ਸੀਪੀਆਈ ਐਮ ਐਲ ਲਿਬਰੇਸ਼ਨ ਨੇ ਵੱਖ-ਵੱਖ ਥਾਵਾਂ ਤੇ ਫੂਕੇ ਮੋਦੀ ਸਰਕਾਰ ਦੇ ਪੁਤਲੇ
ਅਸ਼ੋਕ ਵਰਮਾ
ਮਾਨਸਾ, 29 ਮਈ 2023: ਸੰਸਦ ਭਵਨ ਦੇ ਉਦਘਾਟਨ ਦੇ ਮੌਕੇ ਮੋਦੀ ਸਰਕਾਰ ਵੱਲੋਂ ਮਹਿਲਾ ਸਨਮਾਨ ਮਹਾਂ ਪੰਚਾਇਤ ਵਿਚ ਸ਼ਾਮਲ ਹੋਣ ਲਈ ਜਾ ਰਹੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੂੰ ਰੋਕਣ, ਕਿਸਾਨ-ਮਜ਼ਦੂਰ ਆਗੂਆਂ ਦੇ ਘਰੇ ਛਾਪੇਮਾਰੀ ਅਤੇ ਇਨਸਾਫ ਦੀ ਮੰਗ ਨੂੰ ਲੈ ਕੇ ਜੰਤਰ ਮੰਤਰ ਧਰਨੇ ਉਤੇ ਬੈਠੀਆਂ ਉਲੰਪਿਕ ਮੈਡਲ ਜੇਤੂ ਪਹਿਲਵਾਨ ਲੜਕੀਆਂ ਨੂੰ ਪੁਲਸ ਵੱਲੋਂ ਸੜਕਾਂ 'ਤੇ ਘਸੀਟਣ, ਅਪਮਾਨਤ ਕਰਨ ਅਤੇ ਜੇਲਾਂ ਵਿਚ ਬੰਦ ਕਰਨ ਖ਼ਿਲਾਫ਼ ਰੋਸ ਪ੍ਰਗਟ ਕਰਨ ਲਈ ਸੀਪੀਆਈ (ਐਮ ਐਲ) ਲਿਬਰੇਸ਼ਨ ਦੇ ਸੱਦੇ 'ਤੇ ਅੱਜ ਵੱਖ ਵੱਖ ਥਾਵਾਂ 'ਤੇ ਮੋਦੀ ਸਰਕਾਰ ਦੇ ਪੁਤਲੇ ਫੂਕੇ ਗਏ ਅਤੇ ਰੋਸ ਰੈਲੀਆਂ ਕੀਤੀਆਂ ਗਈਆਂ।
ਪਾਰਟੀ ਨੇ ਅੱਜ ਇਕ ਬਿਆਨ ਵਿੱਚ ਦੱਸਿਆ ਕਿ ਅਰਥੀਆਂ ਸਾੜਨ ਦੀ ਅਗਵਾਈ ਜਸਬੀਰ ਕੌਰ ਨੱਤ, ਹਰਭਗਵਾਨ ਭੀਖੀ, ਗੁਰਨਾਮ ਸਿੰਘ ਭੀਖੀ, ਬਲਵਿੰਦਰ ਕੌਰ ਖਾਰਾ, ਗੁਰਸੇਵਕ ਮਾਨ, ਦਰਸ਼ਨ ਸਿੰਘ ਦਾਨੇਵਾਲਾ, ਹਰਮੇਸ਼ ਸਿੰਘ ਭੰਮੇ, ਸੁਖਜੀਤ ਰਾਮਾਂਨੰਦੀ, ਸੁਰਿੰਦਰ ਪਾਲ ਸ਼ਰਮਾ, ਕ੍ਰਿਸ਼ਨਾ ਕੌਰ ਮਾਨਸਾ, ਸੁਰੇਸ਼ ਸਾਥੀ, ਕਮਲਪ੍ਰੀਤ ਕੌਰ ਝੁਨੀਰ, ਬਿੰਦਰ ਕੌਰ ਉੱਡਤ, ਸੁਖਚਰਨ ਦਾਨੇਵਾਲਾ, ਸਾਥੀ ਪਰਸ਼ੋਤਮ, ਬਲਦੇਵ ਸਿੰਘ ਹੀਰੇਵਾਲਾ, ਪਰਵਿੰਦਰ ਸਿੰਘ ਝੋਟਾ ਨੇ ਕੀਤੀ। ਇਸ ਮੌਕੇ ਭਰਾਤਰੀ ਸੰਗਠਨਾਂ ਵਲੋਂ ਮੇਜਰ ਸਿੰਘ ਦੂਲੋਵਾਲ, ਮਨਿੰਦਰ ਸਿੰਘ ਜਵਾਹਰਕੇ ਤੇ ਜਗਰਾਜ ਸਿੰਘ ਰੱਲਾ ਨੇ ਕੀਤੀ।
