ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗਰਮ ਹਵਾਵਾਂ ਅਤੇ ਲੂ ਦੇ ਮੱਦੇਨਜ਼ਰ ਜ਼ਿਲ੍ਹੇ ਦੇ ਵਸਨੀਕਾਂ ਲਈ ਸਾਵਧਾਨੀਆਂ ਜਾਰੀ
ਨਵਾਂਸ਼ਹਿਰ, 26 ਮਈ 2023: ਜ਼ਿਲ੍ਹਾ ਪ੍ਰਸ਼ਾਸਨ ਸ਼ਹੀਦ ਭਗਤ ਸਿੰਘ ਨਗਰ ਨੇ ਗਰਮ ਹਵਾਵਾਂ ਅਤੇ ਲੂ ਦੇ ਮੱਦੇਨਜ਼ਰ ਜ਼ਿਲ੍ਹੇ ਦੇ ਲੋਕਾਂ ਨੂੰ ਸਾਵਧਾਨੀਆਂ ਅਤੇ ਇਹਤਿਆਤ ਵਰਤਣ ਦੀ ਅਪੀਲ ਕੀਤੀ ਹੈ, ਜਿਨ੍ਹਾਂ ਨਾਲ ਲੂ ਦੇ ਮਾੜੇ ਪ੍ਰਭਾਵ ਤੋਂ ਬਚਿਆ ਜਾ ਸਕਦਾ ਹੈ।
ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ ਅਨੁਸਾਰ ਪੰਜਾਬ ਸਰਕਾਰ ਵੱਲੋਂ ਜਾਰੀ ਇਨ੍ਹਾਂ ਸਾਵਧਾਨੀਆਂ/ਇਹਤਿਆਤਾਂ ਅਨੁਸਾਰ ਗਰਮ ਹਵਾਵਾਂ (ਲੂ) ਦੇ ਚਲਦੇ ਪਾਣੀ ਦੀ ਵੱਧ ਮਾਤਰਾ ਲੈਣ ਦੇ ਨਾਲ-ਨਾਲ, ਹੀਟ ਵੇਵ ਤੋਂ ਬਚਣ ਲਈ ਹਲਕੇ ਭਾਰੇ, ਹਲਕੇ ਰੰਗ ਦੇ ਢਿੱਲੇ ਤੇ ਸੂਤੀ ਕਪੱੜੇ ਪਾਏ ਜਾਣ ਤੇ ਅੱਖਾਂ ’ਤੇ ਧੁੱਪ ਤੋਂ ਬਚਾਅ ਵਾਲੀ ਐਨਕ ਲਾਈ ਜਾਵੇ।
ਯਾਤਰਾ ਕਰਦੇ ਸਮੇਂ ਨਾਲ ਪਾਣੀ ਰੱਖਿਆ ਜਾਵੇ। ਬਾਹਰ ਕੰਮ ਕਰਦੇ ਜਾਣ ਮੌਕੇ ਟੋਪੀ/ਛੱਤਰੀ ਨਾਲ ਰੱਖੋ ਅਤੇ ਆਪਣੇ ਸਿਰ। ਗਰਦਨ, ਚਿਹਰੇ ਅਤੇ ਹੋਰਨਾਂ ਅੰਗਾਂ ’ਤੇ ਗਿੱਲਾ ਕੱਪੜਾ ਫੇਰਦੇ ਰਹੋ। ਬੇਹੋਸ਼ੀ ਜਾਂ ਬਿਮਾਰੀ ਮਹਿਸੂਸ ਹੋਣ ’ਤੇ ਤੁਰੰਤ ਡਾਕਟਰ ਨੂੰ ਮਿਲੋ। ਘਰੇਲੂ ਓ ਆਰ ਐਸ ਜਿਵੇਂ ਲੱਸੀ, ਨਿੰਬੂ ਪਾਣੀ, ਮੱਖਣ ਆਦਿ ਦੀ ਵਰਤੋਂ ਕਰੋ ਅਤੇ ਸਰੀਰ ਨੂੰ ਰੀ-ਹਾਈਡ੍ਰੇਟ ਕਰੋ। ਪੱਖੇ, ਗਿੱਲੇ ਕੱਪੜੇ ਦੀ ਵਰਤੋਂ ਕਰੋ ਅਤੇ ਠੰਡੇ ਪਾਣੀ ਦੀ ਵਰਤੋਂ ਅਤੇ ਇਸ਼ਨਾਨ ਵਾਰ-ਵਾਰ ਕਰੋ।
