ਗੁਰਧਾਮਾਂ ਮਗਰੋਂ ਹੁਣ ਹਰਿਆਣਾ ਕਮੇਟੀ ਨੇ 3 ਵਿਦਿਅਕ ਅਦਾਰਿਆਂ ਦੀ ਸੇਵਾ ਸੰਭਾਲੀ
ਚੰਡੀਗੜ੍ਹ, 2 ਅਪ੍ਰੈਲ, 2023: ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੂਬੇ ਵਿਚ ਵੱਖ-ਵੱਖ ਗੁਰਦੁਆਰਾ ਸਾਹਿਬਾਨ ਤੋਂ ਬਾਅਦ ਹੁਣ 3 ਵਿਦਿਅਕ ਅਦਾਰਿਆਂ ਦੀਆਂ ਸੇਵਾਵਾਂ ਵੀ ਸੰਭਾਲ ਲਈਆਂ ਹਨ। ਹਰਿਆਣਾ ਕਮੇਟੀ ਦੇ ਪ੍ਰਧਾਨ ਕਰਮਜੀਤ ਸਿੰਘ ਸੇਵਾਪੰਥੀ ਨੇ ਦੱਸਿਆ ਕਿ ਕਮੇਟੀ ਨੇ ਗੁਰੂ ਤੇਗ ਬਹਾਦਰ ਖਾਲਸਾ ਸਕੂਲ ਕੈਥਲ, ਮਾਤਾ ਸੁੰਦਰੀ ਕਾਲਜ ਨਿਸੰਗ ਅਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਖਾਲਸਾ ਕਾਲਜ ਪੰਜੋਖਰਾ ਸਾਹਿਬ ਦੇ ਪ੍ਰਬੰਧਾਂ ਦੀ ਸੇਵਾ ਸੰਭਾਲ ਲਈ ਹੈ। ਇਹਨਾਂ ਤਿੰਨਾਂ ਅਦਾਰਿਆਂ ਦਾ ਪ੍ਰਬੰਧ ਲੈਣ ਮੌਕੇ ਮਹੰਤ ਕਰਮਜੀਤ ਸਿੰਘ ਸੇਵਾਪੰਥੀ, ਜੂਨੀਅਰ ਮੀਤ ਪ੍ਰਧਾਨ ਬਾਬਾ ਗੁਰਮੀਤ ਸਿੰਘ ਤਿਲੋਕੇਵਾਲਾ, ਜਨਰਲ ਸਕੱਤਰ ਗੁਰਵਿੰਦਰ ਸਿੰਘ ਧਮੀਜਾ ਅਤੇ ਸੰਤ ਬਾਬਾ ਜੋਗਾ ਸਿੰਘ ਕਰਨਾਲ ਨੇ ਇਹਨਾਂ ਅਦਾਰਿਆਂ ਵਿਚ ਪਹੁੰਚ ਕੇ ਸਟਾਫ ਅਤੇ ਪ੍ਰਿੰਸੀਲਾਂ ਨਾਲ ਗੱਲਬਾਤ ਕੀਤੀ।
ਮਹੰਤ ਕਰਮਜੀਤ ਸਿੰਘ ਸੇਵਾਪੰਥੀ ਨੇ ਸਟਾਫ ਨੂੰ ਭਰੋਸਾ ਦੁਆਇਆ ਕਿ ਉਹਨਾਂ ਦੀਆਂ ਮੁਸ਼ਕਿਲਾਂ ਜਲਦਹੱਲ ਕੀਤੀਆਂ ਜਾਣਗੀਆਂ।ਹਰਿਆਣਾ ਕਮੇਟੀ ਨੇ ਪਾਸ ਕੀਤੇ ਆਪਣੇ ਬਜਟ ਵਿਚ ਇਕ ਚੌਥੀ ਹਿੱਸਾ ਸਿੱਖਿਆ ਖੇਤਰ ’ਤੇ ਖਰਚ ਕਰਨ ਦਾ ਫੈਸਲਾ ਲਿਆ ਹੈ।
ਇਸ ਦੌਰਾਨ ਹੀ ਕਮੇਟੀ ਨੇ ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਦੇ ਇਤਿਹਾਸਕ ਗੁਰਦੁਆਰਾ ਲਖਨੌਰ ਸਾਹਿਬ, ਗੁਰਦੁਆਰਾ ਮਰਦੋਂ ਸਾਹਿਬ ਅਤੇ ਗੁਰਦੁਆਰਾ ਗੇਂਦਸਰ ਸਾਹਿਬ ਦੀ ਸੇਵਾ ਸੰਭਾਲ ਲਈ ਹੈ।