ਮਹਿਲਾ ਪਹਿਲਵਾਨਾਂ ਤੇ ਨਵਸ਼ਰਨ ਦੇ ਹੱਕ 'ਚ ਹਜ਼ਾਰਾਂ ਔਰਤਾਂ ਨੇ ਕੀਤਾ ਗਵਰਨਰ ਭਵਨ ਵੱਲ ਮਾਰਚ
- ਅੱਜ ਜੰਤਰ ਮੰਤਰ ਤੋਂ ਪਹਿਲਵਾਨ ਕੁੜੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਨਿੰਦਾ ਕਰਦਿਆਂ ਇਕੱਤਰਤਾ ਨੇ ਤੁਰੰਤ ਰਿਹਾਈ ਦੀ ਕੀਤੀ ਮੰਗ
ਚੰਡੀਗੜ੍ਹ 28 ਮਈ 2023 - ਭਾਕਿਯੂ (ਏਕਤਾ-ਉਗਰਾਹਾਂ) ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੱਦੇ ਤਹਿਤ ਅੱਜ ਹਜ਼ਾਰਾਂ ਔਰਤਾਂ ਵੱਲੋਂ ਮਹਿਲਾ ਪਹਿਲਵਾਨਾਂ ਦੇ ਹੱਕ 'ਚ ਅਤੇ ਮੋਦੀ ਸਰਕਾਰ ਵੱਲੋਂ ਡਾਕਟਰ ਨਵਸ਼ਰਨ ਨੂੰ ਝੂਠੇ ਕੇਸ 'ਚ ਫਸਾਉਣ ਦੇ ਕੀਤੇ ਜਾ ਰਹੇ ਯਤਨਾਂ ਵਿਰੁੱਧ ਗਵਰਨਰ ਹਾਊਸ ਵੱਲ ਰੋਹ ਭਰਪੂਰ ਮਾਰਚ ਕੀਤਾ ਗਿਆ।
ਇਸ ਮੌਕੇ ਪ੍ਰਧਾਨ ਮੰਤਰੀ ਦੇ ਨਾਂਅ ਭੇਜੇ ਗਏ ਮੰਗ ਪੱਤਰ ਰਾਹੀਂ ਮੰਗ ਕੀਤੀ ਗਈ ਕਿ ਜਿਣਸੀ ਸ਼ੋਸ਼ਣ ਦੇ ਦੋਸ਼ਾਂ ਤਹਿਤ ਦੋ ਮੁਕੱਦਮਿਆਂ ਚ ਨਾਮਜ਼ਦ ਭਾਜਪਾ ਦੇ ਸੰਸਦ ਮੈਂਬਰ ਅਤੇ ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਬਿਰਜ ਭੂਸ਼ਣ ਨੂੰ ਗਿਰਫ਼ਤਾਰ ਕੀਤਾ ਜਾਵੇ,ਜੰਤਰ ਮੰਤਰ ਤੇ ਧਰਨਾ ਦੇ ਰਹੀਆਂ ਮਹਿਲਾ ਪਹਿਲਵਾਨਾ ਦੁਆਲੇ ਕੀਤੀ ਪੁਲਿਸ ਦੀ ਘੇਰਾਬੰਦੀ ਹਟਾਈ ਜਾਵੇ, ਜਮਹੂਰੀ ਹੱਕਾਂ ਦੀ ਉੱਘੀ ਸ਼ਖ਼ਸੀਅਤ ਡਾਕਟਰ ਨਵਸ਼ਰਨ ਨੂੰ ਈ ਡੀ ਰਾਹੀਂ ਤੰਗ ਪ੍ਰੇਸ਼ਾਨ ਕਰਨਾ ਬੰਦ ਕੀਤਾ ਜਾਵੇ ਅਤੇ ਨਵਸ਼ਰਨ ਸਮੇਤ ਹੋਰਨਾਂ ਔਰਤ ਕਾਰਕੁੰਨਾਂ ਨੂੰ ਝੂਠੇ ਕੇਸ ਫਸਾਉਣ ਦੇ ਯਤਨ ਰੱਦ ਕੀਤੇ ਜਾਣ, ਗਿਰਫ਼ਤਾਰ ਕੀਤੇ ਲੋਕ ਪੱਖੀ ਬੁੱਧੀਜੀਵੀਆਂ ਤੇ ਜਮਹੂਰੀ ਹੱਕਾਂ ਦੇ ਕਾਰਕੁੰਨਾਂ ਨੂੰ ਰਿਹਾਅ ਕੀਤਾ ਜਾਵੇ ਅਤੇ ਸਭਨਾਂ ਸੰਸਥਾਵਾਂ ਅੰਦਰ ਔਰਤਾਂ ਲਈ ਸੁਰੱਖਿਅਤ ਮਾਹੌਲ ਦੀ ਗਰੰਟੀ ਕੀਤੀ ਜਾਵੇ।
ਗਵਰਨਰ ਭਵਨ ਵੱਲ ਮਾਰਚ ਤੋਂ ਪਹਿਲਾਂ ਗੁਰਦੁਆਰਾ ਅੰਬ ਸਾਹਿਬ ਨੇੜੇ ਕੀਤੀ ਵਿਸ਼ਾਲ ਔਰਤ ਰੈਲੀ ਨੂੰ ਮਹਿਲਾ ਕਿਸਾਨ ਆਗੂ ਹਰਿੰਦਰ ਬਿੰਦੂ, ਕੁਲਦੀਪ ਕੌਰ ਕੁੱਸਾ, ਮਹਿਲਾ ਖੇਤ ਮਜ਼ਦੂਰ ਆਗੂ ਪਰਮਜੀਤ ਕੌਰ ਸਲੇਮਗੜ੍ਹ ਤੋਂ ਇਲਾਵਾ ਕਮਲਜੀਤ ਕੌਰ ਬਰਨਾਲਾ, ਮਨਦੀਪ ਕੌਰ ਬਾਰਨ, ਬੀਕੇਯੂ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜ਼ੋਰਾ ਸਿੰਘ ਨਸਰਾਲੀ ਤੇ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਸੰਬੋਧਨ ਕੀਤਾ।
ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ , ਡਾਕਟਰ ਨਵਸ਼ਰਨ ਦੇ ਪਰਿਵਾਰ ਦੀ ਤਰਫੋਂ ਡਾਕਟਰ ਅਰੀਤ, ਉੱਘੇ ਰੰਗਕਰਮੀ ਡਾ: ਸਾਹਿਬ ਸਿੰਘ ਤੇ ਕੇਵਲ ਧਾਲੀਵਾਲ, ਜਮਹੂਰੀ ਅਧਿਕਾਰ ਸਭਾ ਦੇ ਸੂਬਾਈ ਆਗੂ ਬੂਟਾ ਸਿੰਘ ਮਹਿਮੂਦਪੁਰ ਅਤੇ ਪ੍ਰਗਤੀਸ਼ੀਲ ਲੇਖਕ ਸੰਘ ਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਆਗੂ ਡਾਕਟਰ ਸੁਖਦੇਵ ਸਿਰਸਾ ਨੇ ਵੀ ਆਪਣੇ ਸੰਬੋਧਨ ਦੌਰਾਨ ਯਕਜਹਿਤੀ ਸੰਦੇਸ਼ ਦਿੱਤਾ ਸੰਬੋਧਨ ਕੀਤਾ।
ਬੁਲਾਰਿਆਂ ਨੇ ਆਖਿਆ ਕਿ ਸਾਡੇ ਮਰਦ ਪ੍ਰਧਾਨ ਸਮਾਜ ਵਿੱਚ ਭਾਵੇਂ ਸਦੀਆਂ ਤੋਂ ਹੀ ਔਰਤ ਵਰਗ ਧੱਕੇ , ਜ਼ਬਰ , ਜਿਣਸੀ ਸ਼ੋਸ਼ਣ ਤੇ ਨਾਬਰਾਬਰੀ ਵਰਗੀਆਂ ਅਨੇਕਾਂ ਅਲਾਮਤਾਂ ਦਾ ਸ਼ਿਕਾਰ ਹੈ ਪਰ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਜਪਾ ਵੱਲੋਂ ਸੱਤਾ ਸੰਭਾਲਣ ਤੋਂ ਬਾਅਦ ਔਰਤਾਂ ਨਾਲ ਅਨਿਆਂ, ਜਬਰ ਜ਼ਿਨਾਹ ਤੇ ਵਧੀਕੀਆਂ ਦੇ ਮਾਮਲੇ ਆਏ ਦਿਨ ਸਿਖਰਾਂ ਛੋਹ ਰਹੇ ਹਨ।
