ਸੋਸ਼ਲ ਮੀਡੀਆ ‘ਚ ਬੇਅਦਬੀ ਕਾਰਨ ਸਿੱਖ ਸੰਗਤਾਂ ‘ਚ ਭਾਰੀ ਰੋਸ
ਇਟਲੀ ਦੀ ਸੰਗਤ ਦੋਸ਼ੀ ਜੰਗੀ ਪੱਧਰ `ਤੇ ਭਾਲ ਕਰੇ
ਸ੍ਰੀ ਅਨੰਦਪੁਰ ਸਾਹਿਬ 29 ਮਈ 2023: ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਅਫਸੋਸ ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਹੁਣ ਲੋਕ ਆਪਣੀ ਨਿਜੀ ਕਿੜਾਂ ਤੇ ਦੁਸ਼ਮਣੀਆਂ ਕਾਰਨ ਗੁਰਬਾਣੀ ਦੇ ਗੁਟਕਿਆਂ ਨੂੰ ਪਾੜ ਕੇ ਕੱਢਣ ਲੱਗ ਪਏ ਹਨ। ਉਨ੍ਹਾਂ ਕਿਹਾ ਕਿ ਮੀਡੀਏ ਤੇ ਬਹੁਤ ਦੁਖਦਾਈ ਤੇ ਹਿਰਦੇ ਵੇਧਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇਕ ਵਿਅਕਤੀ ਸ਼ਰੇਆਮ ਹੱਥ ਵਿੱਚ ਗੁਰਬਾਣੀ ਦੀ ਪੋਥੀ ਫੜ ਕੇ ਪੇਜ ਪਾੜ ਰਿਹਾ ਹੈ। ਉਨ੍ਹਾਂ ਕਿਹਾ ਉਸ ਨਾਲ ਜੇਕਰ ਧੱਕਾ ਵਿਅਕਤੀਆਂ ਨੇ ਕੀਤਾ ਹੈ। ਪਰ ਉਹ ਵਿਅਕਤੀ ਗੁਰਬਾਣੀ ਪੋਥੀ ਨੂੰ ਕਿਉਂ ਪਾੜ ਰਿਹਾ ਹੈ। ਉਨਾਂ੍ਹ ਕਿਹਾ ਕਿ ਦੋਸ਼ੀ ਦੁਸ਼ਟ ਬਖਸ਼ਣ ਯੋਗ ਨਹੀਂ ਹੈ। ਅਜਿਹੇ ਵਿਅਕਤੀ ਹੀ ਕੌਮਾਂ ਦੇ ਦੇਸ਼ ਅੰਦਰ ਅਜਿਹੇ ਹਲਾਤ ਪੈਦਾ ਕਰ ਦਿੰਦੇ ਹਨ ਜਿਨ੍ਹਾਂ ਨੂੰ ਫਿਰ ਸੰਭਾਲਣਾ ਔਖਾ ਹੋ ਜਾਂਦਾ ਹੈ। ਸਿੱਖ ਸੰਗਤ ਬੇਅਦਬੀ ਸਬੰਧੀ ਕੋਈ ਸਮਝੌਤਾ ਕਰਨ ਲਈ ਤਿਆਰ ਨਹੀਂ, ਜਿਸ ਦੀ ਤਾਜ਼ਾ ਮਿਸਾਲ ਇਟਲੀ ਦੀ ਸਿੱਖ ਸੰਗਤ ਚ ਦੇਖਣ ਨੂੰ ਮਿਲ ਰਹੀ ਹੈ। ਬੀਤੇ ਦਿਨ ਤੋਂ ਸੋਸ਼ਲ ਮੀਡੀਆ `ਤੇ ਇਕ ਵੀਡਿਓ ਵਾਇਰਲ ਹੋ ਰਹੀ ਹੈ, ਜਿਸ ਵਿਚ ਇਕ ਵਿਅਕਤੀ ਵੱਲੋਂ ਕਿਸੇ ਰੰਜਿਸ਼ ਜਾਂ ਧੱਕੇਸ਼ਾਹੀ ਦੇ ਮੱਦੇਨਜ਼ਰ ਗੁਟਕਾ ਸਾਹਿਬ ਦੇ ਅੰਗਾਂ ਨੂੰ ਪਾੜਿਆ ਗਿਆ। ਇਸ ਵਿਅਕਤੀ ਨੇ ਸਿਰ ਉਪਰ ਕੱਪੜਾ ਵੀ ਬੰਨ੍ਹਿਆ ਹੈ। ਕਿਹਾ ਜਾ ਰਿਹਾ ਹੈ ਕਿ ਇਹ ਦੋਸ਼ੀ ਇਟਲੀ ਦਾ ਰਹਿਣ ਵਾਲਾ ਹੈ। ਸਿੱਖ ਸੰਗਤਾਂ ਅੰਦਰ ਭਾਰੀ ਰੋਸ ਦੇਖਿਆ ਜਾ ਰਿਹਾ ਹੈ। ਕਈ ਸਿੱਖ ਆਗੂ ਦੋਸ਼ੀ ਨੂੰ ਲੱਭਣ ਲਈ ਜੰਗੀ ਪੱਧਰ ‘ਤੇ ਕੰਮ ਕਰ ਰਹੇ ਹਨ। ਉਨ੍ਹਾਂ ਘਟਨਾ ਦੀ ਤਿੱਖੀ ਅਲੋਚਨਾ ਕੀਤੀ ਹੈ।