ਮਲੇਰਕੋਟਲਾ : ਸਕੂਲ ਆਫ਼ ਐਮੀਨੈਂਸ ਦੇ ਵਿਦਿਆਰਥੀਆਂ ਨੇ ਉਦਯੋਗਿਕ ਇਕਾਈ ਦਾ ਕੀਤਾ ਦੌਰਾ : ਜਸਵਿੰਦਰ ਕੌਰ
ਇੱਕ ਰੋਜ਼ਾ ਉਦਯੋਗਿਕ ਦੌਰਾ ਕਰਵਾਉਣ ਦਾ ਮੰਤਵ ਵਿਦਿਆਰਥੀਆਂ ਵਿੱਚ ਉਦਯੋਗਾਂ ਵਿੱਚ ਵਰਤੀ ਜਾਣ ਵਾਲੀ ਤਕਨਾਲੋਜੀ, ਇਸ ਦੀਆਂ ਲੋੜਾਂ, ਵਰਕ ਕਲਚਰ ਆਦਿ ਬਾਰੇ ਜਾਣੂੰ ਕਰਵਾਉਣ
ਉਦਯੋਗਿਕ ਇਕਾਈਆਂ ਦਾ ਦੌਰਾ ਕਰਵਾਉਣਾ ਪੰਜਾਬ ਦੇ ਉੱਜਵਲ ਭਵਿੱਖ ਵੱਲ ਲੈ ਕੇ ਜਾਣ ਦੀ ਪਹਿਲਕਦਮੀ : ਪ੍ਰੇਮ ਸਿੰਘ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 30 ਮਈ :2023 : ਜ਼ਿਲ੍ਹਾ ਮਾਲੇਰਕੋਟਲਾ ਦੇ ਸਕੂਲ ਆਫ਼ ਐਮੀਨੈਂਸ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਾਗੜੀਆਂ ਅਤੇ ਸੰਦੌੜ ਜ਼ਿਲ੍ਹਾ ਮਾਲੇਰਕੋਟਲਾ ਦੇ ਵਿਦਿਆਰਥੀਆਂ ਨੂੰ ਉਦਯੋਗਾਂ ਬਾਰੇ ਜਾਣਕਾਰੀ (ਐਕਸਪੋਜਰ) ਹਾਸਲ ਕਰਨ ਲਈ ਕੇ.ਐਸ.ਐਗਰੋਟੈਕ ਮਾਲੇਰਕੋਟਲਾ ਦਾ ਦੌਰਾ ਕਰਵਾਇਆ ।ਇਸ ਗੱਲ ਦੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਜਸਵਿੰਦਰ ਕੌਰ ਨੇ ਕਿਹਾ ਕਿ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨੌਵੀਂ ਦੇ ਵਿਦਿਆਰਥੀਆਂ ਦਾ ਇੱਕ ਰੋਜ਼ਾ ਉਦਯੋਗਿਕ ਦੌਰਾ ਕਰਵਾਉਣ ਦਾ ਮੰਤਵ ਵਿਦਿਆਰਥੀਆਂ ਵਿੱਚ ਉਦਯੋਗਾਂ ਵਿੱਚ ਵਰਤੀ ਜਾਣ ਵਾਲੀ ਤਕਨਾਲੋਜੀ, ਇਸ ਦੀਆਂ ਲੋੜਾਂ, ਵਰਕ ਕਲਚਰ ਆਦਿ ਬਾਰੇ ਜਾਣੂੰ ਕਰਵਾਉਣ ਦੇ ਨਾਲ ਨਾਲ ਉਨ੍ਹਾਂ ਦੇ ਮਨਾਂ ਵਿੱਚ ਉਦਯੋਗਪਤੀ ਬਣਨ ਦੀ ਇੱਛਾ ਪੈਦਾ ਕਰਨਾ ਹੈ ,ਤਾਂ ਜੋ ਉਹ ਭਵਿੱਖ ਵਿੱਚ ਸਵੈ ਰੋਜ਼ਗਾਰ ਸ਼ੁਰੂ ਕਰਕੇ ਆਤਮ ਨਿਰਭਰ ਬਣ ਸਕਣ । ਉਨ੍ਹਾਂ ਕਿਹਾ ਕਿ ਮੌਜੂਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਹੈ ਕਿ ਸੂਬੇ ਦਾ ਹਰ ਵਿਦਿਆਰਥੀ ਨੌਕਰੀ ਦੇਣ ਵਾਲਾ ਬਣੇ ਨਾ ਕਿ ਨੌਕਰੀ ਲੱਭਣ ਵਾਲਾ । ਇਸ ਮੰਤਵ ਦੀ ਪ੍ਰਾਪਤੀ ਲਈ ਸਰਕਾਰ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ।
ਜ਼ਿਲ੍ਹੇ ਦੇ ਗਾਈਡੈਂਸ ਕਾਊਂਸਲਰ ਸਰ ਪ੍ਰੇਮ ਸਿੰਘ ਨੇ ਦੱਸਿਆ ਕਿ ਪੂਰੇ ਪੰਜਾਬ ਵਿੱਚ ਟੂਰ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਨੂੰ ਪੰਜਾਬ ਦੀਆਂ ਨਾਮਵਰ ਉਦਯੋਗਿਕ ਯੂਨਿਟਾਂ ਦਾ ਦੌਰਾ ਕਰਵਾਇਆ ਗਿਆ ਤਾਂ ਜੋ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਤਾ ਪਿਤਾ ਦੀ ਸੋਚ ਵਿੱਚ ਪਰਿਵਰਤਨ ਲਿਆਂਦਾ ਜਾ ਸਕੇ ।