ਲਾਇਨਜ਼ ਕਲੱਬ ਕੋਟਕਪੂਰਾ ਰਾਇਲ ਵਲੋਂ ਦਸਮੇਸ਼ ਸਕੂਲ ਹਰੀਨੌ ਦੇ ਹੁਸ਼ਿਆਰ ਬੱਚੇ ਸਨਮਾਨਿਤ
ਬੱਚਿਆਂ ਨੂੰ ਸਮਾਜਿਕ ਕੁਰੀਤੀਆਂ ਤੋਂ ਬਚਾਅ ਕੇ ਰੱਖਣਾ ਸਮੇਂ ਦੀ ਲੋੜ : ਬਲਜੀਤ ਸਿੰਘ
ਦੀਪਕ ਗਰਗ
ਕੋਟਕਪੂਰਾ, 29 ਮਈ 2023: ਲਾਇਨਜ ਕਲੱਬ ਕੋਟਕਪੂਰਾ ਰਾਇਲ ਦੇ ਪ੍ਰਧਾਨ ਨੰਬਰਦਾਰ ਸੁਖਵਿੰਦਰ ਸਿੰਘ ਪੱਪੂ ਅਤੇ ਰੀਜ਼ਨ ਚੇਅਰਮੈਨ ਮਨਜੀਤ ਸਿੰਘ ਲਵਲੀ ਦੀ ਅਗਵਾਈ ਵਿੱਚ ਨੇੜਲੇ ਪਿੰਡ ਹਰੀਨੌ ਦੇ ਦਸਮੇਸ਼ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਵਿਖੇ ਹੁਸ਼ਿਆਰ ਬੱਚਿਆਂ ਦੇ ਕਰਵਾਏ ਗਏ ਸਨਮਾਨ ਸਮਾਰੋਹ ਦੌਰਾਨ 9ਵੀਂ, 10ਵੀਂ, 11ਵੀਂ ਅਤੇ 12ਵੀਂ ਦੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਲੈਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਕਲੱਬ ਦੇ ਜਨਰਲ ਸਕੱਤਰ ਇੰਜੀ. ਭੁਪਿੰਦਰ ਸਿੰਘ ਨੇ ਦੱਸਿਆ ਕਿ ਕਲੱਬ ਦਾ ਮਕਸਦ ਹੁਸ਼ਿਆਰ ਬੱਚਿਆਂ ਦਾ ਸਨਮਾਨ ਅਤੇ ਹੋਰਨਾ ਬੱਚਿਆਂ ਨੂੰ ਪੜਾਈ ’ਚ ਦਿਲਚਸਪੀ ਲੈਣ ਲਈ ਉਤਸ਼ਾਹਿਤ ਕਰਨਾ ਹੈ। ਮੁੱਖ ਬੁਲਾਰੇ ਵਜੋਂ ਪੁੱਜੇ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਬੱਚਿਆਂ ਨੂੰ ਨੈਤਿਕਤਾ ਦਾ ਪਾਠ ਪੜਾਉਂਦਿਆਂ ਦੱਸਿਆ ਕਿ ਭਾਵੇਂ ਅਨੇਕਾਂ ਵਿਦਿਅਕ ਅਦਾਰੇ ਅਤੇ ਧਾਰਮਿਕ ਅਸਥਾਨ ਨੈਤਿਕਤਾ ਦਾ ਪਾਠ ਪੜਾ ਰਹੇ ਹਨ, ਗਿਆਨ ਵੰਡ ਰਹੇ ਹਨ ਪਰ ਸਮਾਜਿਕ ਕੁਰੀਤੀਆਂ ਦਾ ਪਸਾਰਾ ਸਮਾਜ ਲਈ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ। ਉਹਨਾ ਦੱਸਿਆ ਕਿ ਸਕੂਲਾਂ ’ਚ ਪੜਦੇ ਬੱਚਿਆਂ ਨੂੰ ਇਸ ਲਈ ਵੀ ਸਮਝਾਉਣਾ ਜਰੂਰੀ ਹੋ ਗਿਆ ਹੈ ਕਿ ਉਹ ਬਚਪਨ ਤੋਂ ਜਵਾਨੀ ਦੀ ਦਹਿਲੀਜ਼ ’ਤੇ ਕਦਮ ਰੱਖਣ ਮੌਕੇ ਕਈ ਵਾਰ ਗੁਮਰਾਹ ਹੋ ਜਾਂਦੇ ਹਨ। ਇਸ ਲਈ ਲਾਇਨਜ ਕਲੱਬ ਕੋਟਕਪੂਰਾ ਰਾਇਲ ਨੇ ਸਕੂਲਾਂ ’ਚ ਪੜਦੇ ਬੱਚਿਆਂ ਨੂੰ ਸਮਾਜਿਕ ਕੁਰੀਤੀਆਂ ਤੋਂ ਵਰਜ਼ ਕੇ ਜਾਂ ਪ੍ਰੇਰ ਕੇ ਮੁੱਖ ਧਾਰਾ ਨਾਲ ਜੋੜਨ ਦੀ ਮੁਹਿੰਮ ਵਿੱਢੀ ਹੋਈ ਹੈ। ਪੀਆਰਓ ਇੰਜੀ. ਅਸ਼ੌਕ ਸੇਠੀ ਨੇ ਦੱਸਿਆ ਕਿ ਕਲੱਬ ਵਲੋਂ 24 ਹੁਸ਼ਿਆਰ ਬੱਚਿਆਂ ਨੂੰ ਮੈਡਲ ਪਾ ਕੇ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲ ਮੁਖੀ ਬਲਜੀਤ ਸਿੰਘ ਅਤੇ ਪਿ੍ਰੰਸੀਪਲ ਮੈਡਮ ਸੁਰਿੰਦਰ ਕੌਰ ਨੇ ਕਲੱਬ ਦੇ ਉਕਤ ਉਪਰਾਲੇ ਦੀ ਭਰਪੂਰ ਪ੍ਰਸੰਸਾ ਕਰਦਿਆਂ ਮੰਨਿਆ ਕਿ ਇਸ ਨਾਲ ਬੱਚਿਆਂ ’ਚ ਉਤਸ਼ਾਹ ਪੈਦਾ ਹੋਣਾ ਸੁਭਾਵਿਕ ਹੈ। ਇਸ ਮੌਕੇ ਪਿੰਡ ਦੇ ਸਰਪੰਚ ਬਲਵਿੰਦਰ ਸਿੰਘ ਸਮੇਤ ਗੇਜ ਰਾਮ ਭੌਰਾ, ਬੂਟਾ ਸਿੰਘ ਮੈਂਬਰ, ਨਛੱਤਰ ਸਿੰਘ, ਸੰਜੀਵ ਰਾਏ ਕਿੱਟੂ ਅਹੂਜਾ, ਬੀਰਇੰਦਰਪਾਲ ਸ਼ਰਮਾ, ਡਾ ਰਵਿੰਦਰਪਾਲ ਕੌਛੜ ਪ੍ਰਧਾਨ ਜੈ ਮਿਲਾਪ ਪ੍ਰਾਈਵੇਟ ਲੈਬਾਰਟਰੀ ਐਸੋਸੀਏਸ਼ਨ ਕੋਟਕਪੂਰਾ ਸਮੇਤ ਸਮੂਹ ਸਟਾਫ ਅਤੇ ਬੱਚਿਆਂ ਦੇ ਮਾਪੇ ਵੀ ਹਾਜਰ ਸਨ।