ਮਾਈਕਿੰਗ ਰਾਹੀਂ ਲੋਕਾਂ 'ਚ ਜਾਗਰੂਕਤਾ ਫੈਲਾਉਣ ਲਈ ਸੀਨੀਅਰ ਮੈਡੀਕਲ ਅਫਸਰ ਨੇ ਪ੍ਰਚਾਰ ਵਾਹਨ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 27 ਮਈ 2023- ਪੋਲੀਓ ਦੀ ਰੋਕਥਾਮ ਲਈ 28 ਮਈ, 2023 ਤੋਂ 30 ਮਈ, 2023 ਤੱਕ ਚਲਾਈ ਜਾ ਰਹੀ ਉਪ ਰਾਸ਼ਟਰੀ ਪਲੱਸ ਪੋਲੀਓ ਮੁਹਿੰਮ ਪ੍ਰਤੀ ਮਾਈਕਿੰਗ ਰਾਹੀਂ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਲਈ ਸੀਨੀਅਰ ਮੈਡੀਕਲ ਅਫਸਰ ਡਾ. ਗੀਤਾਂਜਲੀ ਸਿੰਘ ਨੇ ਅੱਜ ਸੀ.ਐਚ.ਸੀ. ਰਾਹੋੰ ਤੋਂ ਪ੍ਰਚਾਰ ਵਾਹਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।
ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਗੀਤਾਂਜਲੀ ਸਿੰਘ ਨੇ ਦੱਸਿਆ ਕਿ ਪ੍ਰਚਾਰ ਵਾਹਨ ਰਾਹੀਂ ਸ਼ਹਿਰੀ ਖੇਤਰ ਰਾਹੋੰ ਸਮੇਤ ਝੁੱਗੀਆਂ-ਝੌਂਪੜੀਆਂ ਅਤੇ ਸਲੱਮ ਬਸਤੀਆਂ ਦੇ ਪਰਿਵਾਰਾਂ ਨੂੰ ਉਪ ਰਾਸ਼ਟਰੀ ਪਲੱਸ ਪੋਲੀਓ ਮੁਹਿੰਮ ਸਬੰਧੀ ਜਾਗਰੂਕ ਕੀਤਾ ਜਾਵੇਗਾ। ਇਸ ’ਤੇ ਲਾਏ ਸਪੀਕਰ ਰਾਹੀਂ ਪੂਰੇ ਸ਼ਹਿਰ ਵਿੱਚ 0 ਤੋਂ 5 ਸਾਲ ਤੱਕ ਦੇ ਸਾਰੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਉਣ ਦੀ ਮੁਨਾਦੀ ਕੀਤੀ ਜਾ ਰਹੀ ਹੈ।
ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਭਾਵੇਂ ਬੱਚਾ ਬਿਮਾਰ ਹੈ, ਪਹਿਲਾਂ ਦਵਾਈ ਪੀਤੀ ਹੋਈ ਹੈ ਜਾਂ ਬੱਚਾ ਨਵ ਜੰਮਿਆਂ ਹੈ ਤਾਂ ਵੀ ਉਹ ਬੱਚੇ ਨੂੰ ਪੋਲੀਓ ਦਵਾਈ ਦੀਆਂ ਬੂੰਦਾਂ ਜ਼ਰੂਰ ਪਿਲਾਉਣ, ਕਿਉਂਕਿ ਪੋਲੀਓ ਵੈਕਸੀਨ ਬੱਚੇ ਨੂੰ ਜੀਵਨ ਭਰ ਸੁਰੱਖਿਆ ਪ੍ਰਦਾਨ ਕਰਦੀ ਹੈ।
ਡਾ. ਸਿੰਘ ਨੇ ਦੱਸਿਆ ਕਿ 2011 ਤੋਂ ਬਾਅਦ ਭਾਰਤ ਵਿੱਚ ਪੋਲੀਓ ਦਾ ਕੋਈ ਵੀ ਕੇਸ ਨਹੀਂ ਸਾਹਮਣੇ ਆਇਆ ਪਰ ਗੁਆਂਢੀ ਦੇਸ਼ ਪਾਕਿਸਤਾਨ ਤੇ ਅਫਗਾਨਿਸਤਾਨ ਵਿਚ ਪੋਲੀਓ ਦੇ ਕੇਸ ਪਾਏ ਜਾ ਰਹੇ ਹਨ, ਜਿਸ ਕਰਕੇ ਭਾਰਤ 'ਤੇ ਇਸ ਬਿਮਾਰੀ ਦਾ ਖਤਰਾ ਮੰਡਰਾ ਰਿਹਾ ਹੈ। ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਆਪਣੇ ਜ਼ਿਲ੍ਹੇ ਵਿਚ ਇਸ ਮੁਹਿੰਮ ਨੂੰ ਸਫਲ ਬਣਾਉਣ ਦੀ ਲੋੜ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ ਕਰੁਣਾ, ਬੀਈਈ ਮਨਿੰਦਰ ਸਿੰਘ, ਹੈਲਥ ਇੰਸਪੈਕਟਰ ਰਵੀਇੰਦਰ ਸਿੰਘ, ਫਾਰਮੇਸੀ ਅਫਸਰ ਰਾਜਵਿੰਦਰ ਕੌਰ, ਏ ਐੱਨ ਐੱਮ ਹਰਜਿੰਦਰ ਕੌਰ, ਹੈਲਥ ਕਰਮੀ ਮਨਦੀਪ ਸਿੰਘ, ਗੁਲਸ਼ਨ ਕੁਮਾਰ, ਪਰਮਜੀਤ ਸਿੰਘ, ਮੰਗਲ ਸਿੰਘ ਸਮੇਤ ਆਸ਼ਾ ਵਰਕਰਾਂ ਤੇ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।