ਕੈਨੇਡਾ: ਅਲਬਰਟਾ ਵਿਧਾਨ ਸਭਾ ਚੋਣਾਂ ‘ਚ ਐਨਡੀਪੀ ਅਤੇ ਯੂਸੀਪੀ ਵਿਚਾਲੇ ਫਸਵੀਂ ਟੱਕਰ
18 ਪੰਜਾਬੀ/ਭਾਰਤੀ ਵੀ ਚੋਣ ਮੈਦਾਨ ਵਿਚ ਨਿੱਤਰੇ
ਹਰਦਮ ਮਾਨ
ਸਰੀ, 28 ਮਈ 2023- ਬੀ.ਸੀ. ਦੇ ਲਾਗਲੇ ਸੂਬੇ ਅਲਬਰਟਾ ਵਿਚ ਵਿਧਾਨ ਸਭਾ ਲਈ 29 ਮਈ ਨੂੰ ਹੋ ਰਹੀਆਂ ਚੋਣਾਂ ਵਿਚ ਮੁੱਖ ਮੁਕਾਬਲਾ ਅਲਬਰਟਾ ਐਨ ਡੀ ਪੀ ਅਤੇ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ (ਯੂ ਸੀ ਪੀ) ਵਿਚਕਾਰ ਹੈ ਅਤੇ ਦੋਹਾਂ ਧਿਰਾਂ ਵਿਚਾਲੇ ਸਖਤ ਟੱਕਰ ਹੈ। ਇਨ੍ਹਾਂ ਚੋਣਾਂ ਵਿਚ ਵੱਖ ਵੱਖ ਹਲਕਿਆਂ ਤੋਂ 18 ਪੰਜਾਬ/ਭਾਰਤੀ ਵੀ ਚੋਣ ਮੈਦਾਨ ਵਿਚ ਨਿੱਤਰੇ ਹਨ।
ਲੇਜ਼ਰ ਪੋਲ ਵੱਲੋਂ 23 ਤੋਂ 25 ਮਈ ਤੱਕ ਕਰਵਾਏ ਗਏ ਇਕ ਤਾਜ਼ਾ ਸਰਵੇਖਣ ਵਿਚ ਐਨ ਡੀ ਪੀ ਨਾਲੋਂ ਯੂ ਸੀ ਪੀ ਦੀ ਮਾਮੂਲੀ ਚੜ੍ਹਤ ਦਿਖਾਈ ਗਈ ਹੈ। 1,011 ਲੋਕਾਂ ਦੇ ਇਸ ਸਰਵੇਖਣ ਅਨੁਸਾਰ ਯੂਸੀਪੀ ਨੂੰ 49 ਪ੍ਰਤੀਸ਼ਤ ਨਿਰਧਾਰਿਤ ਵੋਟਰਾਂ ਦਾ ਸਮਰਥਨ ਦਿਖਾਇਆ ਗਿਆ ਹੈ ਅਤੇ ਐਨਡੀਪੀ ਨੂੰ 46 ਪ੍ਰਤੀਸ਼ਤ। ਕੈਲਗਰੀ ਮੈਟਰੋਪੋਲੀਟਨ ਖੇਤਰ, ਜੋ ਸਮੁੱਚੀ ਚੋਣ ਦਾ ਫੈਸਲਾਕੁੰਨ ਕੇਂਦਰ ਸਮਝਿਆ ਜਾਂਦਾ ਹੈ, ਉੱਥੇ 48 ਤੋਂ 46 ਪ੍ਰਤੀਸ਼ਤ ਵੋਟਾਂ ਨਾਲ ਯੂ ਸੀ ਪੀ ਅੱਗੇ ਦਿਖਾਈ ਦੇ ਰਹੀ ਹੈ।

ਐਡਮਿੰਟਨ ਖੇਤਰ ਵਿੱਚ ਐਨਡੀਪੀ ਦੀ ਕਮਾਂਡਿੰਗ ਲੀਡ ਹੈ ਪਰ ਸਰਵੇਖਣ ਵਿਚ ਭਾਗ ਲੈਣ ਵਾਲੇ 38 ਪ੍ਰਤੀਸ਼ਤ ਲੋਕਾਂ ਨੇ ਯੂਸੀਪੀ ਦੀ ਸਰਕਾਰ ਬਣਨ ਦੀ ਭਵਿੱਖਬਾਣੀ ਕੀਤੀ ਹੈ ਜਦੋਂ ਕਿ 32 ਪ੍ਰਤੀਸ਼ਤ ਲੋਕਾਂ ਅਨੁਸਾਰ ਐਨਡੀਪੀ ਦੀ ਸਰਕਾਰ ਬਣੇਗੀ। ਲੇਜ਼ਰ ਪੋਲ ਐਡਮਿੰਟਨ ਮੈਟਰੋਪੋਲੀਟਨ ਖੇਤਰ ਵਿੱਚ 56 ਪ੍ਰਤੀਸ਼ਤ ਨਾਲ ਐਨ ਡੀ ਪੀ ਦੀ ਕਮਾਂਡਿੰਗ ਲੀਡ ਦਰਸਾਉਂਦਾ ਹੈ ਅਤੇ ਯੂਸੀ ਪੀ ਨੂੰ 40 ਪ੍ਰਤੀਸ਼ਤ। ਪਰ ਦੋ ਮੁੱਖ ਸ਼ਹਿਰਾਂ ਤੋਂ ਬਾਹਰ ਦੇ ਖੇਤਰਾਂ ਵਿੱਚ ਐਨ ਡੀ ਪੀ ਦੇ 36 ਪ੍ਰਤੀਸ਼ਤ ਦੇ ਮੁਕਾਬਲੇ ਯੂ ਸੀ ਪੀ 60 ਪ੍ਰਤੀਸ਼ਤ ਨਾਲ ਹਾਵੀ ਹੈ।
ਯੂਨੀਵਰਸਿਟੀ ਆਫ਼ ਕੈਲਗਰੀ ਦੀ ਰਾਜਨੀਤਿਕ ਵਿਗਿਆਨੀ ਲੀਜ਼ਾ ਯੰਗ ਨੇ ਕਿਹਾ ਕਿ ਕਈ ਤਾਜ਼ਾ ਸਰਵੇਖਣਾਂ ਦੇ ਨਤੀਜੇ ਕੁੱਲ ਮਿਲਾ ਕੇ ਇਕ ਦੂਜੇ ਦੇ ਨੇੜੇ ਤੇੜੇ ਹੀ ਹਨ ਅਤੇ ਲੱਗਦਾ ਹੈ ਕਿ ਬਹੁਤ ਹੀ ਫਸਵੇਂ ਮੁਕਾਬਲੇ ਵਿਚ ਯੂ ਸੀ ਪੀ ਜਿੱਤ ਨੂੰ ਚੁੰਮ ਲਵੇਗੀ।
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
ਫੋਨ: +1 604 308 6663
ਈਮੇਲ : maanbabushahi@gmail.com