ਪੰਜਾਬ ਰਾਜ ਖੁਰਾਕ ਕਮਿਸ਼ਨ ਵੱਲੋਂ ਲਾਭਪਾਤਰੀ ਸਕੀਮਾਂ ਦੀ ਜਾਗਰੂਕਤਾ ਲਈ ਫ਼ਿਲਮ ਜਾਰੀ
ਸਕੀਮਾਂ ਦੀ ਜਾਣਕਾਰੀ ਦੇ ਨਾਲ-ਨਾਲ ਸ਼ਿਕਾਇਤ ਪ੍ਰਣਾਲੀ ਬਾਰੇ ਵੀ ਕੀਤਾ ਗਿਆ ਜਾਗਰੂਕ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 29 ਮਈ, 2023: ਪੰਜਾਬ ਰਾਜ ਖੁਰਾਕ ਕਮਿਸ਼ਨ ਵੱਲੋਂ ਖੁਰਾਕ ਸੁਰੱਖਿਆ ਐਕਟ-2013 ਤਹਿਤ ਵੱਖ-ਵੱਖ ਵਰਗਾਂ ਨੂੰ ਦਿੱਤੀਆਂ ਜਾਂਦੀਆਂ ਲਾਭਪਾਤਰੀ ਸਕੀਮਾਂ ਦੀ ਜਾਣਕਾਰੀ ਆਮ ਲੋਕਾਂ ਤੱਕ ਪਹੁੰਚਾਉੁਣ ਲਈ ਜਾਗਰੂਕਤਾ ਫ਼ਿਲਮ ਜਾਰੀ ਕੀਤੀ ਹੈ, ਜਿਸ ਵਿੱਚ ਲਾਭਕਾਰੀ ਸਕੀਮਾਂ ਦੇ ਵੇਰਵੇ ਦੇ ਨਾਲ-ਨਾਲ, ਸ਼ਿਕਾਇਤ ਪ੍ਰਣਾਲੀ ਬਾਰੇ ਵੀ ਦੱਸਿਆ ਗਿਆ ਹੈ।
ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ)-ਕਮ-ਜ਼ਿਲ੍ਹਾ ਸ਼ਿਕਾਇਤ ਨਿਵਾਰਣ ਅਫ਼ਸਰ, ਦਵਿੰਦਰ ਕੁਮਾਰ ਸ਼ਰਮਾ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵੀਡਿਓ ਫ਼ਿਲਮ ਨੂੰ ਇਨ੍ਹਾਂ ਸਕੀਮਾਂ ਨਾਲ ਸਬੰਧਤ ਵਿਭਾਗ ਲਾਭਪਾਤਰੀਆਂ ਤੱਕ ਵੱਧ ਤੋਂ ਵੱਧ ਪਹੁੰਚਾ ਕੇ, ਉਨ੍ਹਾਂ ਨੂੰ ਸਕੀਮਾਂ ਪ੍ਰਤੀ ਜਾਗਰੂਕ ਕਰਨ।
ਉਨ੍ਹਾਂ ਦੱਸਿਆ ਕਿ ਇਸ ਜਾਣਕਾਰੀ ਭਰਪੂਰ ਫ਼ਿਲਮ ਵਿੱਚ ਮਿਡ ਡੇ ਮੀਲ ਸਕੀਮ ਜਿਸ ਤਹਿਤ ਪਹਿਲੀ ਤੋਂ ਪ੍ਰਾਇਮਰੀ ਅਤੇ 6ਵੀਂ ਤੋਂ 8ਵੀਂ ਤੱਕ ਦੇ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਵਿਦਿਆਰਥੀਆਂ ਨੂੰ ਦੁਪਹਿਰ ਦੇ ਪੌਸ਼ਟਿਕ ਖਾਣੇ ਦਾ ਲਾਭ ਦਿੱਤਾ ਜਾਂਦਾ ਹੈ, ਬਾਰੇ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪਹਿਲੀ ਤੋਂ ਪੰਜਵੀਂ ਤੱਕ ਦੇ ਵਿਦਿਆਰਥੀਆਂ ਲਈ ਪ੍ਰਤੀ ਵਿਦਿਆਰਥੀ 100 ਗ੍ਰਾਮ ਦਾ ਰਾਸ਼ਨ ਅਤੇ 5.45 ਰੁਪਏ ਪ੍ਰਤੀ ਵਿਦਿਆਰਥੀ ਖਾਣਾ ਬਣਾਉਣ ਦੀ ਲਾਗਤ, 6ਵੀਂ ਤੋਂ 8ਵੀਂ ਤੱਕ 150 ਗ੍ਰਾਮ ਪ੍ਰਤੀ ਵਿਦਿਆਰਥੀ ਰਾਸ਼ਨ ਅਤੇ 8.17 ਰੁਪਏ ਪ੍ਰਤੀ ਵਿਦਿਆਰਥੀ ਪਕਾਉੁਣ ਦਾ ਖਰਚਾ ਦਿੱਤਾ ਜਾਂਦਾ ਹੈ।