ਉਹਨਾਂ ਆਖਿਆ ਕਿ ਇਹ ਮੋਦੀ ਸਰਕਾਰ ਦੀ ਮੰਨੂ ਸਿਮਰਤੀ 'ਤੇ ਆਧਾਰਿਤ ਔਰਤ ਵਿਰੋਧੀ ਸੋਚ ਤੇ ਸੱਭਿਆਚਾਰ ਦਾ ਹੀ ਨਤੀਜਾ ਹੈ ਕਿ ਜਿਣਸੀ ਸ਼ੋਸ਼ਣ ਦਾ ਸ਼ਿਕਾਰ ਦੇਸ਼ ਦੀਆਂ ਨਾਮਵਰ ਮਹਿਲਾ ਪਹਿਲਵਾਨਾਂ ਨੂੰ ਇਨਸਾਫ ਲੈਣ ਲਈ ਮਹੀਨਿਆਂ ਬੱਧੀ ਅੰਦੋਲਨ ਕਰਨਾ ਪੈ ਰਿਹਾ ਹੈ। ਇਨਸਾਫ਼ ਦੇਣ ਦੀ ਥਾਂ ਹਕੂਮਤ ਵੱਲੋਂ ਦੋਸ਼ੀ ਬਿਰਜ ਭੂਸ਼ਣ ਦੀ ਪੁਸ਼ਤਪਨਾਹੀ ਕੀਤੀ ਜਾ ਰਹੀ ਹੈ ਜਿਸ ਕਾਰਨ ਨਾਮਜ਼ਦ ਦੋਸ਼ੀ ਵੱਲੋਂ ਮਹਿਲਾ ਪਹਿਲਵਾਨਾਂ ਖਿਲਾਫ ਆਏ ਦਿਨ ਘਟੀਆ ਬਿਆਨਬਾਜ਼ੀ ਕੀਤੀ ਜਾ ਰਹੀ ਹੈ।
ਉਹਨਾਂ ਆਖਿਆ ਕਿ ਮੋਦੀ ਸਰਕਾਰ ਦਿਖਾਵੇ ਮਾਤਰ ਜਮਹੂਰੀਅਤ ਦਾ ਵੀ ਆਏ ਦਿਨ ਘਾਣ ਕਰ ਰਹੀ ਹੈ ਅਤੇ ਦੇਸ਼ ਦੇ ਅੰਦਰ ਅਣ ਐਲਾਨੀ ਐਮਰਜੈਂਸੀ ਲਾਗੂ ਕਰ ਰਹੀ ਹੈ ਇਸੇ ਕਰਕੇ ਹੀ ਦੇਸ਼ ਦੇ ਲੋਕ ਪੱਖੀ ਬੁੱਧੀਜੀਵੀਆਂ ਤੇ ਜਮਹੂਰੀ ਹੱਕਾਂ ਦੇ ਕਾਰਕੁੰਨਾਂ ਨੂੰ ਜੇਲ੍ਹਾਂ 'ਚ ਡੱਕਿਆ ਜਾ ਰਿਹਾ ਹੈ , ਇਸੇ ਨੀਤੀ ਤਹਿਤ ਡਾਕਟਰ ਨਵਸ਼ਰਨ ਨੂੰ ਈ ਡੀ ਰਾਹੀਂ ਪੁੱਛ ਪੜਤਾਲ ਦੇ ਬਹਾਨੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਮਨੀ ਲਾਡਰਿੰਗ ਪ੍ਰੀਵੈਨਸ਼ਨ ਐਕਟ ਤਹਿਤ ਝੂਠੇ ਕੇਸ 'ਚ ਫਸਾਉਣ ਲਈ ਆਧਾਰ ਤਿਆਰ ਕੀਤਾ ਜਾ ਰਿਹਾ ਹੈ।
ਉਹਨਾਂ ਡਾਕਟਰ ਨਵਸ਼ਰਨ ਸਮੇਤ ਹੋਰਨਾਂ ਔਰਤ ਕਾਰਕੁੰਨਾਂ ਤੋਂ ਹੱਥ ਪਰੇ ਰੱਖਣ ਦੀ ਚਿਤਾਵਨੀ ਦਿੰਦਿਆਂ ਆਖਿਆ ਕਿ ਜੇਕਰ ਮੋਦੀ ਸਰਕਾਰ ਬਾਜ਼ ਨਾ ਆਈ ਤਾਂ ਸਾਂਝੇ ਤੇ ਵਿਸ਼ਾਲ ਸੰਘਰਸ਼ ਦਾ ਸੇਕ ਝੱਲਣ ਲਈ ਤਿਆਰ ਰਹੇ। ਅੱਜ ਦੀ ਇਕੱਤਰਤਾ ਨੇ ਜੰਤਰ ਮੰਤਰ ਦਿੱਲੀ ਤੋਂ ਨਵੇਂ ਸੰਸਦ ਭਵਨ ਵੱਲ ਜਾ ਰਹੀਆਂ ਗ੍ਰਿਫ਼ਤਾਰ ਕੀਤੀਆਂ ਪਹਿਲਵਾਨ ਕੁੜੀਆਂ ਅਤੇ ਲੜਕਿਆਂ ਨੂੰ ਤੁਰੰਤ ਰਿਹਾਅ ਕਰਨ ਦੀ ਜ਼ੋਰਦਾਰ ਆਵਾਜ਼ ਬੁਲੰਦ ਕੀਤੀ।