ਪੰਜਾਬ ਦੇ ਸਕੂਲਾਂ ਚ ਤੇਲਗੂ ਪੜ੍ਹਾਉਣ ਸ਼ੁਰੂਆਤ - ਬੋਰਡ ਪ੍ਰੀਖਿਆਵਾਂ ਚ 4683 ਵਿਦਿਆਰਥੀ ਪੰਜਾਬੀ ਵਿੱਚੋਂ ਹੋਏ ਫੇਲ੍ਹ ( ਤੈਲਗੂ ਬਾਰੇ ਹੁਕਮਾਂ ਦੀ ਕਾਪੀ ਪੜ੍ਹੋ )
- ਮਾਂ ਬੋਲੀ ਪੰਜਾਬੀ ਨੂੰ ਹੋਰ ਵਧੇਰੇ ਪ੍ਰਫੁਲਿਤ ਕਰੇ ਸਰਕਾਰ: ਰਘਵੀਰ ਭਵਾਨੀਗੜ੍ਹ
- ਬੋਰਡ ਦੀਆਂ ਪ੍ਰੀਖਿਆਵਾਂ ਵਿੱਚ 4683 ਵਿਦਿਆਰਥੀ ਮਾਂ ਬੋਲੀ ਪੰਜਾਬੀ ਵਿੱਚੋਂ ਹੋਏ ਹਨ ਫੇਲ
ਦਲਜੀਤ ਕੌਰ
ਸੰਗਰੂਰ, 27 ਮਈ 2023: ਜਿਲ੍ਹਾ ਸਿੱਖਿਆ ਅਫਸਰ (ਸੈ.ਸਿ) ਸੰਗਰੂਰ ਵੱਲੋਂ ਜ਼ਿਲ੍ਹਾ ਸੰਗਰੂਰ ਦੇ ਸਮੂਹ ਸਕੂਲ ਮੁਖੀਆਂ ਨੂੰ ਪੱਤਰ ਜਾਰੀ ਕਰ ਵਿਦਿਆਰਥੀਆਂ ਨੂੰ "ਏਕ ਭਾਰਤ ਸਰੇਸ਼ਟ ਭਾਰਤ ਅਧੀਨ" ਤੇਲਗੂ ਭਾਸ਼ਾ ਸਬੰਧੀ ਗਤੀਵਿਧੀ ਕਰਵਾਉਣ ਲਈ ਲਿਖਿਆ ਗਿਆ ਹੈ। ਇਸ ਪੱਤਰ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਹਦਾਇਤ ਕੀਤੀ ਹੈ ਹੈ ਕਿ ਪੰਜਾਬ ਨੂੰ "ਏਕ ਭਾਰਤ ਸ਼ਰੇਸ਼ਠ ਭਾਰਤ" ਅਧੀਨ ਆਂਧਰਾ ਪ੍ਰਦੇਸ਼ ਨਾਲ ਗਰੁੱਪ ਕੀਤਾ ਗਿਆ ਹੈ। ਇਸ ਲਈ ਵਿਦਿਆਂਰਥੀਆਂ ਨੂੰ ਆਂਧਰਾ ਪ੍ਰਦੇਸ਼ ਦੀ ਭਾਸ਼ਾ ਤੇਲਗੂ ਵਿੱਚ 100 ਛੋਟੇ ਵਾਕਾਂ ਰਾਹੀਂ ਸਹਿਜ ਬਣਾਇਆ ਜਾਵੇ। ਪ੍ਰਾਪਤ ਜਾਣਕਾਰੀ ਅਨੁਸਾਰ "ਏਕ ਭਾਰਤ ਸ੍ਰੇਸ਼ਠ ਭਾਰਤ" ਅਧੀਨ ਆਂਧਰਾ ਪ੍ਰਦੇਸ਼ ਦੇ ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ ਸਿਖਾਈ ਜਾਵੇਗੀ। ਇਸ ਸਬੰਧੀ ਸਾਰੀ ਕਾਰਵਾਈ 30 ਮਈ ਤੱਕ ਪੂਰੀ ਕਰਨ ਲਈ ਕਿਹਾ ਗਿਆ ਹੈ। ਸਬੰਧਿਤ ਗਤੀਵਿਧੀਆਂ ਦੀਆਂ ਫੋਟੋਆਂ ਅਤੇ ਵੀਡਿਓਜ ਨੂੰ ਸਕੂਲ ਦੇ ਸੋਸ਼ਲ ਮੀਡਿਆ ਪਲੇਟਫਾਰਮ ਤੇ ਅਪਲੋਡ ਕਰਨ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਇਸਦਾ ਲਿੰਕ ਭੇਜੇ ਗਏ ਗੂਗਲ ਫਾਰਮ ਵਿੱਚ ਵੀ ਭਰਨ ਲਈ ਵੀ ਕਿਹਾ ਗਿਆ ਹੈ।

ਮਾਤ ਭਾਸ਼ਾ ਪੰਜਾਬੀ ਵਿਸ਼ੇ ਵਿੱਚ 4683 ਵਿਦਿਆਰਥੀ ਫੇਲ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸ਼ੁੱਕਰਵਾਰ ਨੂੰ ਐਲਾਨੇ ਦਸਵੀਂ ਜਮਾਤ ਦੇ ਨਤੀਜਿਆਂ 'ਚ 2265 ਵਿਦਿਆਰਥੀ ਪੰਜਾਬੀ ਵਿਸ਼ੇ 'ਚ ਫੇਲ੍ਹ ਹੋ ਗਏ ਹਨ। ਇਸ ਤੋਂ ਪਹਿਲਾਂ ਇਸੇ ਅਕਾਦਮਿਕ ਵਰ੍ਹੇ ਦੀ ਬਾਰ੍ਹਵੀਂ ਜਮਾਤ 'ਚ ਵੀ 1755 ਅਤੇ ਅੱਠਵੀਂ ਜਮਾਤ 'ਚ 663 ਵਿਦਿਆਰਥੀ ਪੰਜਾਬੀ ਮਾਤ ਭਾਸ਼ਾ ਪੰਜਾਬੀ ਵਿੱਚੋਂ ਫੇਲ੍ਹ ਹੋਏ ਹਨ। ਇਸ ਤਰ੍ਹਾਂ ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਜਮਾਤ ਵਿੱਚ ਕੁੱਲ 4683 ਵਿਦਿਆਰਥੀ ਪੰਜਾਬੀ ਭਾਸ਼ਾ ਵਿਚ ਫੇਲ ਹੋਏ ਸਨ।ਇਸ ਸੰਬੰਧੀ ਪ੍ਰਤੀਕਰਮ ਦਿੰਦਿਆਂ ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਨੇ ਇਸ ਬਾਰੇ ਪੜਚੋਲ ਕਰਨ ਅਤੇ ਪੰਜਾਬੀ ਭਾਸ਼ਾ ਨੂੰ ਹੋਰ ਵਧੇਰੇ ਪ੍ਰਫੁਲਿਤ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਮਾਤ ਭਾਸ਼ਾ ਪੰਜਾਬੀ ਦਾ ਵਿਕਾਸ ਕਰਨ ਦੀ ਥਾਂ ਤੇ ਹੋਰ ਭਾਸ਼ਾਵਾਂ ਨੂੰ ਪੜਾਉਣਾ ਆਪਣੇ ਵਿੱਚ ਇੱਕ ਪ੍ਰਸ਼ਨ ਚਿੰਨ੍ਹ ਹੈ।