ਬਾਸਮਤੀ ਦੀ ਫਸਲ ਨੂੰ ਝੰਡਾ ਰੋਗ ਤੋਂ ਬਚਾਉਣ ਲਈ ਬੀਜ਼ ਅਤੇ ਜੜ੍ਹਾਂ ਦੀ ਸੋਧ ਜ਼ਰੂਰੀ : ਡਾ. ਅਮਰੀਕ ਸਿੰਘ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਪਿੰਡ ਗਾਲ੍ਹੜੀ ਵਿਚ ਕਿਸਾਨ ਜਾਗਰੂਕਤਾ ਕੈੰਪ ਦਾ ਆਯੋਜਨ
ਰੋਹਿਤ ਗੁਪਤਾ
ਗੁਰਦਾਸਪੁਰ, 29 ਮਈ 2023: ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਚਲਾਈ ਜਾ ਰਹੀ ਸਾਉਣੀ ਮੁਹਿੰਮ ਤਹਿਤ ਬਲਾਕ ਦੀਨਾਨਗਰ ਦੇ ਪਿੰਡ ਗਾਹਲੜੀ ਵਿਖੇ ਬਲਾਕ ਪੱਧਰੀ ਕਿਸਾਨ ਜਾਗਰੁਕਤਾ ਕੈਂਪ ਦਾ ਅਯੋਜਨ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਡਾ. ਅਮਰੀਕ ਸਿੰਘ ਜ਼ਿਲਾ ਸਿਖਲਾਈ ਅਫਸਰ ਨੇ ਕੀਤੀ। ਡਾ. ਮੋਹਨ ਸਿੰਘ ਖੇਤੀਬਾੜੀ ਵਿਸਥਾਰ ਅਫਸਰ ਦੇ ਪ੍ਰਬੰਧਾਂ ਹੇਠ ਲਗਾਏ ਗਏ ਕਿਸਾਨ ਜਾਗਰੂਕਤਾ ਕੈੰਪ ਵਿਚ ਡਾ. ਹਰਭਿੰਦਰ ਸਿੰਘ ਖੇਤੀਬਾੜੀ ਅਫ਼ਸਰ, ਡਾ. ਬਲਜਿੰਦਰ ਸਿੰਘ, ਡਾ. ਦਮਨਪ੍ਰੀਤ ਕੌਰ ਖੇਤੀਬਾੜੀ ਵਿਕਾਸ ਅਫਸਰ, ਰਾਜੇਸ਼ ਕੁਮਾਰ ਖੇਤੀਬਾੜੀ ਵਿਸਥਾਰ ਅਫਸਰ, ਗੁਰਪਿੰਦਰ ਸਿੰਘ ਏ ਟੀ ਐਮ, ਬਲਬੀਰ ਸਿੰਘ ਚਿੱਟੀ ਹੋਰ ਸਟਾਫ ਅਤੇ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ।
ਕੈਂਪ ਵਿਚ ਹਾਜ਼ਰ ਕਿਸਾਨਾਂ ਨੂੰ ਜ਼ਮੀਨ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨਾਲ ਭਵਿੱਖ ਦੀ ਖੇਤੀ ਤੇ ਪੈਣ ਵਾਲੇ ਬੁਰੇ ਪ੍ਰਭਾਵਾਂ ਤੋਂ ਜਾਣੂ ਕਰਵਾਉਂਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਕੁਝ ਕਿਸਾਨਾਂ ਵਲੋਂ ਖੇਤਾਂ ਵਿਚ ਦੇਸੀ ਰੂੜ੍ਹੀ ਖਾਦ ਪਾਉਣ ਤੋਂ ਬਾਅਦ ਖੁੱਲੇ ਵਿਚ ਰਹਿਣ ਦਿੱਤਾ ਜਾਂਦਾ ਹੈ ਜਿਸ ਕਾਰਨ ਰੂੜ੍ਹੀ ਵਿਚ ਮੌਜੂਦ ਖੁਰਾਕੀ ਤੱਤਾਂ ਦਾ ਨੁਕਸਾਨ ਹੋ ਜਾਂਦਾ ਹੈ। ਇਸ ਲਈ ਖੇਤਾਂ ਵਿਚ ਰੂੜ੍ਹੀ ਖਾਦ ਪਾਉਣ ਤੋਂ ਬਾਅਦ ਵਾਹ ਕੇ ਪਾਣੀ ਲਗਾ ਦੇਣ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਣਕ ਦੇ ਨਾੜ੍ਹ ਨੂੰ ਤਵੀਆਂ, ਰੋਟਾਵੇਟਰ ਜਾਂ ਪਲਟਾਵੀਂ ਹੱਲਾਂ ਨਾਲ ਖੇਤ ਵਿਚ ਵਾਹ ਦੇਣਾ ਚਾਹੀਦਾ ਹੈ ਅਤੇ ਅੱਗ ਨਹੀਂ ਲਗਾਉਣੀ ਚਾਹੀਦੀ। ਉਨ੍ਹਾਂ ਕਿਹਾ ਕਿ ਬਾਸਮਤੀ ਦੀ ਫ਼ਸਲ ਦੇ ਸਫਲ ਉਤਪਾਦਨ ਵਿੱਚ ਪੈਰਾਂ ਦੇ ਗਲਣ ਦੇ ਰੋਗ (ਝੰਡਾ ਰੋਗ) ਵੱਡੀ ਸਮੱਸਿਆ ਹੈ। ਇਸ ਲਈ ਇਸ ਰੋਗ ਦੀ ਰੋਕਥਾਮ ਲਈ ਜ਼ਰੂਰੀ ਹੈ ਕਿ ਪਨੀਰੀ ਦੀ ਬਿਜਾਈ ਸਿਫਾਰਸ਼ ਕੀਤੇ ਸਮੇਂ ਜੂਨ ਦੇ ਪਹਿਲੇ ਪੰਦਰਵਾੜੇ ਦੌਰਾਨ ਹੀ ਕੀਤੀ ਜਾਵੇ।
ਡਾ. ਹਰਭਿੰਦਰ ਸਿੰਘ ਨੇ ਕਿਹਾ ਕਿ ਸਿਹਤਮੰਦ ਫਸਲ ਦੀ ਕਾਸਤ ਲਈ ਜ਼ਰੂਰੀ ਹੈ ਕਿ ਉਸ ਫਸਲ ਦਾ ਬੀਜ ਸ਼ੁੱਧ ਅਤੇ ਉੱਚ ਮਿਆਰ ਦਾ ਹੋਵੇ ਤਾਂ ਜੋ ਬਾਅਦ ਵਿੱਚ ਆਉਣ ਵਾਲੀਆਂ ਕਿਸੇ ਵੀ ਤਰਾਂ ਦੀਆਂ ਸਮੱਸਿਆਵਾਂ ਤੋਂ ਬਚਿਆ ਜਾ ਸਕੇ। ਉਨ੍ਹਾਂ ਕਿਹਾ ਕਿ ਬਾਸਮਤੀ ਦਾ ਬੀਜ ਕਿਸੇ ਭਰੋਸੇਯੋਗ ਅਦਾਰਿਆਂ ਜਿਵੇਂ ਪਨਸੀਡ, ਪੀ ਏ ਯੂ, ਇਫਕੋ, ਕਰਿਭਕੋ, ਐਨ ਐਫ ਐਲ ਜਾਂ ਲਾਇਸੰਸਧਾਰੀ ਖੇਤੀ ਸਮੱਗਰੀ ਵਿਕ੍ਰੇਤਾਵਾਂ ਤੋਂ ਹੀ ਖ੍ਰੀਦਿਆ ਜਾਵੇ। ਉਨਾਂ ਕਿਹਾ ਕਿ ਬੀਜ ਦੀ ਖਰੀਦ ਕਰਨ ਉਪਰੰਤ ਖਰੀਦ ਬਿੱਲ ਡੀਲਰ ਤੋਂ ਜ਼ਰੂਰ ਲਿਆ ਜਾਵੇ। ਡਾ. ਦਮਨਪ੍ਰੀਤ ਕੌਰ ਨੇ ਕਿਹਾ ਕਿ ਬਾਸਮਤੀ ਦੀ ਫਸਲ ਨੂੰ ਝੰਡਾ ਰੋਗ ਬਿਮਾਰੀ ਤੋਂ ਬਚਾਅ ਲਈ ਬੀਜ ਅਤੇ ਜੜ੍ਹਾਂ ਦੀ ਸੋਧ ਕਰਨੀ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਝੋਨੇ ਦੀ ਕਾਸ਼ਤ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਫਸਲ ਨੂੰ ਬਿਮਾਰੀਆਂ ਅਤੇ ਕੀਟਾਂ ਦੇ ਹਮਲੇ ਤੋਂ ਬਚਾਉਣ ਲਈ ਜ਼ਰੁਰੀ ਹੈ ਕਿ ਖਾਦਾਂ ਦੀ ਸਿਫਾਰਸ਼ਾਂ ਅਨੁਸਾਰ ਹੀ ਵਰਤੋਂ ਕੀਤੀ ਜਾਵੇ।
ਡਾ. ਬਲਜਿੰਦਰ ਸਿੰਘ ਨੇ ਪੀ ਐਮ ਕਿਸਾਨ ਸਕੀਮ ਤਹਿਤ ਲਾਭਪਾਤਰੀਆਂ ਨੂੰ ਪੇਸ਼ ਸਮੱਸਿਆਵਾਂ ਦੇ ਹੱਲ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਜਿਨਾਂ ਕਿਸਾਨਾਂ ਦੀ ਜਮੀਨ ਦਾ ਰਿਕਾਰਡ ਪੋਰਟਲ `ਤੇ ਦਰੁਸਤ ਨਹੀਂ ਹੋਇਆ ਉਹ ਆਪਣਾ ਅਧਾਰ ਕਾਰਡ ਅਤੇ ਜਮਾਂਬੰਦੀ ਖੇਤੀਬਾੜੀ ਦਫਤਰਾਂ ਵਿੱਚ ਜਮ੍ਹਾਂ ਕਰਵਾਉਣ ਤਾਂ ਜੋ ਜਮੀਨ ਦਾ ਰਿਕਾਰਡ ਦਰੁਸਤ ਕੀਤਾ ਜਾ ਸਕੇ। ਮਨਦੀਪ ਕੌਰ ਭੂਮੀ ਰੱਖਿਆ ਇੰਸਪੈਕਟਰ ਨੇ ਭੂਮੀ ਰੱਖਿਆ ਦੁਆਰਾ ਚਲਾਈਆਂ ਜਾ ਰਹੀਆਂ ਕਿਸਾਨ ਭਲਾਈਂ ਸਕੀਮਾਂ ਬਾਰੇ ਜਾਣਕਾਰੀ ਦਿਤੀ। ਡਾ.ਮੋਹਨ ਸਿੰਘ ਨੇ ਸਟੇਜ ਸਕੱਤਰ ਦੇ ਫਰਜ ਨਿਭਾਉਂਦਿਆਂ ਕਿਸਾਨਾਂ ਨੂੰ ਸੁਚੇਤ ਕੀਤਾ ਕਿ ਜਮੀਨਾਂ ਠੰਡੀਆਂ ਕਰਨ ਦੇ ਨਾਂ `ਤੇ ਜਮੀਨ ਹੇਠਲੇ ਪਾਣੀ ਦੀ ਬਰਬਾਦੀ ਨਾ ਕਤੀ ਜਾਵੇ। ਉਨ੍ਹਾਂ ਕਿਸਾਨਾਂ ਨੂੰ ਖੇਤੀ ਮਾਹਿਰਾਂ ਦੁਆਰਾ ਸ਼ਿਫ਼ਰਸ਼ਾਂ ਅਪਨਾਉਣ ਦੀ ਅਪੀਲ ਕੀਤੀ ਤਾਂ ਜੋ ਖੇਤੀ ਲਾਗਤ ਖਰਚੇ ਘਟਾ ਕੇ ਆਮਦਨ ਵਧਾਈ ਜਾ ਸਕੇ। ਅਖੀਰ ਵਿਚ ਅਗਾਂਹਵਧੂ ਕਿਸਾਨ ਰਣਜੀਤ ਸਿੰਘ ਨੇ ਝੋਨੇ ਦੀ ਸਿੱਧੀ ਬਿਜਾਈ ਦਾ ਤਜ਼ਰਬਾ ਕਿਸਾਨਾਂ ਨਾਲ ਸਾਂਝਾ ਕਰਦਿਆਂ ਕਿਸਾਨਾਂ ਨੂੰ ਕੁਝ ਰਕਬੇ ਵਿਚ ਸਿੱਧੀ ਬਿਜਾਈ ਤਕਨੀਕ ਅਪਨਾਉਣ ਲਈ ਪ੍ਰੇਰਿਤ ਕੀਤਾ।