ਬਰਮਿੰਘਮ: ਸ੍ਰੀ ਲਕਸ਼ਮੀ ਨਾਰਾਇਣ ਮੰਦਰ ਬਰਮਿੰਘਮ ਦੇ ਸ਼ੁਭ ਮਹੂਰਤ ਮੌਕੇ ਹੋਏ ਧਾਰਮਿਕ ਸਮਾਗਮ
ਸ਼ਿਖਰ ਪ੍ਰਤਿਸ਼ਠਾ ਮਹੋਤਸਵ ਮੌਕੇ ਭਾਈਚਾਰੇ ਦੀਆਂ ਸਖਸ਼ੀਅਤਾਂ ਨੇ ਭਰੀ ਹਾਜ਼ਰੀ
ਭਾਈਚਾਰੇ ਦੇ ਲੋਕਾਂ ਨੂੰ ਜੋੜਨ ਲਈ ਧਾਰਮਿਕ ਅਦਾਰਿਆਂ ਦਾ ਯੋਗਦਾਨ ਸ਼ਲਾਘਾਯੋਗ: ਕੌਂਸਲ ਜਨਰਲ ਆਫ ਇੰਡੀਆ ਬਰਮਿੰਘਮ
ਮਨਦੀਪ ਖੁਰਮੀ ਹਿੰਮਤਪੁਰਾ
ਬਰਮਿੰਘਮ, 29 ਮਈ, 2023: ਭਾਰਤੀ ਭਾਈਚਾਰੇ ਦੇ ਲੋਕਾਂ ਦੀ ਸੰਘਣੀ ਵਸੋਂ ਵਾਲੇ ਸ਼ਹਿਰ ਬਰਮਿੰਘਮ ਵਿਖੇ ਸ੍ਰੀ ਹਿੰਦੂ ਕਮਿਊਨਿਟੀ ਸੈਂਟਰ ਸ੍ਰੀ ਲਕਸ਼ਮੀ ਨਾਰਾਇਣ ਮੰਦਰ ਦੇ ਸ਼ੁਭ ਮਹੂਰਤ ਮੌਕੇ ਹੋਏ ਧਾਰਮਿਕ ਸਮਾਗਮਾਂ ਵਿੱਚ ਸੈਂਕੜਿਆਂ ਦੀ ਤਾਦਾਦ ਵਿੱਚ ਸੰਗਤਾਂ ਨੇ ਹਾਜ਼ਰੀ ਭਰ ਕੇ ਹਿੱਸਾ ਬਣਿਆ ਗਿਆ। ਦੋ ਰੋਜ਼ਾ ਸ਼ਿਖਰ ਪ੍ਰਤਿਸ਼ਠਾ ਮਹੋਤਸਵ ਮੌਕੇ ਭਾਈਚਾਰੇ ਦੀਆਂ ਸਖਸ਼ੀਅਤਾਂ ਨੇ ਪਰੀਸ਼ ਸ਼ਰਮਾ (ਡਿਪਟੀ ਚੇਅਰਮੈਨ ਕੰਜ਼ਰਵੇਟਿਵ ਯਾਰਡਲੇ ਹਲਕਾ), ਮੁਕੇਸ਼ ਲਡਵਾ (ਪ੍ਰਧਾਨ ਹਿੰਦੂ ਕਮਿਊਨਿਟੀ ਸੈਂਟਰ), ਧੀਰਜ ਭਾਈ ਸ਼ਾਹ (ਟਰੱਸਟੀ ਸੇਵਾ ਯੂਕੇ, ਪ੍ਰੈਜੀਡੈਂਟ ਐੱਚ ਐੱਸ ਐੱਸ ਯੂਕੇ), ਪ੍ਰਵੇਸ਼ ਸ਼ੁਕਲਾ, ਕੌਂਸਲ ਜਨਰਲ ਆਫ ਇੰਡੀਆ ਬਰਮਿੰਘਮ ਡਾ. ਸ਼ਸ਼ਾਂਕ ਵਿਕਰਮ, ਚਮਨ ਲਾਲ ਲੌਰਡ ਮੇਅਰ, ਮਨੋਜ ਕੁਮਾਰ ਤੇ ਨਿਧੀ ਗੌਤਮ (ਹੋਮ ਆਫਿਸ ਯੂਕੇ), ਡਾ. ਰੋਹਿਤ ਸ਼ਰਮਾ ਆਦਿ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰ ਕੇ ਪ੍ਰਭੂ ਜਸ ਸਰਵਣ ਕੀਤਾ ਗਿਆ। ਸਮਾਗਮ ਦੇ ਪਹਿਲੇ ਦਿਨ ਮਹਾਂਪੂਜਾ, ਹਵਨ, ਮਹਾਂਪ੍ਰਸ਼ਾਦ, ਆਰਤੀ ਅਤੇ ਦੂਸਰੇ ਦਿਨ ਸ਼ੋਭਾ ਯਾਤਰਾ, ਮੰਦਰ ਪ੍ਰਦਕਸ਼ਿਨਾ, ਆਭਾਰ ਵਿਧੀ, ਮਹਾਂਪ੍ਰਸ਼ਾਦ, ਭਜਨ ਕੀਰਤਨ ਤੇ ਆਰਤੀ ਆਦਿ ਧਾਰਮਿਕ ਰਸਮਾਂ ਮੌਕੇ ਵੀ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ।
ਇਸ ਪ੍ਰਤੀਨਿਧ ਨਾਲ ਗੱਲਬਾਤ ਦੌਰਾਨ ਕੌਂਸਲ ਜਨਰਲ ਆਫ ਇੰਡੀਆ ਬਰਮਿੰਘਮ ਡਾ. ਸ਼ਸ਼ਾਂਕ ਵਿਕਰਮ ਨੇ ਕਿਹਾ ਕਿ ਜਿੱਥੇ ਅਸੀਂ ਸ੍ਰੀ ਲਕਸ਼ਮੀ ਨਾਰਾਇਣ ਮੰਦਰ ਬਰਮਿੰਘਮ ਦੇ ਸ਼ੁਭ ਮਹੂਰਤ ਦੀ ਲੱਖ-ਲੱਖ ਵਧਾਈ ਪੇਸ਼ ਕਰਦੇ ਹਾਂ, ਉੱਥੇ ਦੋ ਰੋਜ਼ਾ ਧਾਰਮਿਕ ਸਮਾਗਮਾਂ ਵਿੱਚ ਹਾਜ਼ਰੀ ਭਰ ਕੇ ਬੇਹੱਦ ਉਤਸ਼ਾਹਿਤ ਤੇ ਖੁਸ਼ ਮਹਿਸੂਸ ਕਰ ਰਹੇ ਹਾਂ।
ਭਾਈਚਾਰੇ ਦੇ ਸਰਗਰਮ ਨੌਜਵਾਨ ਆਗੂ ਪ੍ਰਵੇਸ਼ ਸ਼ੁਕਲਾ ਨੇ ਵੀ ਸ੍ਰੀ ਹਿੰਦੂ ਕਮਿਊਨਿਟੀ ਸੈਂਟਰ ਅਤੇ ਸ੍ਰੀ ਲਕਸ਼ਮੀ ਨਾਰਾਇਣ ਮੰਦਰ ਬਰਮਿੰਘਮ ਦੀ ਸਮੁੱਚੀ ਪ੍ਰਬੰਧਕੀ ਟੀਮ ਨੂੰ ਹਾਰਦਿਕ ਵਧਾਈ ਪੇਸ਼ ਕੀਤੀ।