ਅੱਜ ਪਹਿਲੀ ਵਾਰ ਆਮ ਨਾਗਰਿਕਾਂ ਨੂੰ ਪੁਲਾੜ 'ਚ ਭੇਜੇਗਾ ਚੀਨ
ਹੁਣ ਤੱਕ ਸਿਰਫ ਫੌਜ ਦੇ ਪੁਲਾੜ ਯਾਤਰੀ ਹੀ ਪੁਲਾੜ 'ਚ ਗਏ ਹਨ, ਭਲਕੇ ਲਾਂਚ ਹੋਵੇਗਾ ਮਿਸ਼ਨ
ਦੀਪਕ ਗਰਗ
ਕੋਟਕਪੂਰਾ/ਬੀਜਿੰਗ 30 ਮਈ 2023 : ਚੀਨ ਦੀ ਕਮਿਊਨਿਸਟ ਸਰਕਾਰ ਪਹਿਲੀ ਵਾਰ ਇੱਕ ਆਮ ਪੁਲਾੜ ਯਾਤਰੀ ਨੂੰ ਪੁਲਾੜ ਵਿੱਚ ਭੇਜਣ ਦੀ ਤਿਆਰੀ ਕਰ ਰਹੀ ਹੈ। ਇਸ ਤੋਂ ਪਹਿਲਾਂ ਚੀਨ ਤੋਂ ਸਿਰਫ ਫੌਜ ਦੇ ਪੁਲਾੜ ਯਾਤਰੀ ਹੀ ਪੁਲਾੜ ਵਿਚ ਗਏ ਹਨ। ਚੀਨ ਆਪਣਾ ਮਿਸ਼ਨ ਅੱਜ ਯਾਨੀ ਮੰਗਲਵਾਰ ਸਵੇਰੇ 9:31 ਵਜੇ ਜਿਉਗੁਆਨ ਸੈਟੇਲਾਈਟ ਸੈਂਟਰ ਤੋਂ ਲਾਂਚ ਕਰੇਗਾ।
ਚੀਨ ਦੀ ਪੁਲਾੜ ਏਜੰਸੀ ਨੇ ਸੋਮਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਦੱਸਿਆ ਗਿਆ ਕਿ ਬੀਜਿੰਗ ਦੀ ਯੂਨੀਵਰਸਿਟੀ ਆਫ ਏਰੋਨਾਟਿਕਸ ਐਂਡ ਐਸਟ੍ਰੋਨਾਟਿਕਸ ਦੇ ਪ੍ਰੋਫੈਸਰ ਗੁਈ ਨੂੰ ਇਸ ਮਿਸ਼ਨ 'ਤੇ ਜਾਣ ਲਈ ਚੁਣਿਆ ਗਿਆ ਹੈ। ਇਸ ਦੇ ਨਾਲ ਹੀ ਮਿਸ਼ਨ ਦੇ ਕਮਾਂਡਰ ਜਿੰਗ ਹੈਪੇਂਗ ਹੋਣਗੇ। ਜੋ ਪੀਪਲਜ਼ ਲਿਬਰੇਸ਼ਨ ਆਰਮੀ ਤੋਂ ਹੈ। ਇਸ ਮਿਸ਼ਨ 'ਚ ਦੋਵਾਂ ਤੋਂ ਇਲਾਵਾ ਇਕ ਇੰਜੀਨੀਅਰ ਜ਼ੂ ਯਾਂਗਜ਼ੂ ਵੀ ਹੋਵੇਗਾ।
ਸਪੇਸ ਮਿਸ਼ਨ ਵਿੱਚ ਚੀਨ ਦਾ ਅਰਬਾਂ ਦਾ ਨਿਵੇਸ਼
ਦੱਸ ਦੇਈਏ ਕਿ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਚੀਨ ਨੇ ਆਪਣੇ ਫੌਜ ਦੁਆਰਾ ਚਲਾਏ ਜਾਣ ਵਾਲੇ ਪੁਲਾੜ ਪ੍ਰੋਗਰਾਮ ਵਿੱਚ ਅਰਬਾਂ ਡਾਲਰ ਦਾ ਨਿਵੇਸ਼ ਕੀਤਾ ਹੈ। ਚੀਨ ਚੰਦਰਮਾ 'ਤੇ ਮਨੁੱਖਾਂ ਨੂੰ ਭੇਜਣ ਅਤੇ ਉੱਥੇ ਰਹਿਣ ਦੀ ਉਮੀਦ ਨਾਲ ਇਸ ਮਿਸ਼ਨ ਨੂੰ ਅੱਗੇ ਵਧਾ ਰਿਹਾ ਹੈ।
ਚੀਨ ਦੀ 2030 ਤੱਕ ਚੰਦਰਮਾ 'ਤੇ ਪਹੁੰਚਣ ਦੀ ਯੋਜਨਾ ਹੈ
ਚੀਨ 2030 ਤੱਕ ਚੰਦਰਮਾ 'ਤੇ ਪਹੁੰਚਣ ਦੀ ਤਿਆਰੀ ਕਰ ਰਿਹਾ ਹੈ। ਇਸ ਦੇ ਲਈ ਚੀਨੀ ਫੌਜ ਦੇ ਪੁਲਾੜ ਪ੍ਰੋਗਰਾਮ 'ਤੇ ਕਈ ਅਰਬਾਂ ਰੁਪਏ ਖਰਚ ਕੀਤੇ ਗਏ ਹਨ। ਨਿਊਜ਼ ਵੈੱਬਸਾਈਟ ਅਲਜਜ਼ੀਰਾ ਮੁਤਾਬਕ ਚੀਨ ਪੁਲਾੜ ਦੀ ਦੌੜ 'ਚ ਅਮਰੀਕਾ ਅਤੇ ਰੂਸ ਦੀ ਬਰਾਬਰੀ ਕਰਨਾ ਚਾਹੁੰਦਾ ਹੈ।
https://www.aljazeera.com/news/2023/5/29/china-to-send-its-first-civilian-astronaut-into-space
ਪਿਛਲੇ ਸਾਲ ਚੀਨ ਨੇ ਆਪਣਾ ਤੀਜਾ ਸਥਾਈ ਪੁਲਾੜ ਸਟੇਸ਼ਨ ਬਣਾਉਣ ਦਾ ਕੰਮ ਪੂਰਾ ਕਰ ਲਿਆ ਸੀ। ਜਿਸ ਦਾ ਨਾਂ ਤਿਆਨਗੋਂਗ ਹੈ। ਲਾਂਚ ਕਰਨ ਤੋਂ ਬਾਅਦ ਇਸ ਨੂੰ 10 ਸਾਲ ਤੱਕ ਧਰਤੀ ਦੇ ਪੰਧ 'ਚ ਰੱਖਿਆ ਜਾਵੇਗਾ। ਜਿਸ ਕਾਰਨ ਸਭ ਤੋਂ ਲੰਬੇ ਸਮੇਂ ਤੱਕ ਮਨੁੱਖ ਦੇ ਪੁਲਾੜ ਵਿੱਚ ਰਹਿਣ ਦਾ ਰਿਕਾਰਡ ਬਣ ਜਾਵੇਗਾ। 2011 ਵਿੱਚ, ਅਮਰੀਕਾ ਨੇ ਆਪਣੀ ਪੁਲਾੜ ਏਜੰਸੀ ਨਾਸਾ ਨੂੰ ਚੀਨ ਦੀ ਪੁਲਾੜ ਏਜੰਸੀ ਨਾਲ ਕੰਮ ਕਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਉਦੋਂ ਤੋਂ ਚੀਨ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਬਾਹਰ ਹੈ।
ਚੀਨ ਚੰਦਰਮਾ ਦੇ ਕੁਝ ਹਿੱਸਿਆਂ 'ਤੇ ਕਬਜ਼ਾ ਕਰ ਸਕਦਾ ਹੈ
ਨਾਸਾ ਦੇ ਅਧਿਕਾਰੀ ਬਿਲ ਨੇਲਸਨ ਨੇ ਪੋਲੀਟਿਕੋ ਨਾਮ ਦੀ ਵੈੱਬਸਾਈਟ ਨੂੰ ਦਿੱਤੇ ਇੰਟਰਵਿਊ 'ਚ ਕਿਹਾ ਕਿ ਚੀਨ ਚੰਦਰਮਾ ਦੇ ਇਕ ਹਿੱਸੇ 'ਤੇ ਵਿਗਿਆਨਕ ਖੋਜ ਕੇਂਦਰ ਬਣਾ ਰਿਹਾ ਹੈ। ਇਸ ਗੱਲ ਦਾ ਖਦਸ਼ਾ ਹੈ ਕਿ ਚੀਨ ਬਾਅਦ ਵਿਚ ਇਸ ਖੇਤਰ 'ਤੇ ਕਬਜ਼ਾ ਕਰ ਸਕਦਾ ਹੈ। ਅਜਿਹਾ ਖਦਸ਼ਾ ਇਸ ਲਈ ਵੀ ਹੈ ਕਿਉਂਕਿ ਸਪੇਸ ਵਰਕ ਦੇ ਨਿਯਮ ਪਹਿਲਾਂ ਆਓ, ਪਹਿਲਾਂ ਪਾਓ।
https://www.politico.com/news/2023/01/01/we-better-watch-out-nasa-boss-sounds-alarm-on-chinese-moon-ambitions-00075803
ਚੀਨ ਦੇ ਪੁਲਾੜ ਮਿਸ਼ਨ ਤੋਂ ਅਮਰੀਕਾ ਨਾਰਾਜ਼ ਹੈ
ਯੂਐਸ ਸਪੇਸ ਫੋਰਸ ਚੀਫ ਆਫ ਸਟਾਫ ਨੀਨਾ ਅਰਮਾਗਨੋ ਨੇ ਨਵੰਬਰ 2022 ਵਿੱਚ ਦਾਅਵਾ ਕੀਤਾ ਸੀ ਕਿ ਚੀਨ ਆਰਥਿਕ ਲਾਭ ਅਤੇ ਰਣਨੀਤਕ ਕਾਰਨਾਂ ਕਰਕੇ ਪੁਲਾੜ ਦੀ ਦੌੜ ਜਿੱਤਣ ਦੀ ਕੋਸ਼ਿਸ਼ ਕਰ ਰਿਹਾ ਹੈ। ਅਮਰੀਕਾ ਨੂੰ ਡਰ ਹੈ ਕਿ ਜੇਕਰ ਚੀਨ ਆਪਣੇ ਸਾਰੇ ਮਿਸ਼ਨਾਂ 'ਚ ਸਫਲ ਹੁੰਦਾ ਹੈ ਤਾਂ ਉਹ ਪੁਲਾੜ ਦੀ ਦੌੜ 'ਚ ਉਨ੍ਹਾਂ ਨੂੰ ਪਿੱਛੇ ਛੱਡ ਦੇਵੇਗਾ। ਇਸ ਤੋਂ ਇਲਾਵਾ ਅਮਰੀਕਾ ਨੂੰ ਇਹ ਵੀ ਡਰ ਹੈ ਕਿ ਚੀਨ ਪੁਲਾੜ ਵਿੱਚ ਆਪਣੇ ਫੌਜੀ ਅੱਡੇ ਬਣਾਉਣਾ ਸ਼ੁਰੂ ਕਰ ਸਕਦਾ ਹੈ।