ਪੋਲੀਓ ਵੈਕਸੀਨ ਹਰ ਬੱਚੇ ਨੂੰ ਦਿੰਦੀ ਹੈ ਜੀਵਨ ਭਰ ਸੁਰੱਖਿਆ : ਡਾ. ਜਸਦੇਵ ਸਿੰਘ
- ਸਹਾਇਕ ਸਿਵਲ ਸਰਜਨ ਵੱਲੋਂ ਉੱਚ ਜ਼ੋਖਮ ਵਾਲੇ ਖੇਤਰਾਂ ਵਿੱਚ ਪਲਸ ਪੋਲੀਓ ਟੀਮਾਂ ਦੇ ਕੰਮਕਾਜ ਦੀ ਚੈਕਿੰਗ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 30 ਮਈ 2023 : ਸਹਾਇਕ ਸਿਵਲ ਸਰਜਨ ਡਾ. ਜਸਦੇਵ ਸਿੰਘ ਨੇ ਉਪ ਰਾਸ਼ਟਰੀ ਪਲਸ ਪੋਲੀਓ ਮੁਹਿੰਮ ਦੇ ਤੀਜੇ ਦਿਨ ਅੱਜ ਨਫ਼ਰੀਆ ਦੇ ਭੱਠਾ, ਕੋਟ ਰਾਂਝਾ ਤੇ ਛੋਕਰਾਂ ਦੇ ਭੱਠੇ ਸਮੇਤ ਵੱਖ-ਵੱਖ ਉੱਚ ਜ਼ੋਖਮ ਵਾਲੇ ਸਥਾਨਾਂ ਵਿੱਚ ਚੈਕਿੰਗ ਕੀਤੀ ਅਤੇ ਪੋਲੀਓ ਬੂੰਦਾਂ ਪੀ ਚੁੱਕੇ 0 ਤੋਂ 5 ਸਾਲ ਦੇ ਬੱਚਿਆਂ ਦੀਆਂ ਉਂਗਲਾਂ 'ਤੇ ਸਿਆਹੀ ਦੇ ਨਿਸ਼ਾਨ ਚੈੱਕ ਕੀਤੇ। ਇਸ ਮੌਕੇ ਉਨ੍ਹਾਂ ਨਾਲ ਮੈਡੀਕਲ ਅਫਸਰ ਡਾ. ਰਣਜੀਤ ਹਰੀਸ਼, ਡਿਪਟੀ ਸਮੂਹ ਸਿੱਖਿਆ ਅਤੇ ਸੂਚਨਾ ਅਫਸਰ ਤਰਸੇਮ ਲਾਲ ਅਤੇ ਬਲਾਕ ਐਕਸਟੈਂਸ਼ਨ ਐਜੂਕੇਟਰ ਮਨਿੰਦਰ ਸਿੰਘ ਮੌਜੂਦ ਸਨ।
ਡਾ. ਜਸਦੇਵ ਸਿੰਘ ਨੇ ਪਲਸ ਪੋਲੀਓ ਮੁਹਿੰਮ ਅਧੀਨ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਉਣ, ਵੈਕਸੀਨ ਦੇ ਰੱਖ-ਰਖਾਵ ਅਤੇ ਰਿਪੋਰਟਿੰਗ ਦੇ ਕੰਮਕਾਜ ਦਾ ਜਾਇਜ਼ਾ ਲਿਆ। ਉਨ੍ਹਾਂ ਵੈਕਸੀਨ ਵਾਇਲ ਮੋਨੀਟਰ ਰਾਹੀਂ ਪੋਲੀਓ ਵੈਕਸੀਨ ਦੀ ਗੁਣਵੱਤਾ ਨੂੰ ਵੀ ਚੈੱਕ ਕੀਤਾ।
ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਜਸਦੇਵ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਉਪ ਰਾਸ਼ਟਰੀ ਪਲਸ ਪੋਲੀਓ ਮੁਹਿੰਮ ਤਹਿਤ 0 ਤੋਂ 5 ਸਾਲ ਤੱਕ ਦੇ ਹਰ ਬੱਚੇ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਉਣ ਦਾ ਟੀਚਾ ਮਿਥਿਆ ਗਿਆ ਹੈ, ਜਿਸ ਨੂੰ ਹਰ ਹਾਲ ਵਿੱਚ ਪ੍ਰਾਪਤ ਕਰ ਲਿਆ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਪੋਲੀਓ ਵੈਕਸੀਨ ਬੱਚਿਆਂ ਨੂੰ ਜੀਵਨ ਭਰ ਸੁਰੱਖਿਆ ਪ੍ਰਦਾਨ ਕਰਦੀ ਹੈ।
ਡਾ. ਜਸਦੇਵ ਸਿੰਘ ਨੇ ਅੱਗੇ ਦੱਸਿਆ ਕਿ ਸਿਹਤ ਵਿਭਾਗ ਬੱਚਿਆਂ ਦੀ ਸਿਹਤ ਪ੍ਰਤੀ ਸੰਜੀਦਗੀ ਨਾਲ ਕੰਮ ਕਰ ਰਿਹਾ ਹੈ ਜੋ ਕਿ ਪੰਜਾਬ ਸਰਕਾਰ ਦਾ ਵਿਸ਼ੇਸ਼ ਟੀਚਾ ਹੈ। ਉਨ੍ਹਾਂ ਨੇ ਕਿਹਾ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਬਿਮਾਰੀਆਂ ਤੋਂ ਬਚਾਉਣ ਲਈ ਸਾਰੇ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਸ ਗੱਲ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਸਮੇਂ-ਸਮੇਂ 'ਤੇ ਆਉਂਦੇ ਰਾਸ਼ਟਰੀ ਅਤੇ ਉਪ ਰਾਸ਼ਟਰੀ ਪਲਸ ਪੋਲੀਓ ਦਿਵਸ ਸਮੇਤ ਨਿਯਮਤ ਟੀਕਾਕਰਨ ਪ੍ਰੋਗਰਾਮ ਦੀ ਮਜ਼ਬੂਤੀ ਨਾਲ ਹਰ ਬੱਚੇ ਨੂੰ ਸਿਹਤ ਸੁਰੱਖਿਆ ਤੇ ਨਿਰੋਗ ਜੀਵਨ ਪ੍ਰਦਾਨ ਕਰਨ ਵਿੱਚ ਕੋਈ ਕਸਰ ਬਾਕੀ ਨਾ ਛੱਡੀ ਜਾਵੇ।