ਡਾ: ਛੀਨਾ ਦੀ ਪੁਸਤਕ ‘ਖੇਤੀ ਸੰਕਟ ਬਨਾਮ ਆਰਥਿਕ ਚੁਣੌਤੀਆਂ’ ਤੇ ਵਿਚਾਰ ਗੋਸ਼ਟੀ ਕਰਵਾਈ
ਰਚਨਾਵਾਂ ਦੇ ਦੌਰ ’ਚ ਹਾਜਰ ਕਵੀਆਂ ਨੇ ਖੂਬ ਰੰਗ ਬੰਨਿਆਂ
ਲੋਕ ਹਿਤੈਸ਼ੀ ਲੇਖਿਕਾ ਡਾ: ਨਵਸ਼ਰਨ ਕੌਰ ਅਤੇ ਪਹਿਲਵਾਨ ਕੁਡ਼ੀਆਂ ਦੇ ਹੱਕ ’ਚ ਮਤੇ ਪਾਸ ਕੀਤੇ
ਰੋਹਿਤ ਗੁਪਤਾ
ਗੁਰਦਾਸਪੁਰ 30 ਮਈ 2023 : ਸਾਹਿਤ ਸਭਾ ਧਾਰੀਵਾਲ ਅਤੇ ਲੋਕ ਲਿਖਾਰੀ ਸਭਾ ਕਾਦੀਆਂ ਵੱਲੋਂ ਜ਼ਿਲ੍ਹਾ ਸਾਹਿਤ ਕੇਂਦਰ ਗੁਰਦਾਸਪੁਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਯੂਨੀਵਰਸਲ ਕਾਲਜ ਲੇਹਲ , ਧਾਰੀਵਾਲ ਵਿਖੇ ਸਾਹਿਤਕ ਸਮਾਗਮ ਤੇ ਕਵੀ ਦਰਬਾਰ ਕਰਵਾਇਆ ਗਿਆ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਡਾ: ਸਰਬਜੀਤ ਸਿੰਘ ਛੀਨਾ, ਸੁਲੱਖਣ ਸਰਹੱਦੀ, ਡਾ: ਲੇਖ ਰਾਜ, ਡਾ: ਰਜਵਿੰਦਰ ਕੌਰ, ਰਘਬੀਰ ਸਿੰਘ ਪਕੀਵਾਂ, ਮੱਖਣ ਕੁਹਾਡ਼,ਗੁਰਮੀਤ ਬਾਜਵਾ, ਮੰਗਤ ਚੰਚਲ,ਸੀਤਲ ਸਿੰਘ ਗੁੰਨੋਪੁਰੀ ਅਤੇ ਸੁਖਵਿੰਦਰ ਰੰਧਾਵਾ ਸਾਮਲ ਹੋਏ।
ਸਮਾਗਮ ਦੇ ਪਹਿਲੇ ਪਡ਼ਾਅ ਵਿੱਚ ਸੰਸਾਰ ਪ੍ਰਸਿੱਧ ਖੇਤੀਬਾਡ਼ੀ ਅਰਥ ਵਿਗਿਆਨੀ ਤੇ ਉੱਘੇ ਸਾਹਿਤਕਾਰ ਡਾ: ਸਰਬਜੀਤ ਸਿੰਘ ਛੀਨਾ (ਡਾ: ਸ ਸ ਛੀਨਾ) ਦੇ ਲੇਖਾ ਦੀ ਸੁਲੱਖਣ ਸਰਹੱਦੀ ਦੁਆਰਾ ਸੰਪਾਦਿਤ ਪੁਸਤਕ ‘ਖੇਤੀ ਸੰਕਟ ਬਨਾਮ ਆਰਥਿਕ ਚਣੌਤੀਆਂ’ ਲੋਕ ਅਰਪਣ ਕੀਤੀ ਅਤੇ ਇਸ ਪੁਸਤਕ ਤੇ ਗੋਸਟੀ ਹੋਈ। ਖੇਤੀ ਮੁੱਦਿਆਂ ਦੇ ਮਾਹਿਰ ਡਾ: ਛੀਨਾ ਨੇ ਹਾਜਰ ਵਿਦਵਾਨਾਂ ਦਾ ਭਾਵਪੂਰਤ ਸਬਦਾਂ ਵਿੱਚ ਨਿੱਘਾ ਸਵਾਗਤ ਕੀਤਾ। ਪੁਸਤਕ ’ਤੇ ਤਿੰਨ ਵਿਦਵਾਨਾਂ ਡਾ: ਰਜਵਿੰਦਰ ਕੌਰ, ਮੱਖਣ ਕੁਹਾਡ਼ ਅਤੇ ਗੁਰਮੀਤ ਬਾਜਵਾ ਨੇ ਵਿਦਵਤਾ ਭਰਪੂਰ ਪਰਚੇ ਪਡ਼੍ਹੇ ਅਤੇ ਡਾ: ਸਰਬਜੀਤ ਸਿੰਘ ਛੀਨਾ ਦੀ ਘਾਲਣਾ ਦੀ ਭਰਪੂਰ ਪ੍ਰਸੰਸਾ ਕਰਦਿਆਂ ਦੱਸਿਆ ਕਿ ਡਾ: ਛੀਨਾ ਨੇ ਕਰੀਬ ਇੱਕ ਹਜਾਰ ਲੇਖ ਖੇਤੀ ਮਸਲਿਆਂ ’ਤੇ ਲਿਖੇ ਅਤੇ ਜੋ ਵੱਖ ਵੱਖ ਅਖਬਾਰਾਂ ਵਿੱਚ ਛਪੇ ਹਨ। ਇਸ ਤੋਂ ਇਲਾਵਾ ਉਨ੍ਹਾਂ ਕੁੱਝ ਸਾਹਿਤਕ ਪੁਸਤਕਾਂ ਵੀ ਸਾਹਿਤ ਦੀ ਝੋਲੀ ਪਾਈਆਂ। ਇਸ ਮੌਕੇ ਸੀਤਲ ਸਿੰਘ ਗੁੰਨੋਪੁਰੀ, ਇੰਦਰਜੀਤ ਸਿੰਘ ਚਾਹਲ, ਮੰਗਤ ਚੰਚਲ ,ਅਜੀਤ ਸਿੰਘ ਹੁੰਦਲ , ਡਾ ਲੇਖ ਰਾਜ,ਰਘਬੀਰ ਸਿੰਘ ਪਕੀਵਾਂ, ਪ੍ਰਭਜੋਤ ਸਿੰਘ ਨੇ ਵਿਚਾਰ ਚਰਚਾ ਵਿੱਚ ਭਾਗ ਲਿਆ ਅਤੇ ਪੁਸਤਕ ਨੂੰ ਅਹਿਮ ਦਸਤਾਵੇਜ ਦਸਦਿਆਂ ਸਭ ਨੂੰ ਪੁਸਤਕ ਪਡ਼੍ਹਨ ਹਿੱਤ ਪ੍ਰੇਣਾ ਦਿੱਤੀ।
ਉਪਰੰਤ ਜਨਾਬ ਸੁਲੱਖਣ ਸਰਹੱਦੀ ਨੇ ਕੁੱਝ ਸਵਾਲਾਂ ਦੇ ਉੱਤਰ ਵੀ ਦਿੱਤੇ । ਸਮਾਗਮ ਦੇ ਦੂਸਰੇ ਪਡ਼ਾਅ ਵਿੱਚ ਅਮਰੀਕ ਲੇਹਲ ਦੁਆਰਾ ਸੰਪਾਦਿਤ ਸਾਂਝਾ ਕਾਵਿ ਸੰਗ੍ਰਹਿ ‘ਰਮਜਾਂ ਕਲਮਾਂ ਦੀਆਂ’ ਲੋਕ ਅਰਪਣ ਕੀਤਾ ਅਤੇ ਕਵੀ ਦਰਬਾਰ ਦੌਰਾਨ ਰਚਨਾਵਾਂ ਦਾ ਦੌਰ ਵਿੱਚ ਵਿਜੇ ਅਗਨੀਹੋਤਰੀ, ਸੁੱਚਾ ਸਿੰਘ ਪਸਨਾਵਾਲ, ਜੋਗਿੰਦਰ ਸਿੰਘਪੁਰੀਆ, ਸੁਲੱਖਣ ਸਰਹੱਦੀ, ਸੀਤਲ ਸਿੰਘ ਗੁੰਨੋਪੁਰੀ, ਮੰਗਤ ਚੰਚਲ,ਸੁਖਵਿੰਦਰ ਰੰਧਾਵਾ, ਨਿਸਾਨ ਜੌਡ਼ਾਸਿੰਘਾ, ਸਵਰਨ ਸਿੰਘ ਪਸਨਾਵਾਲ, ਅਮਰੀਕ ਲੇਹਲ, ਕੁਲਦੀਪ ਸਿੰਘ ਘਾਂਗਲਾ, ਇੰਦਰਜੀਤ ਕੌਰ, ਜਨਕ ਰਾਜ ਰਠੌਰ, ਪ੍ਰੇਮ ਸਿੰਘਪੁਰੀਆ, ਰਘਬੀਰ ਚਾਹਲ, ਕੁਲਜੀਤ ਰੰਧਾਵਾ, ਰਜਿੰਦਰ ਸਿੰਘ, ਜਗਨ ਨਾਥ ਉੱਦੋਕੇ ਨਿਮਾਣਾ, ਬਲਦੇਵ ਸਿੱਧੂ,ਰਜਿੰਦਰ ਛੀਨਾ, ਰਣਜੀਤ ਗਿੱਲ ਨੇ ਖੂਬ ਰੰਗ ਬੰਨ੍ਹਿਆ। ਇਸ ਮੌਕੇ ਲੋਕ ਹਿਤੈਸ਼ੀ ਲੇਖਿਕਾ ਡਾ: ਨਵਸ਼ਰਨ ਕੌਰ ਕੋਲ ਈ.ਡੀ ਕੋਲ ਪੇਸ਼ ਕਰ ਕੇ ਪੁੱਛਗਿੱਛ ਕਰਨ ਅਤੇ ਭਾਰਤ ਦਾ ਮਾਣ ਪਹਿਲਵਾਨ ਕੁਡ਼ੀਆਂ ਜੋ ਇਨਸਾਫ ਲੈਣ ਲਈ ਪਿੱਛਲੇ ਸਮੇਂ ਤੋਂ ਸੰਘਰਸ਼ ਕਰ ਰਹੀਆਂ ਹਨ ਦੇ ਹੱਕ ਵਿੱਚ ਦੋ ਮਤੇ ਪਾਸ ਕਰਕੇ ਸਰਕਾਰ ਕੋਲੋਂ ਮੰਗ ਕੀਤੀ ਕਿ ਡਾ: ਨਵਸ਼ਰਨ ਕੌਰ ਨਾਲ ਹੋ ਰਹੀ ਬੇਇਨਸਾਫੀ ਬੰਦ ਕੀਤੀ ਜਾਵੇ ਅਤੇ ਪਹਿਲਵਾਨ ਕੁਡ਼ੀਆਂ ਨੂੰ ਇਨਸਾਫ ਦਿੱਤਾ ਜਾਵੇ।
ਇਸ ਸਾਹਿਤਕ ਸਮਾਗਮ ਵਿੱਚ ਹਰਬੰਸ ਸਿੰਘ ਐਨਆਰਆਈ, ਪ੍ਰੋ.ਸਰਤਾਜ਼ ਸਿੰਘ ਛੀਨਾ, ਕਪੂਰ ਸਿੰਘ ਘੁੰਮਣ, ਅਮਰੀਕ ਢਿੱਲੋਂ, ਬਲਵਿੰਦਰ ਮੱਲ੍ਹੀ, ਸੁਖਰਾਜ ਸਿੰਘ, ਰਤਨ ਸਿੰਘ ਰਿਖੀਆ, ਸਾਧੂ ਰਾਮ ਖੁੰਡਾ,ਨਿਸਾਨ ਸਿੰਘ ਚਾਹਲ, ਸੇਵਾ ਮੁਕਤ ਐਸਪੀ ਚਰਨ ਸਿੰਘ ਚਾਹਲ, ਅਸ਼ਵਨੀ ਫੱਜੂਪੁਰ, ਹਰਪਾਲ ਸਿੰਘ, ਮਦਨ ਸਿੰਘ, ਸਕਤੀ ਸਿੰਘ, ਗੁਰਮੀਤ ਥਾਣੇਵਾਲ, ਗੁਰਬਚਨ ਸਿੰਘ ਜ਼ਿਲ੍ਹੇਦਾਰ, ਦਰਸਨ ਸਿੰਘ,ਬਲਰਾਜ ਸਿੰਘ ਛੀਨਾ ਆਦਿ ਹਾਜ਼ਰ ਸਨ ।