ਦਿੱਲੀ ਵਿਖੇ ਮਹਿਲਾ ਪਹਿਲਵਾਨਾਂ ਉੱਤੇ ਜ਼ਬਰ ਧਰਨਾ ਪੁੱਟਣ ਦੀ ਨਿਖੇਧੀ: ਢਿੱਲਵਾਂ
ਦਲਜੀਤ ਕੌਰ
ਸੰਗਰੂਰ, 28 ਮਈ, 2023: ਦਿੱਲੀ ਦੇ ਜੰਤਰ ਮੰਤਰ ਚੌਂਕ ਵਿੱਚ ਕਰੀਬ ਇਕ ਮਹੀਨੇ ਤੋਂ ਪੱਕਾ ਧਰਨਾ ਲਗਾ ਕੇ ਬੈਠੀਆਂ ਮਹਿਲਾ ਪਹਿਲਵਾਨਾਂ ਨੂੰ ਇਨਸਾਫ ਦੇਣ ਦੀ ਬਜਾਏ ਲਾਠੀਚਾਰਜ ਕਰਕੇ ਜੁਬਾਨ ਬੰਦ ਕਰਵਾਉਣ ਦੀ ਮੋਦੀ ਸਰਕਾਰ ਦੀ ਘਿਨਾਉਣੀ ਹਰਕਤ ਦਾ ਸਮੁੱਚੇ ਦੇਸ਼ ਅਤੇ ਅੰਤਰਰਾਸਟਰੀ ਪੱਧਰ ਉੱਤੇ ਵਿਰੋਧ ਉੱਠ ਰਿਹਾ ਹੈ।ਜਿਸਦਾ ਖਮਿਆਜ਼ਾ ਭਾਜਪਾ ਸਰਕਾਰ ਨੂੰ ਭੁਗਤਣਾ ਪਵੇਗਾ। ਉਕਤ ਵਿਚਾਰ ਦਿੱਲੀ ਵਿਖੇ ਬਣੀ ਨਵੀਂ ਸੰਸਦ ਅੱਗੇ ਮਹਿਲਾ ਪੰਚਾਇਤ ਕਰਨ ਜਾ ਰਹੀਆਂ ਜਿਣਸੀ ਸ਼ੋਸ਼ਣ ਤੋ ਪੀੜਤ ਮਹਿਲਾ ਪਹਿਲਵਾਨਾਂ ਉੱਤੇ ਭਾਜਪਾ ਸਰਕਾਰ ਵੱਲੋਂ ਕੀਤੇ ਜ਼ਬਰ ਉੱਤੇ ਪ੍ਰਤੀਕਰਮ ਜ਼ਾਹਿਰ ਕਰਦਿਆਂ ਬੇਰੁਜ਼ਗਾਰ ਆਗੂ ਸੁਖਵਿੰਦਰ ਸਿੰਘ ਢਿੱਲਵਾਂ ਨੇ ਆਖੇ।
ਓਹਨਾ ਕਿਹਾ ਕਿ ਇਕ ਪਾਸੇ ਮੋਦੀ ਸਰਕਾਰ, 'ਬੇਟੀ ਬਚਾਓ, ਬੇਟੀ ਪੜ੍ਹਾਓ', ਦਾ ਨਾਹਰਾ ਦੇਕੇ ਔਰਤਾਂ ਦੇ ਸਨਮਾਨ ਦਾ ਡਰਾਮਾ ਕਰਦੀ ਹੈ,ਦੂਜੇ ਪਾਸੇ ਭਾਜਪਾ ਸੰਸਦ ਮੈਂਬਰ ਅਤੇ ਕੁਸ਼ਤੀ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਵੱਲੋ ਮਹਿਲਾ ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਮਾਮਲੇ ਵਿਚ ਇਨਸਾਫ਼ ਦੇਣ ਦੀ ਜੁਬਾਨ ਬੰਦੀ ਕੀਤੀ ਜਾ ਰਹੀ। ਉਹਨਾਂ ਕਿਹਾ ਕਿ ਭਾਜਪਾ ਦੇ ਸ਼ਾਸਨ ਕਾਲ ਵਿੱਚ ਜੇਕਰ ਦੇਸ਼ ਲਈ ਸੋਨ ਤਮਗੇ ਜਿੱਤਣ ਵਾਲੀਆ ਪਹਿਲਵਾਨ ਹੀ ਸੁਰੱਖਿਅਤ ਨਹੀਂ ਤਾਂ ਆਮ ਔਰਤਾਂ ਕਿੰਨਾ ਕੂ ਸੁਰੱਖਿਅਤ ਹੋਣਗੀਆਂ ਇਸਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਭਾਰਤ ਪ੍ਰਧਾਨ ਮੰਤਰੀ ਨੂੰ ਸਮੁੱਚੀ ਔਰਤ ਜਾਤੀ ਅਤੇ ਮਹਿਲਾ ਪਹਿਲਵਾਨਾਂ ਤੋ ਮੁਆਫੀ ਮੰਗ ਨੇ ਜਲਦ ਤੋਂ ਜਲਦ ਇਨਸਾਫ਼ ਦੇਣਾ ਚਾਹੀਦਾ ਹੈ।ਫੈਡਰੇਸ਼ਨ ਦੇ ਦੋਸ਼ੀ ਮੁਖੀ ਨੂੰ ਲਾਂਭੇ ਕਰਕੇ ਜੇਲ੍ਹ ਵਿੱਚ ਸੁੱਟਣਾ ਚਾਹੀਦਾ ਹੈ।
ਵਰਨਣਯੋਗ ਹੈ ਕਿ ਵਿਨੇਸ਼ ਫੋਗਾਟ,ਸ਼ਾਕਸੀ ਅਤੇ ਬਜਰੰਗ ਪੂਨੀਆ ਅਧਾਰਤ ਤਿਕੜੀ ਪਿਛਲੇ ਕਰੀਬ ਸਵਾ ਮਹੀਨੇ ਤੋ ਜੰਤਰ ਜੰਤਰ ਦਿੱਲੀ ਵਿਖੇ ਇਨਸਾਫ਼ ਲੈਣ ਲਈ ਮੋਰਚੇ ਉੱਤੇ ਬੈਠੀ ਹੋਈ ਹੈ। ਅੱਜ ਭਾਜਪਾ ਸਰਕਾਰ ਵੱਲੋਂ ਨਵੀਂ ਸੰਸਦ ਇਮਾਰਤ ਦ ਉਦਘਾਟਨ ਕੀਤਾ ਜਾਣਾ ਸੀ। ਸਮੁੱਚੇ ਦੇਸ਼ ਦੀਆਂ ਔਰਤ ਜਥੇਬੰਦੀਆਂ ਨੇ ਪੀੜਤ ਮਹਿਲਾ ਪਹਿਲਵਾਨਾਂ ਦੇ ਸੱਦੇ ਉੱਤੇ ਨਵੀਂ ਸੰਸਦ ਅੱਗੇ ਮਹਿਲਾ ਪੰਚਾਇਤ ਕਰਨੀ ਸੀ।ਜਿਸ ਨੂੰ ਡੱਕਣ ਲਈ ਲਾਠੀਚਾਰਜ ਕੀਤਾ ਗਿਆ ਅਤੇ ਜੰਤਰ ਮੰਤਰ ਵਿਖੇ ਚੱਲਦਾ ਮੋਰਚਾ ਪੁੱਟਣ ਦੀ ਕੋਸ਼ਿਸ਼ ਕੀਤੀ ਗਈ। ਉੱਧਰ ਭਾਵੇਂ ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਪਹਿਲਵਾਨਾਂ ਦ ਸੋਸ਼ਣ ਕਰਨ ਵਾਲੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ ਮਾਮਲਾ ਤਾਂ ਦਰਜ ਕੀਤਾ ਗਿਆ ਹੈ ਪ੍ਰੰਤੂ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ।