ਨਿਊਜ਼ੀਲੈਂਡ: Deported-Overstayed ! ਕਿੰਨੇ ਚਲੇ ਗਏ ਤੇ ਭੇਜ ਦਿੱਤੇੇ ? ਕਿੰਨੇ ਅਜੇ ਰੁਕੇ ਹੋਏ ?
- Deported-Overstayed
- ਨਿਊਜ਼ੀਲੈਂਡ ਦੇ ਵਿਚ 13,895 ਮਿਆਦ ਪੁੱਗੇ ਵੀਜ਼ਾ ਧਾਰਕਾਂ ’ਚ 1310 ਭਾਰਤੀ ਵੀ ਹਨ ਸ਼ਾਮਿਲ
- ਟੌਂਗਾ, ਸਾਮੋਆ, ਚਾਈਨਾ ਤੋਂ ਬਾਅਦ ਭਾਰਤੀ ਚੌਥੇ ਨੰਬਰ ’ਤੇ
ਹਰਜਿੰਦਰ ਸਿੰਘ ਬਸਿਆਲਾ
ਆਕਲੈਂਡ, 25 ਮਈ, 2023:-ਨਿਊਜ਼ੀਲੈਂਡ ਦਾ ਇਮੀਗ੍ਰੇਸ਼ਨ ਵਿਭਾਗ ਜਿੱਥੇ ਵੱਖ-ਵੱਖ ਸ਼੍ਰੇਣੀਆਂ ਦੇ ਵੀਜ਼ੇ ਮੁਹੱਈਆ ਕਰਦਾ ਹੈ, ਉਥੇ ਗੈਰ ਕਾਨੂੰਨੀ ਜਾਂ ਮਿਆਦ ਪੁੱਗਣ ਤੋਂ ਬਾਅਦ ਵੀ ਇਥੇ ਰਹਿਣ ਵਾਲਿਆਂ ਨੂੰ ਦੇਸ਼ ਨਿਕਾਲਾ ਦੇਣ ਵਾਲੇ ਕੰਮ ਦੇ ਵਿਚ ਵੀ ਲੱਗਾ ਰਹਿੰਦਾ ਹੈ। ਕਈ ਕੇਸਾਂ ਵਿਚ ਅਦਾਲਤਾਂ ਦੇ ਅਜਿਹੇ ਫੈਸਲੇ ਵੀ ਆਉਂਦੇ ਹਨ। ਜੇਕਰ ਦੇਸ਼ ਨਿਕਾਲੇ ਦਾ ਹੁਕਮ ਹੋ ਜਾਵੇ ਤਾਂ ਇਮੀਗ੍ਰੇਸ਼ਨ ਵਿਭਾਗ ਖੁਦ ਵੀ ਸਬੰਧਿਤ ਲੋਕਾਂ ਨੂੰ ਉਨ੍ਹਾਂ ਦੇ ਦੇਸ਼ ਭੇਜਦਾ ਹੈ ਅਤੇ ਬਹੁਤੇ ਲੋਕ ਵੀ ਆਪਣੇ ਆਪ ਅਤੇ ਸਲਾਹ ਮੰਨ ਕੇ ਸਵੈਇਛੱਤ ਚਲੇ ਜਾਂਦੇ ਹਨ। ਬਹੁਤ ਸਾਰੇ ਲੋਕ ਬਿਨਾਂ ਕਿਸੇ ਦਬਾਅ ਦੇ ਵੀ ਲੰਬੇ ਸਮੇਂ ਬਾਅਦ ਖੁਦ ਹੀ ਚਲੇ ਜਾਂਦੇ ਹਨ।
ਕਈ ਕੇਸਾਂ ਦੇ ਵਿਚ 5 ਸਾਲ ਤੱਕ ਦੁਬਾਰਾ ਆਉਣ ’ਤੇ ਰੋਕ ਲਗ ਜਾਂਦੀ ਹੈ, ਕਈ ਕੇਸਾਂ ਵਿਚ ਪੱਕੀ ਰੋਕ ਵੀ ਲਗਦੀ ਹੈ। ਇਮੀਗ੍ਰੇਸ਼ਨ ਦੇ ਨਾਲ ਸਹਿਯੋਗ ਕਰਨ ਅਤੇ ਕਹਿਣਾ ਮੰਨਣ ਉਤੇ ਕੇਸ ਅਨੁਸਾਰ ਇਸ ਤੋਂ ਬਚਿਆ ਵੀ ਜਾ ਸਕਦਾ ਹੈ। ਕਈ ਕੇਸਾਂ ਵਿਚ 42 ਦਿਨ ਦਾ ਸਮਾਂ ‘ਡੀਪੋਰਟੇਸ਼ਨ ਲਾਇਬਿਲਟੀ ਨੋਟਿਸ’ ਵਜੋਂ ਦਿੱਤਾ ਜਾਂਦਾ ਹੈ ਤਾਂ ਕਿ ਉਹ ਆਪਣੇ ਜਾਣ ਦਾ ਪ੍ਰਬੰਧ ਕਰ ਲਵੇ। ਜੇਕਰ ਕੋਈ ਇਥੇ ਰੈਜ਼ੀਡੈਂਟ ਹੈ ਪਰ ਅਪਰਾਧ ਦਾ ਦੋਸ਼ੀ ਹੈ ਤਾਂ ਉਸਨੂੰ ਵੀ ਧਾਰਾ 161, ਇਮੀਗ੍ਰੇਸ਼ਨ ਐਕਟ 2009 ਦੇ ਅਧੀਨ ਦੇਸ਼ ਨਿਕਾਲਾ (ਤਿੰਨ ਪ੍ਰਤੀਸਿਥੀਆਂ ਦੇ ਵਿਚ) ਦਿੱਤਾ ਜਾ ਸਕਦਾ ਹੈ। ਰੈਜ਼ੀਡੈਂਸੀ ਲੈਣ ਲਈ ਵਰਤੀ ਗਈ ਜਾਅਲੀ ਜਾਣਕਾਰੀ ਵੀ ਦੇਸ਼ ਨਿਕਾਲਾ ਕਰਵਾ ਸਕਦੀ ਹੈ।
ਕਿੰਨਿਆਂ ਨੂੰ ਮਿਲ ਚੁੱਕਾ ਹੈ ਦੇਸ਼ ਨਿਕਾਲਾ? ਜਾਂ ਉਹ ਆਪ ਹੀ ਚਲੇ ਗਏ?
2017-18 ਵਿੱਤੀ ਸਾਲ ਦੇ ਵਿਚ ਕੁੱਲ 2938 ਲੋਕਾਂ ਨੂੰ ਦੇਸ਼ ਨਿਕਾਲਾ ਹੋਇਆ ਜਿਨ੍ਹਾਂ ਵਿਚ 635 ਨੂੰ ਭੇਜਿਆ ਗਿਆ, 1001 ਆਪੇ ਚਲੇ ਗਏ ਅਤੇ 1302 ਸਲਾਹ ਮੰਨ ਕੇ ਸਵੈਇੱਛਤ ਚਲੇ ਗਏ।
2018-19 ਵਿੱਤੀ ਸਾਲ ਦੇ ਵਿਚ ਕੁੱਲ 1777 ਲੋਕਾਂ ਨੂੰ ਦੇਸ਼ ਨਿਕਾਲਾ ਹੋਇਆ ਜਿਨ੍ਹਾਂ ਵਿਚ 449 ਨੂੰ ਭੇਜਿਆ ਗਿਆ, 455 ਆਪੇ ਚਲੇ ਗਏ ਅਤੇ 873 ਸਲਾਹ ਮੰਨ ਕੇ ਸਵੈਇੱਛਤ ਚਲੇ ਗਏ।
2019-20 ਵਿੱਤੀ ਸਾਲ ਦੇ ਵਿਚ ਕੁੱਲ 1507 ਲੋਕਾਂ ਨੂੰ ਦੇਸ਼ ਨਿਕਾਲਾ ਹੋਇਆ ਜਿਨ੍ਹਾਂ ਵਿਚ 381 ਨੂੰ ਭੇਜਿਆ ਗਿਆ, 585 ਆਪੇ ਚਲੇ ਗਏ ਅਤੇ 541 ਸਲਾਹ ਮੰਨ ਕੇ ਸਵੈਇੱਛਤ ਚਲੇ ਗਏ।
2020-21 ਵਿੱਤੀ ਸਾਲ ਦੇ ਵਿਚ ਕੁੱਲ 907 ਲੋਕਾਂ ਨੂੰ ਦੇਸ਼ ਨਿਕਾਲਾ ਹੋਇਆ ਜਿਨ੍ਹਾਂ ਵਿਚ 288 ਨੂੰ ਭੇਜਿਆ ਗਿਆ, 249 ਆਪੇ ਚਲੇ ਗਏ ਅਤੇ 370 ਸਲਾਹ ਮੰਨ ਕੇ ਸਵੈਇੱਛਤ ਚਲੇ ਗਏ।
2021-22 ਵਿੱਤੀ ਸਾਲ ਦੇ ਵਿਚ ਕੁੱਲ 518 ਲੋਕਾਂ ਨੂੰ ਦੇਸ਼ ਨਿਕਾਲਾ ਹੋਇਆ ਜਿਨ੍ਹਾਂ ਵਿਚ 128 ਨੂੰ ਭੇਜਿਆ ਗਿਆ, 154 ਆਪੇ ਚਲੇ ਗਏ ਅਤੇ 236 ਸਲਾਹ ਮੰਨ ਕੇ ਸਵੈਇੱਛਤ ਚਲੇ ਗਏ।
ਕਿੰਨੇ ਕੁ ਹਨ ਨਿਊਜ਼ੀਲੈਂਡ ਦੇ ਵਿਚ ਓਵਰਸਟੇਅਰ (ਮਿਆਦ ਪੁੱਗਾ ਵੀਜ਼ਾ ਧਾਰਕ) ?
