ਮੁਲਕ ਭਰ ਦੇ ਪੱਤਰਕਾਰ ਆਪਣੀਆਂ ਹੱਕੀ ਮੰਗਾਂ ਲਈ ਪਾਰਲੀਮੈਂਟ ਅੱਗੇ ਦੇਣਗੇ ਰੋਸ ਧਰਨਾ
ਨਵੀਂ ਦਿੱਲੀ, 29 ਮਈ 2023- ਕਨਫੈਡਰੇਸ਼ਨ ਆਫ ਨਿਊਜ਼ਪੇਪਰਜ਼ ਐਂਡ ਨਿਊਜ਼ ਏਜੰਸੀ ਐਂਪਲਾਈਜ਼ ਆਰਗੇਨਾਈਜ਼ੇਸ਼ਨ ਨੇ ਵਰਕਿੰਗ ਜਰਨਲਿਸਟ ਐਕਟ ਦੀ ਬਹਾਲੀ, ਪੱਤਰਕਾਰ ਸੁਰੱਖਿਆ ਕਾਨੂੰਨ ਲਾਗੂ ਕਰਨ, ਮੀਡੀਆ ਅਦਾਰਿਆਂ ਵਿੱਚ ਪੱਤਰਕਾਰਾਂ ਅਤੇ ਗੈਰ-ਪੱਤਰਕਾਰ ਕਰਮਚਾਰੀਆਂ ਦੀ ਗੈਰਕਾਨੂੰਨੀ ਛਾਂਟੀ ਦੇ ਵਿਰੋਧ ਵਿੱਚ ਜੁਲਾਈ ਵਿੱਚ ਸੰਸਦ ਦੇ ਸੈਸ਼ਨ ਦੌਰਾਨ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਇਹ ਫੈਸਲਾ ਦਿੱਲੀ ਵਿੱਚ ਹੋਈ ਕਨਫੈਡਰੇਸ਼ਨ ਦੀ ਸਾਲਾਨਾ ਜਨਰਲ ਮੀਟਿੰਗ ਵਿੱਚ ਲਿਆ ਗਿਆ।
ਨੈਸ਼ਨਲ ਯੂਨੀਅਨ ਆਫ਼ ਜਰਨਲਿਸਟ (ਇੰਡੀਆ), ਇੰਡੀਅਨ ਜਰਨਲਿਸਟ ਯੂਨੀਅਨ, ਇੰਡੀਅਨ ਫੈਡਰੇਸ਼ਨ ਆਫ਼ ਵਰਕਿੰਗ ਜਰਨਲਿਸਟ, ਆਲ ਇੰਡੀਆ ਫੈਡਰੇਸ਼ਨ ਆਫ਼ ਪੀਟੀਆਈ ਇੰਪਲਾਈਜ਼ ਯੂਨੀਅਨ, ਯੂਐਨਆਈ ਵਰਕਰਜ਼ ਯੂਨੀਅਨ, ਆਲ ਇੰਡੀਆ ਨਿਊਜ਼ਪੇਪਰ ਇੰਪਲਾਈਜ਼ ਫੈਡਰੇਸ਼ਨ, ਨੈਸ਼ਨਲ ਫੈਡਰੇਸ਼ਨ ਆਫ਼ ਨਿਊਜ਼ਪੇਪਰ ਇੰਪਲਾਈਜ਼ ਅਤੇ ਦਿ ਟ੍ਰਿਬਿਊਨ ਐਂਪਲਾਈਜ਼ ਯੂਨੀਅਨ ਚੰਡੀਗੜ੍ਹ ਦੇ ਨੁਮਾਇੰਦਿਆਂ ਨੇ ਮੀਟਿੰਗ ਵਿਚ ਸ਼ਮੂਲੀਅਤ ਕਰਕੇ ਮੀਡੀਆ ਕਰਮੀਆਂ ਦੀਆਂ ਮੰਗਾਂ ਲਈ ਦੇਸ਼ ਵਿਆਪੀ ਅੰਦੋਲਨ ਸ਼ੁਰੂ ਕਰਨ ਦਾ ਐਲਾਨ ਕੀਤਾ।
ਕਨਫੈਡਰੇਸ਼ਨ ਦੇ ਜਨਰਲ ਸਕੱਤਰ ਐਮਐਸ ਯਾਦਵ ਨੇ ਦੱਸਿਆ ਕਿ ਦਿੱਲੀ ਦੇ ਸਮਰਾਟ ਹੋਟਲ ਵਿੱਚ ਹੋਈ ਜਨਰਲ ਬਾਡੀ ਦੀ ਮੀਟਿੰਗ ਵਿੱਚ ਐਨਯੂਜੇ ਰਾਸ ਬਿਹਾਰੀ ਦੇ ਪ੍ਰਧਾਨ ਅਤੇ ਦਿ ਟ੍ਰਿਬਿਊਨ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਨੂੰ ਕਨਫੈਡਰੇਸ਼ਨ ਦਾ ਮੀਤ ਪ੍ਰਧਾਨ ਚੁਣਿਆ ਗਿਆ।
