ਅਕਾਲੀ ਦਲ ਤੋਂ ਬਾਅਦ ਕਾਂਗਰਸ ਆਈ ਡਾ. ਬਰਜਿੰਦਰ ਸਿੰਘ ਹਮਦਰਦ ਦੇ ਹੱਕ 'ਚ
ਰਵੀ ਜੱਖੂ
ਚੰਡੀਗੜ੍ਹ, 29 ਮਈ 2023- ਅਜੀਤ ਗਰੁੱਪ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਦੇ ਹੱਕ ਵਿੱਚ ਅਕਾਲੀ ਦਲ ਤੋਂ ਬਾਅਦ ਕਾਂਗਰਸ ਆ ਗਈ ਗਈ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਡਾ. ਹਮਦਰਦ ਦੇ ਹੱਕ ਵਿਚ ਟਵੀਟ ਕਰਕੇ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ।
ਰਾਜਾ ਵੜਿੰਗ ਨੇ ਟਵੀਟ ਕਰਦੇ ਹੋਏ ਲਿਖਿਆ ਕਿ, ਰੋਜ਼ਾਨਾ ਅਜੀਤ ਦੇ ਮੁੱਖ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਜੀ ਵਿਰੁੱਧ ਪੰਜਾਬ ਸਰਕਾਰ ਦੀ ਬਦਲਾਖ਼ੋਰੀ ਵਾਲੀ ਕਾਰਵਾਈ ਪ੍ਰੈਸ ਦੀ ਆਜ਼ਾਦੀ 'ਤੇ ਸਿੱਧਾ ਹਮਲਾ ਹੈ ਜੋ ਕਿ ਬਹੁਤ ਹੀ ਨਿੰਦਣਯੋਗ ਹੈ। ਬਰਜਿੰਦਰ ਜੀ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕਰਨ ਲਈ ਪੰਜਾਬ ਕਾਂਗਰਸ ਲੀਡਰਸ਼ਿਪ ਨੇ ਪ੍ਰੈਸ ਦੀ ਆਜ਼ਾਦੀ ਦੀ ਰਾਖੀ ਲਈ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਹੈ ਕਿ ਪਾਰਟੀ ਦੀ ਸੀਨੀਅਰ ਲੀਡਰਸ਼ਿਪ 1 ਜੂਨ (ਵੀਰਵਾਰ) ਨੂੰ ਦੁਪਹਿਰ 1 ਵਜੇ ਜਲੰਧਰ ਵਿਖੇ ਉਨ੍ਹਾਂ ਦੇ ਦਫ਼ਤਰ ਜਾਵੇਗੀ।
ਅਸੀਂ ਸਾਰੀਆਂ ਪਾਰਟੀਆਂ ਅਤੇ ਹੋਰ ਸਮਾਜਿਕ, ਸੱਭਿਆਚਾਰਕ ਅਤੇ ਧਾਰਮਿਕ ਸੰਸਥਾਵਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਲੋਕਤੰਤਰ ਦੇ ਚੌਥੇ ਥੰਮ੍ਹ ਦੀ ਆਜ਼ਾਦੀ ਦੀ ਰਾਖੀ ਕਰਨ ਅਤੇ ਸੱਤਾਧਾਰੀ ਸਰਕਾਰ ਦੇ ਜ਼ੁਲਮ ਵਿਰੁੱਧ ਇਕੱਠੇ ਹੋ ਕੇ ਆਵਾਜ਼ ਬੁਲੰਦ ਕਰਨ ਲਈ ਸਮਰਥਨ ਕਰਨ।