ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ 5 ਹਜ਼ਾਰ ਰੁਪਏ ਵਰਦੀ ਭੱਤਾ ਦੇਣ ਦੀ ਮੰਗ
ਅਸ਼ੋਕ ਵਰਮਾ
ਬਠਿੰਡਾ, 1 ਅਪ੍ਰੈਲ 2023 :ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਪੰਜਾਬ ਸਰਕਾਰ ਅਤੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਨੂੰ ਅਪੀਲ ਕੀਤੀ ਹੈ ਕਿ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਵਰਦੀ ਭੱਤਾ 800 ਰੁਪਏ ਸਲਾਨਾ ਦੀ ਥਾਂ 5 ਹਜ਼ਾਰ ਰੁਪਏ ਸਲਾਨਾ ਦਿੱਤਾ ਜਾਵੇ ।
ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਕਿਹਾ ਕਿ ਵਿਭਾਗ ਵੱਲੋਂ ਮਿਤੀ 22 ਮਾਰਚ 2023 ਨੂੰ ਇਕ ਪੱਤਰ ਜਾਰੀ ਕੀਤਾ ਗਿਆ ਸੀ ਕਿ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ 1 ਅਪਰੈਲ 2023 ਤੋਂ ਡਿਊਟੀ ਦੌਰਾਨ ਵਰਦੀਆਂ ਪਾਉਣ ਤੇ ਆਪਣੇ ਨਾਮ ਦਾ ਬੈਜ਼ ਲਗਵਾਉਣ ।
ਉਹਨਾਂ ਕਿਹਾ ਕਿ ਸਾਨੂੰ ਵਰਦੀਆਂ ਪਾਉਣ ਜਾਂ ਬੈਜ਼ ਲਗਵਾਉਣ ਤੇ ਕੋਈ ਇਤਰਾਜ਼ ਨਹੀਂ ਹੈ ਪਰ ਵਰਦੀਆਂ ਲਈ ਦਿੱਤਾ ਜਾਂਦਾ ਭੱਤਾ ਬਹੁਤ ਥੋੜਾ ਹੈ ਤੇ ਦੋ - ਦੋ ਸਾਲ ਮਿਲ਼ਦਾ ਵੀ ਨਹੀਂ । ਇਸ ਕਰਕੇ ਵਰਦੀ ਭੱਤਾ ਘੱਟੋ ਘੱਟ 5 ਹਜ਼ਾਰ ਰੁਪਏ ਸਲਾਨਾ ਦਿੱਤਾ ਜਾਵੇ ਅਤੇ ਇਸ ਦੀ ਅਦਾਇਗੀ ਸਮੇਂ ਸਿਰ ਕੀਤੀ ਜਾਵੇ ।