← ਪਿਛੇ ਪਰਤੋ
ਪੰਜਾਬ ਤੇ ਹਰਿਆਣਾ ਦੇ 12 ਨੌਜਵਾਨ ਲੀਬੀਆ ਵਿਚ ਫਸੇ, ਟਰੈਵਲ ਏਜੰਟਾਂ ਨੇ ਦਿੱਤਾ ਧੋਖਾ ਚੰਡੀਗੜ੍ਹ, 30 ਮਈ, 2023: ਪੰਜਾਬ ਅਤੇ ਹਰਿਆਣਾ ਦੇ 12 ਨੌਜਵਾਨ ਟਰੈਵਲ ਏਜੰਟਾਂ ਵੱਲੋਂ ਧੋਖਾ ਦਿੱਤੇ ਜਾਣ ਕਾਰਨ ਲੀਬੀਆ ਵਿਚ ਫਸ ਗਏ ਹਨ। ਇਹਨਾਂ ਨੌਜਵਾਨਾਂ ਨੂੰ ਦੁਬਈ ਲਿਜਾ ਕੇ ਰੋਜ਼ਗਾਰ ਦੇਣ ਦੇ ਵਾਅਦੇ ਕੀਤੇ ਗਏ ਸਨ। ਇਕ ਨੌਜਵਾਨ ਨੇ ਦੱਸਿਆ ਕਿ ਟਰੈਵਲ ਏਜੰਟਾਂ ਨੇ ਉਹਨਾਂ ਤੋਂ ਲੱਖਾਂ ਰੁਪਏ ਲੈ ਲਏ ਤੇ ਫਿਰ ਸਾਨੂੰ ਧੋਖਾ ਦੇ ਦਿੱਤਾ। ਉਹਨਾਂ ਨੂੰ ਭਾਰਤ ਤੋਂ ਵਿਜ਼ਟਰ ਵੀਜ਼ੇ ’ਤੇ ਦੁਬੱਈ ਲਿਜਾਇਆ ਗਿਆ। ਉਥੋਂ ਮਿਸਰ ਲਿਜਾਇਆ ਗਿਆ ਤੇ ਫਿਰ ਲੀਬੀਆ ਦੇ ਸ਼ਹਿਰ ਜ਼ਵਾਰਾ ਲਿਜਾਇਆ ਗਿਆ। ਇਹਨਾਂ ਨੌਜਵਾਨਾਂ ਨੇ ਦੱਸਿਆਕਿ ਉਹ ਛੇ ਮਹੀਨਿਆਂ ਤੋਂ ਇਥੇ ਫਸੇ ਹਨ। ਉਹਨਾਂ ਦੇ ਮਾਲਕ ਉਹਨਾਂ ਨਾਲ ਬਦਸਲੂਕੀ ਕਰਦੇ ਹਨ ਤੇ ਉਹਨਾਂ ਨੂੰ ਢੁਕਵਾਂ ਭੋਜਨ ਵੀ ਨਹੀਂ ਦਿੱਤਾ ਜਾ ਰਿਹਾ। ਰਾਜ ਸਭਾ ਐਮ ਪੀ ਵਿਕਰਮਜੀਤ ਸਿੰਘ ਸਾਹਨੀ ਨੇ ਕਿਹਾ ਕਿ ਇਹ ਬਹੁਤ ਗੰਭੀਰ ਮਨੁੱਖੀ ਅਧਿਕਾਰ ਮਾਮਲਾ ਹੈ ਤੇ ਜਿਸ ਵਿਚ ਤੁਰੰਤ ਦਖਲ ਦੀ ਲੋੜ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਮਾਮਲਾ ਵਿਦੇਸ਼ ਮੰਤਰਾਲੇ ਕੋਲ ਚੁੱਕਿਆ ਹੈ ਤੇ ਅਸੀਂ ਇਹਨਾਂ ਨੌਜਵਾਨਾਂ ਦੇ ਸੰਪਰਕ ਵਿਚ ਹਾਂ ਜਿਹਨਾਂ ਨੂੰ ਫੌਰੀ ਕੱਢੇ ਜਾਣ ਦੀ ਜ਼ਰੂਰਤ ਹੈ। ਟਿਊਨੀਸ਼ੀਆ ਵਿਚ ਭਾਰਤੀ ਸਫਾਰਤਖਾਨੇ ਨੇ ਟਵੀਟ ਕੀਤਾ ਹੈ ਕਿ ਅਸੀਂ ਡਿਪਲੋਮੈਟਿਕ ਚੈਨਲਾਂ ਰਾਹੀਂ ਲੀਬੀਆ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਹੈ ਤੇ ਇਹਨਾਂ ਨੂੰ ਛੇਤੀ ਵਾਪਸ ਭੇਜੇ ਜਾਣ ਦੀ ਬੇਨਤੀ ਕੀਤੀਹੈ। ਮਿਸ਼ਨ ਇਹਨਾਂ ਨੌਜਵਾਨਾਂ ਅਤੇ ਇਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਸੰਪਰਕ ਵਿਚ ਹੈ।। ਇਸ ਤੋਂ ਪਹਿਲਾਂ ਮਾਰਚ ਵਿਚ 12 ਪੰਜਾਬੀਆਂ ਨੂੰ ਵਿਦੇਸ਼ ਮੰਤਰਾਲੇ ਨੇ ਲੀਬੀਆ ਵਿਚੋਂ ਕੱਢਿਆ ਸੀ। ਉਹਨਾਂ ਨਾਲ ਪੰਜਾਬ ਦੇ ਟਰੈਵਲ ਏਜੰਟ ਨੇ ਧੋਖ ਕੀਤਾ ਸੀ। ਉਹਨਾਂ ਨੂੰ ਪ੍ਰਾਈਵੇਟ ਕੰਪਨੀਆਂ ਵਿਚ ਨੌਕਰੀਆਂ ਦੇ ਵਾਅਦੇ ਕੀਤੇ ਗਏ ਸਨ ਪਰ ਉਹਨਾਂ ਨੂੰ ਬੰਧੂਆ ਮਜ਼ਦੂਰਾਂ ਵਜੋਂ ਰੱਖਿਆ ਗਿਆ ਸੀ।
Total Responses : 42