2017 ਤੋਂ ਬਾਅਦ ਇਮੀਗ੍ਰੇਸ਼ਨ ਦਾ ਅੰਦਾਜ਼ਾ ਹੈ ਕਿ ਲਗਪਗ 14,000 ਲੋਕ ਇਥੇ ਵੀਜ਼ੇ ਦੀ ਮਿਆਦ ਪੁੱਗਣ ਦੇ ਬਾਅਦ ਵੀ ਰੁਕੇ ਹੋਏ ਹਨ। ਜਿਆਦਾਤਰ ਲੋਕ 25 ਤੋਂ 64 ਸਾਲ ਦੀ ਉਮਰ ਦੇ ਹਨ। ਇਨ੍ਹਾਂ ਵਿਚ ਵਿਜ਼ਟਰ ਵੀਜੇ ਵਾਲੇ ਬਹੁਤਾਤ ਵਿਚ ਹੁੰਦੇ ਰਹੇ ਹਨ। ਉਪਰਲੇ 10 ਦੇਸ਼ਾਂ ਦੇ ਲੋਕ ਜਿਹੜੇ ਇਥੇ ਮਿਆਦ ਪੁੱਗੇ ਵੀਜ਼ੇ ਦੇ ਬਾਵਜੂਦ ਰਹਿ ਰਹੇ ਹਨ ਉਨ੍ਹਾਂ ਦਾ ਵੇਰਵਾ ਇਸ ਤਰ੍ਹਾਂ ਹੈ:- (1) ਟੌਂਗਾ ਦੇਸ਼ ਦੀ ਕੌਮੀਅਤ ਵਾਲੇ 2,498, (2) ਸਾਮੋਆ 1,549, (3) ਚਾਈਨਾ 1,529, (4) ਇੰਡੀਆ 1,310, (5) ਮਲੇਸ਼ੀਆ 790, (6) ਗ੍ਰੇਟ ਬਿ੍ਰਟੇਨ 589, (7) ਫੀਜ਼ੀ 434, (8) ਤੁਵਾਲੂ 358, (9) ਸਾਊਥ ਕੋਰੀਆ 323, (10) ਥਾਈਲੈਂਡ 184 ਅਤੇ ਹੋਰ ਦੂਜੇ ਦੇਸ਼ਾਂ ਤੋਂ 4331 ਹਨ। ਇਸ ਤਰ੍ਹਾਂ ਕੁੱਲ ਗਿਣਤੀ 13,895 ਦੇ ਕਰੀਬ ਹੈ।
ਮੌਜੂਦਾ ਲੇਬਰ ਸਰਕਾਰ ਵੱਲੋਂ ਕਈ ਵਾਰ ਖਬਰਾਂ ਆਈਆਂ ਕਿ ਇਸ ਮਾਮਲੇ ਦੇ ਉਤੇ ਸਰਕਾਰ ਗੰਭੀਰਤਾ ਦੇ ਨਾਲ ਵਿਚਾਰ ਕਰ ਰਹੀ ਹੈ। ਇਮੀਗ੍ਰੇਸ਼ਨ ਮੰਤਰੀ ਸ੍ਰੀ ਮਾਈਕਲ ਵੁੱਡ ਕਹਿ ਚੁੱਕੇ ਹਨ ਕਿ ਸਰਕਾਰ ‘ਪੈਸੇਫਿਕ ਨੇਤਾਵਾਂ ਅਤੇ ਪ੍ਰਵਾਸੀ ਸਮੂਹਾਂ’ ਦੀ ਅਪੀਲ ਉਤੇ ਵਿਚਾਰਾਂ ਕਰ ਰਹੀ ਹੈ। ਇਰੀਲੈਂਡ ਦੇ ਵਿਚ ਅਜਿਹੀ ਇਕ ਸਕੀਮ ਵਰਤੀ ਗਈ ਸੀ ਤਾਂ ਕਿ ਓਵਰਸਟੇਅਰ ਪੱਕੇ ਹੋ ਜਾਣ ਅਤੇ ਅਜਿਹੀ ਸਕੀਮ ਅਜੇ ਨਿਊਜ਼ੀਲੈਂਡ ਦੇ ਵਿਚ ਨਹੀਂ ਹੈ। ਗ੍ਰੀਨ ਪਾਰਟੀ ਨੇ ਵੀ ਓਵਰਸਟੇਅਰ ਦੇ ਲਈ ਕੋਈ ਰਸਤਾ ਲੱਭਣ ਦੀ ਅਪੀਲ ਕੀਤੀ ਸੀ ਅਤੇ ਕਿਹਾ ਸੀ ਕਿ ਓਵਰਸਟੇਅਰ ਦੇ ਨਾਲ ਕਈ ਪ੍ਰਕਾਰ ਦਾ ਅਨਿਆਂ ਹੋ ਰਿਹਾ ਹੈ।