ਪਹਿਲਵਾਨ ਲੜਕੀਆਂ ਦੇ ਹੱਕ 'ਚ ਤੇ ਮੋਦੀ ਹਕੂਮਤ ਦੀ ਗੁੰਡਾਗਰਦੀ ਖ਼ਿਲਾਫ਼ ਲਿਬਰੇਸ਼ਨ ਦੇ ਸੱਦੇ ਤੇ ਮੋਦੀ ਦੀ ਅਰਥੀ ਫੂਕੀ
ਸੰਜੀਵ ਜਿੰਦਲ
ਝੁਨੀਰ, 29 ਮਈ 2023 : ਮੋਦੀ ਸਰਕਾਰ ਵੱਲੋਂ ਲੋਕਤੰਤਰ ਨੂੰ ਰਾਜਾਸ਼ਾਹੀ ਵਿਚ ਬਦਲ ਦੇਣ ਫਿਰਕੂ ਸਾਜ਼ਿਸ਼ਾਂ ਅਤੇ ਦਿੱਲੀ ਵਿੱਚ ਔਰਤਾਂ ਖ਼ਿਲਾਫ਼ ਕੀਤੀ ਗਈ ਗੁੰਡਾਗਰਦੀ ਖ਼ਿਲਾਫ਼ ਸੀ.ਪੀ.ਆਈ. (ਐਮ.ਐਲ. ) ਲਿਬਰੇਸ਼ਨ ਦੇ ਦੇਸ਼ ਵਿਆਪੀ ਸੱਦੇ ਤਹਿਤ ਅੱਜ ਸਥਾਨਕ ਬੱਸ ਸਟੈਂਡ ਝੁਨੀਰ ਵਿੱਚ ਮੋਦੀ ਸਰਕਾਰ ਦੀ ਅਰਥੀ ਸਾੜਦਿਆਂ ਲਿਬਰੇਸ਼ਨ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਦੇ ਜ਼ੁਲਮ ਉਸ ਦੀ ਹਕੂਮਤ ਦੇ ਕਫਣ ਚ ਕਿੱਲ ਸਾਬਤ ਹੋਣਗੇ।
ਇਸ ਮੌਕੇ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਮਜਦੂਰ ਮੁਕਤੀ ਮੋਰਚਾ ਦੇ ਤਹਿਸੀਲ ਪ੍ਰਧਾਨ ਅਤੇ ਸੀਪੀਆਈ(ਐੱਮ ਐੱਲ) ਲਿਬਰੇਸ਼ਨ ਦੇ ਜਿਲ੍ਹਾ ਕਮੇਟੀ ਮੈਂਬਰ ਦਰਸ਼ਨ ਸਿੰਘ ਦਾਨੇਵਾਲਾ, ਸੀਪੀਆਈ(ਐੱਮ ਐੱਲ)ਲਿਬਰੇਸ਼ਨ ਦੇ ਜ਼ਿਲ੍ਹਾ ਕਮੇਟੀ ਮੈਂਬਰ ਬਿੰਦਰ ਕੌਰ ਉੱਡਤ ਭਗਤ ਰਾਮ ਅਤੇ ਕਮਲਪ੍ਰੀਤ ਝੁਨੀਰ ਨੇ ਕਿਹਾ ਕਿ ਅੱਜ ਜਦੋਂ ਮੋਦੀ ਸਰਕਾਰ ਨਵੇਂ ਸੰਸਦ ਭਵਨ ਵਿੱਚ ਰਾਜਾਸ਼ਾਹੀ ਦੇ ਚਿੰਨ 'ਸੰਗੋਲ' ਨੂੰ ਸਥਾਪਤ ਕਰਨ ਲਈ ਦਰਜਨਾਂ ਬ੍ਰਾਹਮਣ ਪੁਜਾਰੀਆਂ ਵਲੋਂ ਪੂਜਾ ਅਰਚਨਾ ਕਰਵਾ ਕੇ ਸਾਡੇ ਸੰਵਿਧਾਨਕ ਲੋਕਤੰਤਰ ਨੂੰ ਇਕ ਪਿਛਾਖੜੀ ਰਾਜਤੰਤਰ ਵਿੱਚ ਬਦਲਣ ਦੀਆਂ ਖਤਰਨਾਕ ਸਾਜ਼ਿਸ਼ਾਂ ਰਚ ਰਹੀ ਹੈ ਅਤੇ ਅਪਣੇ ਇੱਕ ਗੁੰਡੇ ਤੇ ਬਲਾਤਕਾਰੀ ਸੰਸਦ ਮੈਂਬਰ ਨੂੰ ਬਚਾਉਣ ਲਈ ਇਨਸਾਫ ਦੀ ਮੰਗ ਕਰ ਰਹੇ ਹਜ਼ਾਰਾਂ ਖਿਡਾਰੀਆਂ,ਔਰਤਾਂ ਮਰਦਾਂ ਤੇ ਨੌਜਵਾਨਾਂ ਉਤੇ ਜ਼ੁਲਮ ਢਾਹ ਰਹੀ ਹੈ,ਤਾਂ ਦੇਸ਼ ਦੇ ਸਮੁੱਚੇ ਜਮਹੂਰੀਅਤ ਪਸੰਦ ਲੋਕਾਂ ਨੂੰ ਮੋਦੀ ਸਰਕਾਰ ਖ਼ਿਲਾਫ਼ ਜ਼ੋਰਦਾਰ ਆਵਾਜ਼ ਉਠਾਉਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਬੀਜੇਪੀ ਦੇ ਜਿਸ ਮੁਜ਼ਰਿਮ ਐੱਮਪੀ ਬ੍ਰਿਜ ਭੂਸ਼ਨ ਨੂੰ ਜੇਲ੍ਹ 'ਚ ਬੰਦ ਹੋਣਾ ਚਾਹੀਦਾ ਸੀ ਅਤੇ ਉਹ ਨਵੇਂ ਸੰਸਦ ਭਵਨ ਦੇ ਜਸ਼ਨਾਂ 'ਚ ਸ਼ਾਮਲ ਹੈ, ਪਰ ਦੇਸ਼ ਦੀ ਜਨਤਾ ਵੇਖ ਰਹੀ ਹੈ ਕਿ ਉਲੰਪਿਕ ਮੈਡਲ ਜੇਤੂ ਪਹਿਲਵਾਨ ਲੜਕੀਆਂ ਜਿੰਨਾਂ ਨੂੰ ਇਸ ਮੌਕੇ ਵਿਸ਼ੇਸ਼ ਮਾਨ ਸਨਮਾਨ ਦਿੱਤਾ ਜਾਣਾ ਚਾਹੀਦਾ ਸੀ, ਉਨਾਂ ਨੂੰ ਮੋਦੀ ਦੇ ਹੁਕਮਾਂ 'ਤੇ ਦਿੱਲੀ ਪੁਲਿਸ ਅਪਰਾਧੀਆਂ ਵਾਂਗ ਘਸੀਟ-ਘਸੀਟ ਕੇ ਬੱਸਾਂ ਵਿੱਚ ਸੁੱਟ ਰਹੀ ਹੈ ਅਤੇ ਉਨਾਂ ਦੇ ਟੈਂਟ ਤੇ ਧਰਨੇ ਦਾ ਸਾਮਾਨ ਲੁੱਟ ਕੇ ਲਿਜਾ ਰਹੀ ਹੈ। ਪਰ ਕਿਸਾਨ ਅੰਦੋਲਨ ਵਾਂਗ ਦੇਸ਼ ਦੀ ਜਨਤਾ ਇਸ ਮਾਮਲੇ ਵਿਚ ਵੀ ਲਾਜ਼ਮੀ ਇਨਸਾਫ਼ ਤੇ ਜਿੱਤ ਹਾਸਲ ਕਰੇਗੀ ਅਤੇ ਮੋਦੀ ਤੇ ਬੀਜੇਪੀ ਨੂੰ ਛੇਤੀ ਹੀ ਅਪਣਾ ਥੁੱਕਿਆ ਹੋਇਆ ਖੁਦ ਚੱਟਣ ਦੇ ਲਈ ਮਜਬੂਰ ਹੋਣਾ ਪਵੇਗਾ।
ਉਨ੍ਹਾਂ ਕਿਹਾ ਕਿ ਆਜ਼ਾਦੀ ਘੋਲ ਦੇ ਗਦਾਰਾਂ ਸੰਘੀਆਂ ਨੂੰ ਸੌੜੇ ਤੇ ਫਿਰਕੂ ਮਨਸੂਬਿਆਂ ਨੂੰ ਸ਼ਹੀਦ ਭਗਤ ਸਿੰਘ ਤੇ ਗੁਰੂ ਨਾਨਕ ਦੇਵ ਜੀ ਦੀ ਧਰਤੀ ਤੇ ਸਫਲ ਨਹੀਂ ਹੋਣ ਦਿੱਤਾ ਜਾਵੇਗਾ।ਇਸ ਮੌਕੇ ਮਜਦੂਰ ਮੁਕਤੀ ਮੋਰਚਾ ਪੰਜਾਬ ਅਤੇ ਸੀ ਪੀ ਆਈ(ਐੱਮ ਐੱਲ)ਲਿਬਰੇਸ਼ਨ ਦੇ ਜ਼ਿਲ੍ਹਾ ਕਮੇਟੀ ਮੈਂਬਰ ਕਾਮੇਰਡ ਹਰਮੇਸ਼ ਭੰਮੇ ਖੁਰਦ ਬਲਾਕ ਝੁਨੀਰ ਦੇ ਆਗੂ ਪ੍ਰੀਤਮ ਸਿੰਘ ਝੰਡੂਕੇ, ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ)ਦੇ ਸੂਬਾ ਆਗੂ ਸੁਖਜੀਤ ਰਾਮਾਨੰਦੀ ਨੇ ਵੀ ਸੰਬੋਧਨ ਕੀਤਾ।