ਇਸੇ ਤਰ੍ਹਾਂ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਆਂਗਨਵਾੜੀ ਸੈਂਟਰਾਂ ਰਾਹੀਂ ਪਹਿਲੇ ਪ੍ਰਸੂਤਾ ’ਤੇ ਪੰਜ ਹਜ਼ਾਰ ਰੁਪਏ ਦਾ ਮਾਲੀ ਲਾਭ ਦੋ ਕਿਸ਼ਤਾਂ ਵਿੱਚ ਅਤੇ ਦੂਸਰੇ ਪ੍ਰਸੂਤਾ ਦੌਰਾਨ ਬੇਟੀ ਦਾ ਜਨਮ ਹੋਣ ’ਤੇ 6 ਹਜ਼ਾਰ ਰੁਪਏ ਦੀ ਵਾਧੂ ਰਾਸ਼ੀ ਦਿੱਤੀ ਜਾਂਦੀ ਹੈ। ਇਸ ਬਾਰੇ ਵਧੇਰੇ ਜਾਣਕਾਰੀ ਲਈ ਨੇੜਲੀ ਆਂਗਨਵਾੜੀ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਪੇਂਡੂ ਖੇਤਰਾਂ ’ਚ ਸੰਸਥਾਗਤ ਡਿਲਿਵਰੀ ਕਰਵਾਏ ਜਾਣ ’ਤੇ ਐਸ ਸੀ/ਐਸ ਟੀ ਅਤੇ ਬੀ ਪੀ ਐਲ ਲਾਭਪਾਤਰੀ ਨੂੰ 750 ਰੁਪਏ, ਸ਼ਹਿਰੀ ਖੇਤਰ ’ਚ 600 ਰੁਪਏ ਅਤੇ ਘਰੇਲੂ ਡਿਲਿਵਰੀ ਹੋਣ ’ਤੇ 500 ਰੁਪਏ ਦੀ ਸਹਾਇਤਾ ਰਾਸ਼ੀ ਸਿਹਤ ਵਿਭਾਗ ਵੱਲੋਂ ਮੁਹੱਈਆ ਕਰਵਾਈ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਆਂਗਨਵਾੜੀ ਕੇਂਦਰਾਂ ’ਚ ਗਰਭਵਤੀ ਔਰਤਾਂ, ਦੁੱਧ ਪਿਲਾਉਣ ਵਾਲੀਆਂ ਮਹਿਲਾਵਾਂ ਅਤੇ 6 ਸਾਲ ਤੱਕ ਦੇ ਬੱਚਿਆਂ ਨੂੰ ਮੁਫ਼ਤ ਪੋਸ਼ਟਿਕ ਭੋਜਨ ਮੁਹੱਈਆ ਕਰਵਾਇਆ ਜਾਂਦਾ ਹੈ। ਇਸ ਤੋਂ ਇਲਾਵਾ ਕੁਪੋਸ਼ਿਤ ਬੱਚਿਆਂ ਦੀ ਪਛਾਣ ਕਰਕੇ ਉਨ੍ਹਾਂ ਦੀ ਦੇਖ-ਰੇਖ ਕੀਤੀ ਜਾਂਦੀ ਹੈ ਅਤੇ ਲੋੜ ਪੈਣ ’ਤੇ ਰੈਫ਼ਰਲ ਸੇਵਾਵਾਂ ਵੀ ਮੁਹੱਈਆ ਕਰਵਾਈਆਂ ਜਾਂਦੀਆਂ ਹਨ।
ਇਸ ਤੋਂ ਇਲਾਵਾ ਖ਼ਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਵੱਲੋਂ ਸਮਾਰਟ ਰਾਸ਼ਨ ਕਾਰਡ ਧਾਰਕਾਂ ’ਚ ਪੀ ਐਚ ਐਚ (ਪਰਿਓਰਟੀ ਹਾਊਸ ਹੋਲਡ) ਸ੍ਰੇਣੀ ਦੇ ਲਾਭਪਾਤਰੀਆਂ ਨੂੰ ਪ੍ਰਤੀ ਮਹੀਨੇ ਪ੍ਰਤੀ ਮੈਂਬਰ 5 ਕਿੱਲੋਗ੍ਰਾਮ ਅਨਾਜ ਅਤੇ ਏ ਏ ਵਾਈ (ਅੰਨਤੋਦਿਆ ਅੰਨ ਯੋਜਨਾ) ਸ੍ਰੇਣੀ ਦੇ ਲਾਭਪਾਤਰੀਆਂ ਨੂੰ ਪ੍ਰਤੀ ਪਰਿਵਾਰ ਪ੍ਰਤੀ ਮਹੀਨੇ 35 ਕਿਲੋਗ੍ਰਾਮ ਕਣਕ ਮੁਫ਼ਤ ਦਿੱਤੀ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਵੀ ਲਾਭਪਾਤਰੀ ਨੂੰ ਇਨ੍ਹਾਂ ਸਕੀਮਾਂ ਪ੍ਰਤੀ ਕੋਈ ਸ਼ਿਕਾਇਤ ਹੋਵੇ ਤਾਂ ਉਹ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਦੂਸਰੀ ਮੰਜ਼ਿਲ ਵਿਖੇ ਸਥਿਤ ਉਨ੍ਹਾਂ ਦੇ ਦਫ਼ਤਰ, ਪੰਜਾਬ ਫ਼ੂਡ ਕਮਿਸ਼ਨ ਦੀ ਵੈਬਸਾਈਟ ਪੀ ਐਸ ਐਫ ਸੀ ਡਾਟ ਪੰਜਾਬ ਡਾਟ ਜੀ ਓ ਵੀ ਡਾਟ ਇੰਨ ਜਾਂ ਕੂਨੈਕਟ ਡਾਟ ਪੰਜਾਬ ਡਾਟ ਜੀ ਓ ਵੀ ਡਾਟ ਇੰਨ ਜਾਂ ਹੈਲਪ ਲਾਈਨ ਨੰ. 98767674545 ’ਤੇ ਸੰਪਰਕ ਕੀਤਾ ਜਾ ਸਕਦਾ ਹੈ।