ਬੁਲਾਰਿਆਂ ਨੇ ਉਦਘਾਟਨ ਲਈ ਰਾਸ਼ਟਰਪਤੀ ਨੂੰ ਨਾ ਬੁਲਾਉਣ, ਪ੍ਰਧਾਨ ਮੰਤਰੀ ਵਲੋਂ ਆਮ ਜਨਤਾ ਤੋਂ ਬੋਲਣ ਦੇ ਹੱਕ ਨੂੰ ਜਬਰ ਆਸਰੇ ਖੋਹਣ, ਮਨੂੰਵਾਦੀ ਪੁਜਾਰੀਆਂ ਦੀ ਫਾਲਤੂ ਭੀੜ ਇਕੱਠੀ ਕਰਨ ਅਤੇ ਰਾਜਾਸ਼ਾਹੀ ਦੇ ਚਿੰਨ ਸੰਗੋਲ ਨੂੰ ਲੇਟ ਕੇ ਮੱਥਾ ਟੇਕਣ ਦੀ ਸਖਤ ਆਲੋਚਨਾ ਕਰਦੇ ਹੋਏ ਕਿਹਾ ਕਿ ਇਹ ਸੰਸਦ ਭਵਨ ਨੂੰ ਮੰਦਰ ਬਣਾਉਣ ਅਤੇ ਦੇਸ਼ ਦੇ ਸੰਵਿਧਾਨਕ ਲੋਕਤੰਤਰ ਨੂੰ ਪਿਛਾਖੜੀ ਰਾਜਤੰਤਰ 'ਚ ਬਦਲਣ ਦੀ ਬੀਜੇਪੀ-ਆਰਐੱਸਐਸ ਦੀ ਗਿਣਤੀ ਮਿਥੀ ਸਾਜ਼ਿਸ਼ ਹੈ।
ਆਗੂਆਂ ਨੇ ਕਿਹਾ ਕਿ ਇਸ ਸਾਜਿਸ਼ ਨੂੰ ਨਾਕਾਮ ਕਰਨ ਲਈ ਦੇਸ਼ ਦੀਆਂ ਸਮੂਹ ਅਗਾਂਹਵਧੂ ਜਮਹੂਰੀ ਤੇ ਫਾਸ਼ੀਵਾਦ ਵਿਰੋਧੀ ਸ਼ਕਤੀਆਂ ਨੂੰ ਇਕਜੁੱਟ ਹੋ ਕੇ ਲੜਨਾ ਪਵੇਗਾ। ਬੁਲਾਰਿਆਂ ਨੇ ਮੰਗ ਕੀਤੀ ਕਿ ਕੁਸ਼ਤੀ ਫੈਡਰੇਸ਼ਨ ਦੇ ਦੋਸ਼ੀ ਪ੍ਰਧਾਨ ਤੇ ਅਪਰਾਧੀ ਰਿਕਾਰਡ ਵਾਲੇ ਸੰਸਦ ਮੈਂਬਰ ਬ੍ਰਿਜ ਭੂਸ਼ਨ ਨੂੰ ਤੁਰੰਤ ਗ੍ਰਿਫਤਾਰ ਕਰਕੇ ਉਸ ਖਿਲਾਫ ਪੋਸਕੋ ਐਕਟ ਤਹਿਤ ਕੇਸ ਚਲਾਇਆ ਜਾਵੇ, ਪਹਿਲਵਾਨ ਲੜਕੇ ਲੜਕੀਆਂ ਖਿਲਾਫ ਦਰਜ ਕੇਸ ਤੁਰੰਤ ਵਾਪਸ ਲਏ ਜਾਣ ਅਤੇ ਉਨਾਂ ਖਿਲਾਫ਼ ਗੋਦੀ ਮੀਡੀਆ ਵਲੋਂ ਚਲਾਈ ਜਾ ਰਹੀ ਬਦਨਾਮ ਕਰੋ ਮੁਹਿੰਮ ਉਤੇ ਰੋਕ ਲਾਈ ਜਾਵੇ।