ਇੰਡੀਅਨ ਮੈਡੀਕਲ ਪੈ੍ਕਟੀਸ਼ਨਰਜ਼ ਫੈਡਰੇਸ਼ਨ ਵੱਲੋਂ ਦਿੱਲੀ ਧਰਨਾ 5 ਅਪ੍ਰੈਲ ਨੂੰ
ਅਸ਼ੋਕ ਵਰਮਾ
ਮਾਨਸਾ ,2ਅਪਰੈਲ 2023: ਇੰਡੀਅਨ ਮੈਡੀਕਲ ਪੈ੍ਕਟੀਸ਼ਨਰਜ਼ ਫੈਡਰੇਸ਼ਨ ਵੱਲੋਂ ਅਣਰਜਿਸਟਰਡ ਮੈਡੀਕਲ ਪੈ੍ਕਟੀਸ਼ਨਰਜ਼ ਨੂੰ ਮੁੱਢਲੀਆਂ ਸਿਹਤ ਸੇਵਾਵਾਂ ਦੇਣ ਦਾ ਕਾਨੂੰਨੀ ਅਧਿਕਾਰ ਦਵਾਉਣ ਲਈ ਦਿੱਲੀ ਦੇ ਜੰਤਰ ਮੰਤਰ ਚੌਂਕ ਵਿੱਚ 5 ਅਪ੍ਰੈਲ ਨੂੰ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ । ਇਸ ਮੌਕੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਸਿਹਤ ਮੰਤਰੀ ਭਾਰਤ ਸਰਕਾਰ ਨੂੰ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਵੀ ਦਿੱਤਾ ਜਾਵੇਗਾ ।
ਫੈਡਰੇਸ਼ਨ ਦੇ ਨੈਸ਼ਨਲ ਸਕੱਤਰ ਜਨਰਲ ਧੰਨਾ ਮੱਲ ਗੋਇਲ ਅਤੇ ਪ੍ਰਧਾਨ ਸੁਭਾਸ਼ ਸੈਨੀ ਨੇ ਦੱਸਿਆ ਕਿ ਧਰਨਾ ਪ੍ਰਦਰਸ਼ਨ ਵਿੱਚ ਦੇਸ਼ ਦੇ ਵੱਖ ਵੱਖ ਰਾਜਾਂ ਪੰਜਾਬ , ਹਰਿਆਣਾ, ਦਿੱਲੀ , ਬਿਹਾਰ , ਰਾਜਸਥਾਨ , ਮੱਧਪ੍ਰਦੇਸ਼ , ਉਤਰਪ੍ਰਦੇਸ਼, ਝਾਰਖੰਡ ਆਦਿ ਰਾਜਾਂ ਦੇ ਅਣਰਜਿਸਟਰਡ ਮੈਡੀਕਲ ਪੈ੍ਕਟੀਸ਼ਨਰਜ਼ ਦੀਆਂ ਆਗੂ ਟੀਮਾਂ ਸ਼ਮੂਲੀਅਤ ਕਰਨਗੀਆਂ ।
ਉਹਨਾਂ ਦੱਸਿਆ ਕਿ ਇਹ ਉਹ ਮੈਡੀਕਲ ਪੈ੍ਕਟੀਸ਼ਨਰ ਹਨ ਜੋ ਮੈਡੀਕਲ ਖੇਤਰ ਵਿਚ ਲੰਬੇ ਸਮੇਂ ਦਾ ਅਨੁਭਵ ਰੱਖਦੇ ਹਨ ਅਤੇ ਪਿੰਡਾਂ , ਸ਼ਹਿਰਾਂ ਦੀਆਂ ਸਲੱਮ ਬਸਤੀਆਂ ਅਤੇ ਝੁੱਗੀਆਂ ਝੋਪੜੀਆਂ ਵਿੱਚ ਜਿੱਥੇ ਸਰਕਾਰੀ ਤੌਰ ਤੇ ਨਾ ਮਾਤਰ ਸਿਹਤ ਸੇਵਾਵਾਂ ਹਨ ਉਥੇ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਸਸਤੀਆਂ, ਸੌਖੀਆਂ , 24 ਘੰਟੇ ਨਿਰਵਿਘਨ ਅਤੇ ਉਧਾਰੀਆਂ ਸੁਧਾਰੀਆਂ ਸੇਵਾਵਾਂ ਪ੍ਰਦਾਨ ਕਰਦੇ ਹੋਏ ਆਪਣਾ ਸਵੈ ਰੁਜ਼ਗਾਰ ਚਲਾ ਕੇ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਵਡਮੁੱਲਾ ਯੋਗਦਾਨ ਪਾ ਰਹੇ ਹਨ ਅਤੇ ਆਪਣੇ ਪਰਿਵਾਰਾਂ ਨੂੰ ਵੀ ਪਾਲਦੇ ਹਨ।
