਉਹਨਾਂ ਕਿਹਾ ਕਿ ਇਹਨਾਂ ਅਧਿਕਾਰੀਆਂ ਦੇ ਪੁਤਲੇ ਉਦੋਂ ਤੱਕ ਫੂਕੇ ਜਾਣਗੇ ਜਦੋਂ ਤੱਕ ਪਾਵਰ ਪਲਾਂਟ ਦੀ ਸੁਆਹ ਦਾ ਸਥਾਈ ਹੱਲ ਨਹੀਂ ਹੋ ਜਾਂਦਾ।ਉਹਨਾਂ ਜਿਲਾ ਪ੍ਰਸ਼ਾਸਨ ਨੂੰ ਸਵਾਲ ਕੀਤਾ ਕਿ ਲੋਕਾਂ ਦੀ ਸਿਹਤ ਨਾਲ ਜਦੋਂ ਐਨਾ ਵੱਡਾ ਖਿਲਵਾੜ ਹੋ ਰਿਹਾ ਹੈ ਅਜਿਹੇ ਮੌਕੇ ਪ੍ਰਸ਼ਾਸਨ ਮੂਕ ਦਰਸ਼ਕ ਕਿਉਂ ਬਣਿਆਂ ਹੋਇਆ ਹੈ।ਪਾਵਰ ਪਲਾਂਟ ਦੀ ਸੁਆਹ ਸ਼ਹਿਰ ਵਾਸੀਆਂ ਉੱਤੇ ਕਹਿਰ ਢਾਹ ਰਹੀ ਹੈ ਪਲ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਪਤਾ ਨਹੀਂ ਕਿਹੜੀ ਨੁੱਕਰੇ ਬੈਠੇ ਤਮਾਸ਼ਾ ਦੇਖ ਰਹੇ ਹਨ।
ਪੰਜਾਬ ਦੀ ਮਾਨ ਸਰਕਾਰ ਨੇ ਆਪਣੇ ਕੰਨ ਅਤੇ ਜ਼ੁਬਾਨ ਬੰਦ ਕੀਤੇ ਹੋਏ ਹਨ।ਆਗੂਆਂ ਨੇ ਕਿਹਾ ਕਿ 2 ਅਪ੍ਰੈਲ ਨੂੰ ਗਾਰਡਨ ਕਲੋਨੀ, ਇੰਡਸਟਰੀਅਲ ਫੋਕਲ ਪੁਆਇੰਟ ,ਬੰਗਾ ਰੋਡ ਨਵਾਂਸ਼ਹਿਰ ਵਿਖੇ ਸਿਰੇ ਦੀ ਅਣਗਹਿਲੀ ਵਰਤਣ ਵਾਲੇ ਉਕਤ ਅਧਿਕਾਰੀਆਂ ਦੇ ਪੁਤਲਿਆਂ ਨੂੰ ਅਗਨ ਭੇਂਟਾ ਕੀਤਾ ਜਾਵੇਗਾ।ਉਹਨਾਂ ਲੋਕਾਂ ਨੂੰ ਇਸ ਮੌਕੇ ਭਰਵੀਂ ਸ਼ਮੂਲੀਅਤ ਦੀ ਅਪੀਲ ਵੀ ਕੀਤੀ।