ਭੜਕੇ ਕਿਸਾਨਾਂ ਨੇ ਬਾਦਲਾਂ ਦੇ ਬੂਹੇ ਤੇ ਚਿਪਕਾਏ ਕਿਸਾਨ ਮਸਲਿਆਂ ਸਬੰਧੀ ਮੰਗ ਪੱਤਰ
ਅਸ਼ੋਕ ਵਰਮਾ
ਬਠਿੰਡਾ, ਬਾਦਲ 29 ਮਈ 2023: ਬਾਦਲ ਪਰਿਵਾਰ ਦੇ ਦੋ ਸੰਸਦ ਮੈਂਬਰਾਂ ਬਠਿੰਡਾ ਹਲਕੇ ਤੋਂ ਹਰਸਿਮਰਤ ਕੌਰ ਬਾਦਲ ਅਤੇ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਵੱਲੋਂ ਕਿਸਾਨਾਂ ਦਾ ਮੰਗ ਪੱਤਰ ਨਾ ਲੈਣ ਦੇ ਰੋਸ ਵਜੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਨੇ ਕਿਸਾਨੀ ਮੰਗਾਂ ਤੇ ਮਸਲਿਆਂ ਸਬੰਧੀ ਚਿਤਾਵਨੀ ਪੱਤਰ ਬਾਦਲਾਂ ਦੇ ਬੂਹਿਆਂ ਤੇ ਚਿਪਕਾ ਕੇ ਆਪਣਾ ਰੋਸ ਜਾਹਰ ਕੀਤਾ। ਚਿਤਾਵਨੀ ਪੱਤਰ ਵਿੱਚ ਦਰਜ ਕੀਤਾ ਗਿਆ ਹੈ ਕਿ ਦੋਵੇਂ ਸੰਸਦ ਮੈਂਬਰ ਲੋਕ ਸਭਾ ਵਿੱਚ ਕਿਸਾਨੀ ਮੰਗਾਂ ਉਠਾਉਣ ਅਤੇ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਹਰਸਿਮਰਤ ਕੌਰ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੂੰ ਕਿਸਾਨਾਂ ਦੇ ਵੱਡੇ ਰੋਸ ਦਾ ਸਾਹਮਣਾ ਕਰਨਾ ਪਵੇਗਾ।
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਦਿੱਲੀ ਮੋਰਚੇ ਦੀਆਂ ਬਕਾਇਆ ਅਤੇ ਹੋਰ ਭਖ਼ਦੀਆਂ ਮੰਗਾਂ ਸੰਸਦ ਵਿੱਚ ਉਠਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਵਿੱਚ ਪੰਜ ਜ਼ਿਲਿਆਂ ਬਠਿੰਡਾ, ਫਿਰੋਜ਼ਪੁਰ, ਮਾਨਸਾ,ਸ੍ਰੀ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ ਦੇ ਹਜ਼ਾਰਾਂ ਕਿਸਾਨਾਂ ਮਜ਼ਦੂਰਾਂ ਅਤੇ ਔਰਤਾਂ ਨੇ ਬਾਦਲਾਂ ਦੀ ਰਿਹਾਇਸ਼ ਲਾਗੇ ਪਿੰਡ ਬਾਦਲ ਵਿੱਚ ਵੱਡੀ ਰੈਲੀ ਕੀਤੀ। ਅੱਜ ਦੇ ਇਕੱਠ ਨੂੰ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ , ਮੀਤ ਪ੍ਰਧਾਨ ਰੂਪ ਸਿੰਘ ਛੰਨਾ ਅਤੇ ਔਰਤ ਜਥੇਬੰਦੀ ਦੇ ਆਗੂ ਹਰਿੰਦਰ ਕੌਰ ਬਿੰਦੂ ਨੇ ਸੰਬੋਧਨ ਕੀਤਾ ਅਤੇ ਕੇਂਦਰ ਦੀ ਮੋਦੀ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਨੂੰ ਲੈ ਕੇ ਤਿੱਖੇ ਨਿਸ਼ਾਨੇ ਲਾਏ।
ਕਿਸਾਨ ਬੁਲਾਰਿਆਂ ਨੇ ਕਿਹਾ ਕਿ ਇੱਕ ਸਾਲ ਤੋਂ ਵੱਧ ਸਮਾਂ ਚੱਲੇ ਦਿੱਲੀ ਅੰਦੋਲਨ ਦੌਰਾਨ ਭਾਵੇਂ ਕੇਂਦਰ ਸਰਕਾਰ ਨੇ ਤਿੰਨ ਖੇਤੀ ਵਿਰੋਧੀ ਕਾਨੂੰਨ ਤਾਂ ਵਾਪਸ ਲੈ ਲਏ ਪਰ ਸਾਰੀਆਂ ਫਸਲਾਂ ਦੀ ਸਰਕਾਰੀ ਖ਼ਰੀਦ ਤੇ ਐਮ ਐਸ ਪੀ ਦੀ ਗਰੰਟੀ ਦਾ ਕੀਤਾ ਲਿਖਤੀ ਵਾਅਦਾ ਪੂਰਾ ਨਹੀਂ ਕੀਤਾ,ਬਿਜਲੀ ਸੋਧ ਬਿਲ 2020 ਵਾਪਿਸ ਲੈਣ ਦੀ ਬਜਾਏ ਕੇਂਦਰ ਸਰਕਾਰ ਨੇ ਵਾਅਦਾ ਖ਼ਿਲਾਫ਼ੀ ਕਰਕੇ ਸੰਸਦ ਵਿਚ ਪੇਸ਼ ਕਰ ਦਿੱਤਾ।ਇਸੇ ਤਰ੍ਹਾਂ ਦੇ ਲਖੀਮਪੁਰ ਘਟਨਾ ਦੌਰਾਨ ਕਿਸਾਨਾਂ ਦੇ ਕਤਲ ਦੇ ਦੋਸ਼ੀ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਖਿਲਾਫ਼ ਪੁਲਿਸ ਕੇਸ ਦਰਜ ਹੋਣ ਅਤੇ ਪੜਤਾਲੀਆ ਕਮੇਟੀ ਦੀ ਰਿਪੋਰਟ ਖਿਲਾਫ ਆਉਣ ਦੇ ਬਾਵਜੂਦ ਵੀ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ।
ਜ਼ਿਲਾ ਬਠਿੰਡਾ ਦੇ ਜਰਨਲ ਸਕੱਤਰ ਹਰਜਿੰਦਰ ਸਿੰਘ ਬੱਗੀ , ਮਾਨਸਾ ਦੇ ਜ਼ਿਲ੍ਹਾ ਆਗੂ ਜਗਸੀਰ ਸਿੰਘ ਦੋਦੜਾ, ਮੁਕਤਸਰ ਦੇ ਪ੍ਰਧਾਨ ਹਰਬੰਸ ਸਿੰਘ ਕੋਟਲੀ, ਫਾਜ਼ਿਲਕਾ ਦੇ ਪ੍ਰਧਾਨ ਗੁਰਭੇਜ ਸਿੰਘ ਅਤੇ ਫਿਰੋਜ਼ਪੁਰ ਦੇ ਪ੍ਰਧਾਨ ਮਹਿੰਦਰ ਸਿੰਘ ਨੇ ਕਿਹਾ ਕਿ ਸਰਕਾਰਾਂ ਦੀਆਂ ਖੇਤੀ ਵਿਰੋਧੀ ਨੀਤੀਆਂ ਕਾਰਨ ਕਿਸਾਨਾਂ ਮਜ਼ਦੂਰਾਂ ਸਿਰ ਕਰਜ਼ੇ ਦੀ ਪੰਡ ਲਗਾਤਾਰ ਭਾਰੀ ਹੋ ਰਹੀ ਹੈ ਜਿਸ ਕਾਰਨ ਖ਼ੁਦਕੁਸ਼ੀਆਂ ਵਧ ਰਹੀਆਂ ਹਨ। ਉਨ੍ਹਾਂ ਕਿਹਾ ਕਿ ਲੋਕ-ਵਿਰੋਧੀ ਨੀਤੀਆਂ ਕਾਰਨ ਭਾਰਤ ਦੇ 80 ਪ੍ਰਤੀਸ਼ਤ ਤੋਂ ਵੱਧ ਕਿਸਾਨ ਤੇ ਖੇਤ ਮਜ਼ਦੂਰ ਜਾਨਲੇਵਾ ਕਰਜ਼ਿਆਂ ਵਿੱਚ 4 ਲੱਖ ਤੋਂ ਵੱਧ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੋ ਚੁੱਕੇ ਹਨ। ਕਿਸਾਨ ਆਗੂਆਂ ਨੇ ਮੰਗ ਪੱਤਰ ਵਿੱਚ ਦਰਜ ਸਮੂਹ ਕਿਸਾਨ ਮੰਗਾਂ ਪਰਵਾਨ ਕਰਨ ਦੀ ਮੰਗ ਕੀਤੀ ਅਤੇ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਤਿੱਖੇ ਸੰਘਰਸ਼ ਦੀ ਚਿਤਾਵਨੀ ਦਿੱਤੀ ।
ਅੱਜ ਦੇ ਇਕੱਠ ਵੱਲੋਂ ਉਲੰਪਿਕ ਸੋਨ ਤਮਗ਼ਾ ਜਿੱਤਣ ਵਾਲੇ ਮਹਿਲਾ ਪਹਿਲਵਾਨ ਖਿਡਾਰੀਆਂ ਨੂੰ ਦਿੱਲੀ ਦੀਆਂ ਸੜਕਾਂ ਤੇ ਇੱਕ ਘਸੀਟ ਕੇ ਗ੍ਰਿਫਤਾਰ ਕਰਨ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ । ਬੁਲਾਰਿਆਂ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਲਗਾਤਾਰ ਭਾਜਪਾ ਤੇ ਅਸਰ ਰਸੂਖ ਰੱਖਣ ਵਾਲੇ ਉੱਚ ਕੋਟੀ ਦੇ ਆਗੂਆਂ ਨੂੰ ਲਗਾਤਾਰ ਬਚਾਇਆ ਜਾ ਰਿਹਾ ਹੈ ਭਾਵੇਂ ਉਹ ਕਤਲ ਜਾਂ ਬਲਾਤਕਾਰ ਦੇ ਦੋਸ਼ੀ ਹੋਣ। ਓਧਰ ਪੀੜਤ ਲੋਕਾਂ ਸਿਰ ਪੁਲਸ ਕੇਸ ਦਰਜ ਕਰਕੇ ਉਨ੍ਹਾਂ ਤੇ ਹੀ ਜਬਰ ਢਾਹਿਆ ਜਾ ਰਿਹਾ ਹੈ।
ਉਨ੍ਹਾਂ ਸਮੂਹ ਇਨਸਾਫਪਸੰਦ ਲੋਕਾਂ ਨੂੰ ਇਨ੍ਹਾਂ ਪਹਿਲਵਾਨਾਂ ਦੇ ਹੱਕ ਵਿਚ ਆਉਣ ਵਾਲੇ ਸੱਦੇ ਨੂੰ ਲਾਗੂ ਕਰਨ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ।