ਪੰਜਾਂ ਦਰਿਆਵਾਂ ਅਤੇ ਗੁਰੂਆਂ-ਪੀਰਾਂ ਦੀ ਚਰਨਛੋਹ ਪ੍ਰਾਪਤ ਧਰਤੀ ’ਤੇ ਪਾਣੀ ਦੀ ਸਮੱਸਿਆ ਅਫਸੋਸਨਾਕ ! - ਚੰਦਬਾਜਾ
- ਸ.ਸ.ਸ.ਸ. ਸੁੱਖਣਵਾਲਾ ਵਿਖੇ ਜਾਗਰੂਕਤਾ ਵਾਲੀਆਂ ਕਾਪੀਆਂ ਵੰਡ ਕੇ ਕੀਤਾ ਸੈਮੀਨਾਰ
ਦੀਪਕ ਗਰਗ
ਕੋਟਕਪੂਰਾ, 30 ਮਈ 2023 :- ਕਈ ਦੇਸ਼ਾਂ ਵਿੱਚ ਪਾਣੀ ਦੀ ਕਮੀ ਦੀ ਸਮੱਸਿਆ ਨੂੰ ਲੈ ਕੇ ਜੰਗ ਛਿੜ ਪਈ ਹੈ ਤੇ ਜੇਕਰ ਅਸੀਂ ਆਪਣੀਆਂ ਆਦਤਾਂ ਨਾ ਬਦਲੀਆਂ ਅਰਥਾਤ ਜੀਵਨ ਜਿਉਣ ਦਾ ਢੰਗ ਤਰੀਕਾ ਤਬਦੀਲ ਨਾ ਕੀਤਾ ਤਾਂ ਪੰਜਾਂ ਦਰਿਆਵਾਂ ਅਤੇ ਗੁਰੂਆਂ-ਪੀਰਾਂ ਦੀ ਚਰਨਛੋਹ ਪ੍ਰਾਪਤ ਧਰਤੀ ਪੰਜਾਬ ਉੱਪਰ ਵੀ ਪਾਣੀ ਦੀ ਘਾਟ ਨੂੰ ਲੈ ਕੇ ਜੰਗ-ਯੁੱਧ ਛਿੜਨ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਭਾਈ ਘਨੱੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ ਵਲੋਂ ਕੋਟਕਪੂਰਾ ਗਰੁੱਪ ਆਫ ਫੈਮਿਲੀਜ਼ ਕੈਨੇਡਾ ਦੇ ਸਹਿਯੋਗ ਨਾਲ ਵੱਖ-ਵੱਖ ਸਰਕਾਰੀ ਸਕੂਲਾਂ ’ਚ ਕਰਵਾਏ ਜਾ ਰਹੇ ਜਾਗਰੂਕਤਾ ਸੈਮੀਨਾਰਾਂ ਦੀ ਲੜੀ ’ਚ ਨੇੜਲੇ ਪਿੰਡ ਸੁੱਖਣਵਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਸੈਮੀਨਾਰ ਦੌਰਾਨ ਸੁਸਾਇਟੀ ਦੇ ਪੈ੍ਰਸ ਸਕੱਤਰ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਪਾਣੀ ਦੀ ਦੁਰਵਰਤੋਂ ਰੋਕਣ, ਮੀਂਹ ਦੇ ਪਾਣੀ ਦੀ ਸੰਭਾਲ ਲਈ ਹੰਭਲਾ ਮਾਰਨ ਅਤੇ ਦਰਿਆਵਾਂ ਦੇ ਪਾਣੀ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਦੇ ਅਨੇਕਾਂ ਨੁਕਤੇ ਸਾਂਝੇ ਕੀਤੇ।