ਕਨਫੈਡਰੇਸ਼ਨ ਦੇ ਨਵੇਂ ਚੁਣੇ ਗਏ ਪ੍ਰਧਾਨ ਰਾਸ ਬਿਹਾਰੀ ਦੀ ਪ੍ਰਧਾਨਗੀ ਹੇਠ ਹੋਈ ਜਨਰਲ ਬਾਡੀ ਦੀ ਮੀਟਿੰਗ ਵਿੱਚ ਪੱਤਰਕਾਰਾਂ ਅਤੇ ਗੈਰ-ਪੱਤਰਕਾਰਾਂ ਦੀਆਂ ਸਾਰੀਆਂ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਵਿੱਚ NUJI ਦੇ ਜਨਰਲ ਸਕੱਤਰ ਪ੍ਰਦੀਪ ਤਿਵਾੜੀ, IFWJ ਦੇ ਪ੍ਰਧਾਨ ਮੱਲਿਕਾਰਜੁਨ, ਜਨਰਲ ਸਕੱਤਰ ਪਰਮਾਨੰਦ ਪਾਂਡੇ, IJU ਦੇ ਪ੍ਰਧਾਨ ਸ਼੍ਰੀਨਿਵਾਸ ਰੈਡੀ, ਜਨਰਲ ਸਕੱਤਰ ਬਲਵਿੰਦਰ ਜੰਮੂ, ਪੀਟੀਆਈ ਫੈਡਰੇਸ਼ਨ ਦੇ ਭੁਵਨ ਚੌਬੇ, UNI ਯੂਨੀਅਨ ਦੇ KML ਜੋਸ਼ੀ, ਟ੍ਰਿਬਿਊਨ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਅਨਿਲ ਕੁਮਾਰ ਗੁਪਤਾ ਆਦਿ ਅਹੁਦੇਦਾਰ ਹਾਜ਼ਰ ਸਨ।
ਯਾਦਵ ਨੇ ਕਿਹਾ ਕਿ ਕਨਫੈਡਰੇਸ਼ਨ ਨਾਲ ਜੁੜੀਆਂ ਸਾਰੀਆਂ ਰਾਸ਼ਟਰੀ ਮੀਡੀਆ ਸੰਸਥਾਵਾਂ ਨੇ ਸਰਬਸੰਮਤੀ ਨਾਲ ਮੀਡੀਆ ਕਰਮੀਆਂ ਦੀਆਂ ਮੰਗਾਂ ਨੂੰ ਲੈ ਕੇ ਦੇਸ਼ ਵਿਆਪੀ ਅੰਦੋਲਨ ਕਰਨ ਦਾ ਫੈਸਲਾ ਕੀਤਾ ਹੈ। ਸੰਸਦ 'ਤੇ ਪ੍ਰਦਰਸ਼ਨ ਕਰਕੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੂੰ ਮੰਗ ਪੱਤਰ ਦਿੱਤੇ ਜਾਣਗੇ।
ਉਨ੍ਹਾਂ ਕਿਹਾ ਕਿ ਦੇਸ਼ ਵਿਆਪੀ ਮੁਹਿੰਮ ਤਹਿਤ ਰਾਜਾਂ ਦੇ ਰਾਜਪਾਲਾਂ, ਮੁੱਖ ਮੰਤਰੀਆਂ ਅਤੇ ਸੰਸਦ ਮੈਂਬਰਾਂ ਨੂੰ ਮੰਗ ਪੱਤਰ ਦੇ ਕੇ ਮੀਡੀਆ ਕਰਮੀਆਂ ਦੀਆਂ ਮੰਗਾਂ ਵੱਲ ਧਿਆਨ ਦਿਵਾਇਆ ਜਾਵੇਗਾ। ਸਾਰੀਆਂ ਜਥੇਬੰਦੀਆਂ ਦੇ ਅਹੁਦੇਦਾਰ ਅਤੇ ਨੁਮਾਇੰਦੇ ਰਾਜਾਂ ਵਿੱਚ ਆਪਣੇ-ਆਪਣੇ ਖੇਤਰ ਦੇ ਸੰਸਦ ਮੈਂਬਰਾਂ ਅਤੇ ਜਨ ਪ੍ਰਤੀਨਿਧੀਆਂ ਨੂੰ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਸੌਂਪਣਗੇ।
ਯਾਦਵ ਨੇ ਦੱਸਿਆ ਕਿ ਕਨਫੈਡਰੇਸ਼ਨ ਦੀ ਕਾਰਜਕਾਰਨੀ ਦੀ ਮੀਟਿੰਗ ਵਿੱਚ ਦਿੱਲੀ ਵਿੱਚ ਸੰਸਦ ਭਵਨ ਦੇ ਸਾਹਮਣੇ ਧਰਨੇ ਅਤੇ ਮੁਜ਼ਾਹਰੇ ਦੀ ਤਰੀਕ ਤੈਅ ਕੀਤੀ ਜਾਵੇਗੀ। ਪ੍ਰਦਰਸ਼ਨ ਤੋਂ ਪਹਿਲਾਂ ਦੇਸ਼ ਭਰ ਦੇ ਮੀਡੀਆ ਕਰਮੀਆਂ ਦੀਆਂ ਮੰਗਾਂ ਨੂੰ ਲੈ ਕੇ ਸੂਬਿਆਂ ਵਿੱਚ ਕਾਨਫਰੰਸਾਂ ਅਤੇ ਸੈਮੀਨਾਰ ਕਰਵਾਏ ਜਾਣਗੇ।