ਇਨਸਾਨਾਂ ਦੇ ਨਾਲ-ਨਾਲ ਪਸ਼ੂਧਨ ਦਾ ਵੀ ਖਿਆਲ ਰੱਖਣ ਦੀ ਤਾਕੀਦ ਕਰਦਿਆਂ ਪਸ਼ੂਆਂ ਨੂੰ ਾਗਰਮ ਹਵਾਵਾਂ ਅਤੇ ਲੂ ਤੋਂ ਬਚਾਉਣ ਲਈ ਛਾਂਦਾਰ ਮਾਹੌਲ ਦੇਣ ਅਤੇ ਪੀਣ ਲਈ ਭਰਪੂਰ ਪਾਣੀ ਦੇਣ ਦੀ ਸਲਾਹ ਦਿੱਤੀ ਗਈ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਐਮਰਜੈਂਸੀ ਦੀ ਹਾਲਤ ਵਿੱਚ ਐਂਬੂਲੈਂਸ ਅਤੇ ਮੋਬਾਇਲ ਹੈਲਪਲਾਈਨ ਦੀ ਵਰਤੋਂ ਕਰੋ। ਛੋਟੇ ਬੱਚਿਆਂ ਅਤੇ 65 ਸਾਲ ਤੋਂ ਵਧੇਰੇ ਦੇ ਬਜ਼ੁਰਗਾਂ ਨੂੰ ਧੁੱਪ ਤੋਂ ਬਚਾਓ। ਇਸੇ ਤਰ੍ਹਾਂ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਧੁੱਪ ’ਚ ਜਾਣ ਤੋਂ ਬਚੋ। ਬਾਹਰ ਜ਼ਿਆਦਾ ਤਾਪਮਾਨ ਹੋਣ ’ਤੇ ਘਰ ਰਹੋ। ਸ਼ਰਾਬ, ਕੌਫ਼ੀ ਅਤੇ ਕਾਰਬੋਨੇਟਿਡ ਸਖ਼ਤ ਡਿ੍ਰੰਕਸ ਤੋਂ ਬਚੋ। ਉੱਚ ਪ੍ਰੋਟੀਨ ਵਾਲੇ ਭੋਜਨ ਤੋਂ ਪ੍ਰਹੇਜ਼ ਕਰੋ ਤੇ ਬੇਹਾ ਭੋਜਨ ਨਾ ਖਾਓ। ਬੱਚਿਆਂ, 65 ਸਾਲ ਤੋਂ ਵਧੇਰੇ ਦੇ ਬਜ਼ੁਰਗਾਂ ਅਤੇ ਪਾਲਤੂ ਜਾਨਵਰਾਂ ਨੂੰ ਬਾਹਰ ਪਾਰਕਿੰਗ ’ਚ ਖੜ੍ਹੇ ਕੀਤੇ ਵਾਹਨਾਂ ’ਚ ਨਾ ਛੱਡੋ।
ਉਨ੍ਹਾਂ ਕਿਹਾ ਕਿ ਇਨ੍ਹਾਂ ਸਾਵਧਾਨੀਆਂ ਅਤੇ ਇਹਤਿਆਤਾਂ ਦੀ ਵਰਤੋਂ ਕਰਕੇ ਅਸੀਂ ਆਪਣਾ ਗਰਮ ਹਵਾਵਾਂ ਅਤੇੇ ਲੂ ਤੋਂ ਬਚਾਅ ਕਰ ਸਕਦੇ ਹਾਂ।