ਸੁਰਿੰਦਰ ਸਿੰਘ ਸਦਿਉੜਾ, ਮਾ ਸੋਮਨਾਥ ਅਰੋੜਾ, ਇਕਬਾਲ ਸਿੰਘ ਮੰਘੇੜਾ, ਗੁਰਦਵਿੰਦਰ ਸਿੰਘ ਢਿੱਲੋਂ, ਯਸ਼ਵੰਤ ਖੋਖਰ, ਦਲਜੀਤ ਸਿੰਘ ਅਤੇ ਹੋਰ ਬੁਲਾਰਿਆਂ ਨੇ ਦੱਸਿਆ ਕਿ ਹਵਾ, ਪਾਣੀ ਅਤੇ ਧਰਤੀ ਨੂੰ ਪ੍ਰਦੂਸ਼ਿਤ ਕਰਕੇ ਅਸੀਂ ਕਿਸ ਕੁਦਰਤ ਤੋਂ ਤੰਦਰੁਸਤੀ ਦੀ ਆਸ ਰੱਖ ਰਹੇ ਹਾਂ, ਕਿਉਂਕਿ ਕੁਦਰਤੀ ਸਰੋਤਾਂ ਨਾਲ ਕੀਤੇ ਜਾ ਰਹੇ ਖਿਲਵਾੜ ਦਾ ਖਮਿਆਜਾ ਸਾਡੀ ਆਉਣ ਵਾਲੀ ਪੀੜੀ ਨੂੰ ਜਰੂਰ ਭੁਗਤਣਾ ਪਵੇਗਾ। ਸਕੂਲ ਮੁਖੀ ਪਿ੍ਰੰਸੀਪਲ ਮੈਡਮ ਸੰਦੀਪ ਕੌਰ ਨੇ ਸੁਸਾਇਟੀ ਦੇ ਉਕਤ ਉਪਰਾਲੇ ਦੀ ਭਰਪੂਰ ਪ੍ਰਸੰਸਾ ਕਰਦਿਆਂ ਆਖਿਆ ਕਿ ਉਹਨਾਂ ਦੇ ਸਕੂਲ ਦੇ ਅਧਿਆਪਕ ਸੰਦੀਪ ਅਰੋੜਾ ਵੀ ਅੰਗਹੀਣ ਹੋਣ ਦੇ ਬਾਵਜੂਦ ਵਾਤਾਵਰਣ ਦੀ ਸੰਭਾਲ ਲਈ ਉਪਰਾਲੇ ਕਰ ਰਹੇ ਹਨ।
ਇਸ ਮੌਕੇ ਬੱਚਿਆਂ ਨੂੰ ਵਾਤਾਵਰਣ ਦੀ ਸੰਭਾਲ, ਪਾਣੀ ਦੀ ਬੱਚਤ, ਟੈ੍ਰਫਿਕ ਨਿਯਮਾ ਦੀ ਪਾਲਣਾ, ਬਿਮਾਰੀਆਂ ਤੋਂ ਬਚਣ ਦੇ ਢੰਗ ਤਰੀਕੇ, ਕੈਂਸਰ ਦੇ ਲੱਛਣ ਅਤੇ ਬਚਾਅ ਸਮੇਤ ਹੋਰ ਅਨੇਕਾਂ ਦਰਪੇਸ਼ ਸਮੱਸਿਆਵਾਂ ਸਬੰਧੀ ਜਾਗਰੂਕ ਕਰਨ ਵਾਲੀਆਂ ਕਾਪੀਆਂ ਵੀ ਵੰਡੀਆਂ ਗਈਆਂ। ਅੰਤ ਵਿੱਚ ਗੁਰਿੰਦਰ ਸਿੰਘ ਮਹਿੰਦੀਰੱਤਾ, ਸੁਰਿੰਦਰ ਸਿੰਘ ਸਦਿਉੜਾ, ਮਾ ਸੋਮਨਾੜ ਅਰੋੜਾ ਅਤੇ ਇਕਬਾਲ ਸਿੰਘ ਮੰਘੇੜਾ ਦਾ ਸਕੂਲ ਮੁਖੀ ਸਮੇਤ ਸਮੁੱਚੇ ਸਟਾਫ ਵਲੋਂ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।