ਸਕੂਲ ਫਾਰ ਬਲਾਈਂਡ ਦੇ ਵਿਦਿਆਰਥੀਆਂ ਨੇ ਦਸਵੀਂ ਜਮਾਤ ਵਿੱਚੋਂ ਮਿਸਾਲੀ ਸਫਲਤਾ ਪ੍ਰਾਪਤ ਕੀਤੀ
ਇਸਮਾਈਲ ਏਸ਼ੀਆ
ਮਾਲੇਰਕੋਟਲਾ 29 ਮਈ 2023 : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਦਸਵੀਂ ਜਮਾਤ ਦੇ ਐਲਾਨੇ ਨਤੀਜ਼ੇ ਵਿੱਚੋਂ ਸਕੂਲ ਫਾਰ ਬਲਾਈਂਡ, ਮਾਲੇਰਕੋਟਲਾ ਦੇ ਵਿਦਿਆਰਥੀਆਂ ਦਾ ਨਤੀਜ਼ਾ ਸ਼ਾਨਦਾਰ ਰਿਹਾ। ਰੋਟਰੀ ਕਲੱਬ ਮਾਲੇਰਕੋਟਲਾ ਦੇ ਪ੍ਰਬੰਧ ਅਧੀਨ ਚੱਲਣ ਵਾਲੇ ਪੰਜਾਬ ਦੇ ਇਸ ਵਿਲੱਖਣ ਅਦਾਰੇ ਦੇ ਵਿਦਿਆਰਥੀ ਦਸਵੀਂ ਅਤੇ ਬਾਰ੍ਹਵੀਂ ਵਿੱਚ ਅਪੀਅਰ ਹੋਏ। ਸਕੂਲ ਫਾਰ ਬਲਾਈਂਡ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸ਼੍ਰੀ ਉਸਮਾਨ ਸਿੱਦੀਕੀ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਕੂਲ ਦੇ ਵਿਦਿਆਰਥੀ ਗੁਰਪ੍ਰਤੀ ਸਿੰਘ ਨੇ 86 ਫੀਸਦੀ ਅੰਕ, ਜੈ ਕੁਮਾਰ ਅਤੇ ਸਾਗਰ ਨੇ 81 ਫੀਸਦੀ ਅੰਕ ਪ੍ਰਾਪਤ ਕਰਕੇ ਮਿਸਾਲ ਕਾਇਮ ਕੀਤੀ ਹੈ। ਸ਼੍ਰੀ ਸਿੱਦੀਕੀ ਨੇ ਕਿਹਾ ਕਿ ਇਨ੍ਹਾਂ ਦਿਵਿਆਂਗ ਵਿਦਿਆਰਥੀਆਂ ਦੀ ਸਫਲਤਾ ਸਕੂਲ 'ਚ ਪੜ੍ਹਾਈ ਦੇ ਚੰਗੇ ਮਹੌਲ, ਵਿਦਿਆਰਥੀਆਂ ਦੀ ਲਗਨ ਅਤੇ ਅਧਿਆਪਕਾਂ ਦੀ ਮਿਹਨਤ ਨੂੰ ਦਰਸਾਉਂਦੀ ਹੈ। ਜਲਦੀ ਹੀ ਇਨ੍ਹਾਂ ਵਿਦਿਆਰਥੀਆਂ ਨੂੰ ਸਕੂਲ ਦੀ ਪ੍ਰਬੰਧਕ ਕਮੇਟੀ ਵੱਲੋਂ ਸਨਮਾਨਿਤ ਕੀਤਾ ਜਾਵੇਗਾ। ਵਰਨਣਯੋਗ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬਾਰ੍ਹਵੀਂ ਦੇ ਨਤੀਜੇ 'ਚ ਵੀ ਇਸ ਸਕੂਲ ਦੇ ਵਿਦਿਆਰਥੀਆਂ ਨੇ ਚੰਗੇ ਅੰਕ ਪ੍ਰਾਪਤ ਕੀਤੇ ਹਨ। ਪਿਛਲੇ ਦੋ ਵਰਿਆਂ ਦੇ ਦੌਰਾਨ ਸਕੂਲ ਫਾਰ ਬਲਾਈਂਡ ਦੇ ਵਿਦਿਆਰਥੀਆਂ ਨੇ ਹਰ ਖੇਤਰ 'ਚ ਮੱਲਾਂ ਮਾਰ ਕੇ ਪੰਜਾਬ 'ਚ ਸਕੂਲ ਦਾ ਨਾਂ ਚਮਕਾਇਆ ਹੈ। ਇਸ ਮੌਕੇ ਤੇ ਕਮੇਟੀ ਦੇ ਸੈਕਟਰੀ ਜਗਤ ਸਿੰਘ ਠਾਕੁਰ, ਵਾਇਸ ਚੇਅਰਮੈਨ ਨਿਸਾਰ ਥਿੰਦ, ਮੁਹੰਮਦ ਰਾਸ਼ਿਦ ਸ਼ੇਖ, ਅਬਦੁਲ ਹਲੀਮ ਮਿਲਕੋਵੈਲ, ਪ੍ਰਿੰਸੀਪਲ ਸੁਨੀਲ ਕੁਮਾਰ ਦਿਵੇਦੀ ਵੀ ਹਾਜ਼ਰ ਸਨ।