ਉਹਨਾਂ ਦੱਸਿਆ ਕਿ ਇੰਨਾਂ ਵੱਲੋਂ ਸਰਕਾਰੀ ਤੌਰ ਤੇ ਨੈਸ਼ਨਲ ਸਿਹਤ ਸਕੀਮਾਂ ਪਲਸ ਪੋਲੀਓ , ਵੈਕਸੀਨ , ਟੀਬੀ , ਕੈਂਸਰ ਆਦਿ ਨੂੰ ਲਾਗੂ ਕਰਨ ਅਤੇ ਨਸ਼ਿਆਂ , ਭਰੂਣ ਹੱਤਿਆ ਵਰਗੀਆਂ ਸਮਾਜਿਕ ਅਲਾਮਤਾਂ ਖਿਲਾਫ਼ ਸੈਮੀਨਾਰ ਅਤੇ ਨੁੱਕੜ ਮੀਟਿੰਗਾਂ ਕਰਕੇ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ । ਪਿਛਲੇ ਸਮੇਂ ਕਰੋਨਾ ਕਾਲ ਵਿੱਚ ਇਨ੍ਹਾਂ ਵੱਲੋਂ ਨਿਭਾਏ ਰੋਲ ਨੂੰ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ।
ਉਹਨਾਂ ਦੱਸਿਆ ਕਿ ਇੰਨ੍ਹਾਂ ਵੱਲੋਂ ਸਿਹਤ ਸੇਵਾਵਾਂ ਲੈਣ ਵਾਲੇ ਲੋਕ ਇੰਨਾਂ ਦੀਆਂ ਸਿਹਤ ਸੇਵਾਵਾਂ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਵੀ ਹਨ। ਸੋ ਇੰਨਾਂ ਵੱਲੋਂ ਨਿਭਾਈਆਂ ਜਾਂਦੀਆਂ ਸਿਹਤ ਸੇਵਾਵਾਂ ਅਤੇ ਲੰਮੇ ਤਜਰਬੇ ਅਤੇ ਸਰਕਾਰੀ ਤੌਰ ਤੇ ਨਿਗੂਣੀਆਂ ਸਿਹਤ ਸੇਵਾਵਾਂ ਦੇ ਚਲਦਿਆਂ ਕੋਈ ਪਾਰਟ ਟਾਇਮ ਅਕੈਡਮਿਕ ਸਿੱਖਿਆ ਦੇ ਕੇ ਮੁੱਢਲੀਆਂ ਸਿਹਤ ਸੇਵਾਵਾਂ ਦੇਣ ਦਾ ਕਾਨੂੰਨੀ ਅਧਿਕਾਰ ਦਿੱਤਾ ਜਾਵੇ ਤਾਂ ਜ਼ੋ ਇਹ ਮਾਨ ਅਤੇ ਸਨਮਾਨ ਨਾਲ ਆਪਣਾ ਰੁਜ਼ਗਾਰ ਜਾਰੀ ਰੱਖ ਸਕਣ।
ਉਨ੍ਹਾਂ ਇੰਨ੍ਹਾਂ ਡਾਕਟਰਾਂ ਨੂੰ ਕਲੀਨੀਕਲ ਇਬਲਸਟਮਐਂਟ ਬਿੱਲ ਦੇ ਘੇਰੇ ਤੋਂ ਬਾਹਰ ਰੱਖਣ ਅਤੇ ਬੀਮੇ ਦੀ ਸੁਵਿਧਾ ਦੇਣ ਦੇ ਨਾਲ ਨਾਲ ਸਿਹਤ ਵਿਭਾਗ ਵਿੱਚ ਵਲੰਟੀਅਰ ਦੇ ਤੌਰ ਤੇ ਪਹਿਲ ਦੇ ਆਧਾਰ ਤੇ ਅਡਜਸਟ ਕਰਨ ਦੀ ਅਪੀਲ ਕੀਤੀ ਹੈ ਹੈ ਜਿਸਤਰ੍ਹਾਂ ਨੈਸ਼ਨਲ ਮੈਡੀਕਲ ਕਮਿਸ਼ਨ ਕਾਨੂੰਨ ਤਹਿਤ ਵੱਖ ਵੱਖ ਕੈਟਾਗਰੀਆਂ ਨੂੰ ਮੈਡੀਕਲ ਦੇ ਖੇਤਰ ਵਿੱਚ 6 ਮਹੀਨੇ ਦੀ ਟ੍ਰੇਨਿੰਗ ਦੇ ਕੇ ਸਿਹਤ ਸੇਵਾਵਾਂ ਦੇਣ ਦਾ ਪ੍ਰਬੰਧ ਹੈ ।
ਉਨ੍ਹਾਂ ਕਿਹਾ ਕਿ ਵਿੱਚ ਅਣਰਜਿਸਟਰਡ ਮੈਡੀਕਲ ਪ੍ਰੈਕਟੀਸਨਰਾਂ ਨੂੰ ਵੀ ਸ਼ਾਮਿਲ ਕੀਤਾ ਜਾਵੇ ਅਤੇ 6 ਮਹੀਨਿਆਂ ਦੀ ਟ੍ਰੇਨਿੰਗ ਦੇ ਕੇ ਮੁੱਢਲੀਆਂ ਸਿਹਤ ਸੇਵਾਵਾਂ ਦੇਣ ਦੀ ਕਾਨੂੰਨੀ ਮਾਨਤਾ ਦਿੱਤੀ ਜਾਵੇ।