ਮੋਟੇ ਅਨਾਜ ਦੇ ਲਾਭ ਬਾਰੇ ਸਕੂਲੀ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ
ਸਿਹਤ ਵਿਭਾਗ ਵੱਲੋਂ ਮਿਲੇਟ ਸਬੰਧੀ ਜਾਰੀ ਗੀਤ ਵਿਦਿਆਰਥੀਆਂ ਨੂੰ ਵਿਖਾਇਆ
ਦਲਜੀਤ ਕੌਰ
ਸੰਗਰੂਰ, 30 ਮਈ 2023: ਸਿਵਲ ਸਰਜਨ ਸੰਗਰੂਰ ਡਾ. ਪਰਮਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਜ਼ਿਲ੍ਹਾ ਮਾਸ ਮੀਡੀਆ ਟੀਮ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਸੰਗਰੂਰ ਵਿਖੇ ‘ਮੋਟੇ ਅਨਾਜ ਦੇ ਲਾਭ’ ਸਬੰਧੀ ਸੈਮੀਨਾਰ ਆਯੋਜਿਤ ਕੀਤਾ ਗਿਆ। ਇਸ ਸੈਮੀਨਾਰ ਵਿੱਚ ਪਿਛਲੀ ਦਿਨੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਪੰਜਾਬ ਡਾ. ਬਲਬੀਰ ਸਿੰਘ ਵੱਲੋਂ ਜਾਰੀ ਕੀਤਾ ਗਿਆ ਮੋਟੇ ਅਨਾਜ ਦੇ ਫ਼ਾਇਦਿਆਂ ਨੂੰ ਦਰਸਾਉਂਦਾ ਜਸਵਿੰਦਰ ਭੱਲਾ ਤੇ ਬਾਲ ਮੁਕੰਦ ਸ਼ਰਮਾ ਦੀ ਪੇਸ਼ਕਾਰੀ ਵਾਲਾ ਗੀਤ ਵਿਦਿਆਰਥੀਆਂ ਨੂੰ ਵਿਖਾਇਆ ਗਿਆ।
ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਬਲਜਿੰਦਰ ਸਿੰਘ ਤੇ ਡਿਪਟੀ ਮਾਸ ਮੀਡੀਆ ਅਫ਼ਸਰ ਸਰੋਜ ਰਾਣੀ ਨੇ ਕਿਹਾ ਕਿ ਮੋਟਾ ਅਨਾਜ ਜਿਵੇਂ ਰਾਗੀ,ਬਾਜਰਾ, ਕੰਗਣੀ, ਕੋਧਰਾ, ਜਵਾਰ, ਹਰੀ ਕੰਗਣੀ, ਕੁਟਕੀ, ਸਾਵਾਂ ਆਦਿ ਅੱਜ ਅਸੀਂ ਬਿਲਕੁਲ ਹੀ ਵਿਸਾਰ ਦਿੱਤੇ ਹਨ, ਜਦਕਿ ਸਾਡੀ ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਇਨ੍ਹਾਂ ਦਾ ਸੇਵਨ ਅਤਿਅੰਤ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਲੋੜ ਹੈ ਕਿ ਪੌਸ਼ਿਕ ਤੱਤਾਂ ਨਾਲ ਭਰਪੂਰ ਮੋਟੇ ਅਨਾਜ ਦੇ ਫ਼ਾਇਦਿਆਂ ਬਾਰੇ ਜਾਗਰੂਕਤਾ ਲਹਿਰ ਚਲਾਈ ਜਾਵੇ ਅਤੇ ਅਪਣੇ ਮਾਪਿਆਂ ਨੂੰ ਵੀ ਬਾਰੇ ਜਾਗਰੂਕ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਮੋਟਾ ਅਨਾਜ ਕਿਸੇ ਸਮੇਂ ਸਾਡੀ ਖ਼ੁਰਾਕ ਦਾ ਅਹਿਮ ਹਿੱਸਾ ਹੁੰਦਾ ਸੀ ਪਰ ਸਾਡੇ ਰਹਿਣ-ਸਹਿਣ ਤੇ ਖਾਣ-ਪੀਣ ਵਿਚ ਆਏ ਵੱਡੇ ਬਦਲਾਅ ਕਾਰਨ ਅੱਜ ਇਹ ਸਾਡੀ ਥਾਲ਼ੀ ਵਿਚੋਂ ਗ਼ਾਇਬ ਹੋ ਗਿਆ। ਉਨ੍ਹਾਂ ਨੇ ਕਿਹਾ ਪੁਰਾਣੇ ਦੌਰ ਵਿਚ ਕੀਤੀ ਗਈ ਭੁੱਲ ਦਾ ਅੱਜ ਅਸੀਂ ਤਰਾਂ ਤਰਾਂ ਦੀਆਂ ਬਿਮਾਰੀਆਂ ਦੇ ਰੂਪ ਵਿਚ ਖ਼ਮਿਆਜ਼ਾ ਭੁਗਤ ਰਹੇ ਹਾਂ ਤੇ ਅੱਜ ਸਾਨੂੰ ਲੋੜ ਮਹਿਸੂਸ ਹੋ ਰਹੀ ਹੈ ਕਿ ਮੋਟੇ ਅਨਾਜ ਨੂੰ ਮੁੜ ਆਪਣੀ ਥਾਲ਼ੀ ਦਾ ਹਿੱਸਾ ਬਣਾਇਆ ਜਾਵੇ।
ਇਸ ਮੌਕੇ ਬਲਾਕ ਐਜੂਕੇਟਰ ਜਸਪਾਲ ਸਿੰਘ ਜਟਾਣਾ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਮਹਾਸਭਾ ਵੱਲੋਂ ਸਾਲ 2023 ਨੂੰ ਕੌਮਾਂਤਰੀ ਮੋਟਾ ਅਨਾਜ (ਮਿਲੇਟ) ਸਾਲ ਘੋਸ਼ਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੋਟੇ ਅਨਾਜ ਜਿਵੇਂ ਰਾਗੀ, ਕੋਧਰਾ, ਕੰਗਣੀ ਆਦਿ ਪੌਸ਼ਟਿਕ ਅਨਾਜ ਹਨ ਜੋ ਸਰੀਰ ਦੀ ਰੋਜ਼ਾਨਾ ਪੋਸ਼ਣ ਜ਼ਰੂਰਤ ਨੂੰ ਪੂਰਾ ਕਰਨ ਵਿੱਚ ਮਦਦ ਕਰ ਸਕਦੇ ਹਨ। ਇਨ੍ਹਾਂ ਮੋਟੇ ਅਨਾਜਾਂ ਵਿੱਚ ਕੈਲਸ਼ੀਅਮ, ਆਇਰਨ, ਪ੍ਰੋਟੀਨ, ਫ਼ਾਇਬਰ, ਮਿਨਰਲਜ਼ ਜਹੇ ਪੌਸ਼ਟਿਕ ਤੱਤ ਭਰਭੂਰ ਮਾਤਰਾ ਵਿੱਚ ਹੁੰਦੇ ਹਨ। ਇਸ ਮੌਕੇ ਪ੍ਰਿੰਸੀਪਲ ਇੰਦੂ ਸਿਮਕ, ਅਧਿਆਪਕਾ ਸੁਨੀਤਾ ਤੇ ਅੰਜੂ ਬਾਲਾ ਹਾਜਰ ਸਨ।