← ਪਿਛੇ ਪਰਤੋ
ਕੈਨੇਡਾ: ਗੈਂਗਸਟਰ ਅਮਰਪ੍ਰੀਤ ਸਮਰਾ ਦਾ ਗੋਲੀਆਂ ਮਾਰ ਕੇ ਕਤਲ ਵੈਂਕੂਵਰ, 29 ਮਈ, 2023: ਗੈਂਗਸਟਰ ਅਮਰਪ੍ਰੀਤ ਸਮਰਾ ਉਰਫ ਚੱਕੀ ਦਾ ਅਣਪਛਾਤੇ ਹਮਲਾਵਰਾਂ ਨੇ ਇਕ ਫਰੇਜ਼ਰਵਿਊ ਹਾਲ ਵਿਚ ਰਿਸੈਪਸ਼ਨ ਪਾਰਟੀ ਵਿਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਇਹ ਘਟਨਾ ਸਵੇਰੇ 1.30 ਵਜੇ ਵਾਪਰੀ ਜਦੋਂ ਉਹ ਉਹ ਅੱਧੇ ਘੰਟੇ ਤੋਂ ਵਿਆਹ ਪਾਰਟੀ ਵਿਚ ਨੱਚਣ ਮਗਰੋਂ ਬਾਹਰ ਆ ਰਿਹਾ ਸੀ। ਉਹ ਟਾਪ 11 ਖਤਰਨਾਕ ਗੈਂਗਸਟਰਾਂ ਦੀ ਸੂਚੀ ਵਿਚ ਸ਼ਾਮਲ ਸੀ। ਵਿਆਹ ਸਮਾਗਮ ਵਿਚ ਸ਼ਾਮਲ ਕੁਝ ਲੋਕਾਂ ਨੇ ਦੱਸਿਆ ਕਿ ਕੁਝ ਅਣਪਛਾਤੇ ਵਿਅਕਤੀ ਮੁੜ ਹਾਲ ਵਿਚ ਆਏ ਤੇ ਉਹਨਾਂ ਡੀ ਜੇ ਵਾਲੇ ਨੂੰ ਮਿਊਜ਼ਿਕ ਬੰਦ ਕਰਨ ਵਾਸਤੇ ਆਖਿਆ। ਉਸ ਵੇਲੇ ਹਾਲ ਵਿਚ ਕਰੀਬ 60 ਬੰਦੇ ਮੌਜੂਦ ਸਨ। ਸ਼ੱਕ ਕੀਤਾ ਜਾ ਰਿਹਾ ਹੈ ਕਿ ਹਮਲਾਵਰ ਵਿਰੋਧੀ ਬ੍ਰਦਰਜ਼ ਕੀਪਰਜ਼ ਗਰੁੱਪ ਤੋਂ ਹੋ ਸਕਦੇ ਹਨ। ਘਟਨਾ ਮਗਰੋਂ ਪੁਲਿਸ ਨੇ ਸਰੀ/ਡੈਲਟਾ ਬਾਰਡਰ ’ਤੇ ਇਕ ਸੜਦਾ ਵਾਹਨ ਬਰਾਮਦ ਕੀਤਾ ਹੈ। ਪੁਲਿਸ ਨੂੰ ਖਦਸ਼ਾ ਹੈ ਕਿ ਇਸਦਾ ਜਵਾਬੀ ਹਮਲਾ ਹੋ ਸਕਦਾ ਹੈ। ਵੈਂਕੂਵਰ ਪੁਲਿਸ ਨੇ ਜਾਰੀ ਕੀਤੇ ਬਿਆਨ ਵਿਚ ਦੱਸਿਆ ਕਿ ਕਈ ਲੋਕਾਂ ਨੇ 9-1-1 ’ਤੇ ਫੋਨ ਕਰ ਕੇ ਦੱਸਿਆ ਕਿ ਸਾਊਥ ਵੈਂਕੂਵਰ ਬੈਂਕੁਇਟ ਹਾਲ ਨੇੜੇ ਫਰੇਜ਼ਰ ਸਟ੍ਰੀਟ ਅਤੇ ਸਾਊਥ ਈਸਟ ਡ੍ਰਾਈਵ ਵਿਖੇ 1:30 ਵਜੇ ਸਵੇਰੇ ਇਕ ਵਿਅਕਤੀ ਨੂੰ ਗੋਲੀ ਮਾਰੀ ਗਈ ਹੈ। ਪੈਟਰੋਲ ਅਫਸਰਾਂ ਨੇ ਸੀ ਪੀ ਆਰ ਵੀ ਕੀਤੀ ਪਰ ਉਹ ਜ਼ਖ਼ਮਾਂ ਕਾਰਨ ਦਮ ਤੋੜ ਗਿਆ। ਜਾਂਚਕਾਰਾਂ ਦਾ ਮੰਨਣਾ ਹੈ ਕਿ ਇਹ ਗੈਂਗਵਾਰ ਦਾ ਨਤੀਜਾ ਹੈ। ਇਸਦੀ ਜਾਂਚ ਜਾਰੀ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਕੋਈ ਜਾਣਕਾਰੀ ਹੈ ਤਾਂ ਉਹ 604-717-2500 ਨੰਬਰ ’ਤੇ ਇਸਦੀ ਜਾਣਕਾਰੀ ਦੇ ਸਕਦੇ ਹੈ।
Total Responses : 50