ਬੱਚਿਆਂ ਨੂੰ ਸਿਹਤ ਸੁਰੱਖਿਆ ਤੇ ਨਿਰੋਗ ਜੀਵਨ ਪ੍ਰਦਾਨ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ : ਸਿਵਲ ਸਰਜਨ ਡਾ. ਜਸਪ੍ਰੀਤ ਕੌਰ
- ਉਪ ਰਾਸ਼ਟਰੀ ਪਲਸ ਪੋਲੀਓ ਮੁਹਿੰਮ ਦੇ ਆਖ਼ਰੀ ਦਿਨ 12005 ਬੱਚਿਆਂ ਨੇ ਪੀਤੀਆਂ ‘ਜ਼ਿੰਦਗੀ ਦੀਆਂ ਦੋ ਬੂੰਦਾਂ’
ਪ੍ਰਮੋਦ ਭਾਰਤੀ
ਨਵਾਂਸ਼ਹਿਰ, 30 ਮਈ 2023 - ਜ਼ਿਲ੍ਹੇ ਵਿਚ ਉਪ ਰਾਸ਼ਟਰੀ ਪਲਸ ਪੋਲੀਓ ਮੁਹਿੰਮ ਦੇ ਤੀਜੇ ਅਤੇ ਆਖਰੀ ਦਿਨ ਅੱਜ ਜ਼ੀਰੋ ਤੋਂ ਪੰਜ ਸਾਲ ਤੱਕ ਦੇ 12005 ਬੱਚਿਆਂ ਨੇ ਪੋਲੀਓ ਰੋਕੂ ਬੂੰਦਾਂ ਪੀਤੀਆਂ।
ਸਿਵਲ ਸਰਜਨ ਡਾ. ਜਸਪ੍ਰੀਤ ਕੌਰ ਨੇ ਦੱਸਿਆ ਕਿ ਉਪ ਰਾਸ਼ਟਰੀ ਪਲਸ ਪੋਲੀਓ ਮੁਹਿੰਮ ਦੇ ਤੀਜੇ ਅਤੇ ਆਖਰੀ ਦਿਨ ਜਿਲ੍ਹੇ ਅੰਦਰ ਕੁੱਲ 12005 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਗਈਆਂ। ਪਹਿਲੇ ਦਿਨ 30365 ਬੱਚਿਆਂ ਅਤੇ ਦੂਜੇ ਦਿਨ 11666 ਬੱਚਿਆਂ ਨੇ ਪੋਲੀਓ ਬੂੰਦਾਂ ਪੀਤੀਆਂ ਸਨ।
ਡਾ. ਕੌਰ ਨੇ ਦੱਸਿਆ ਕਿ ਅੱਜ ਨਵਾਂਸ਼ਹਿਰ ਵਿੱਚ ਕੁੱਲ 2154, ਬੰਗਾ ਵਿੱਚ 741, ਰਾਹੋਂ ਵਿੱਚ 395, ਬਲਾਚੌਰ ਅਰਬਨ ਵਿੱਚ 1540, ਮੁਜੱੱਫਰਪੁਰ ਵਿੱਚ 2123, ਮੁਕੰਦਪੁਰ ਵਿੱਚ 931, ਸੁੱਜੋਂ ਵਿੱਚ 1487, ਸੜੋਆ ਵਿੱਚ 1503, ਬਲਾਚੌਰ ਰੂਰਲ ਵਿੱਚ 1131 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਗਈਆਂ।
ਉਨ੍ਹਾਂ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਬੱਚਿਆਂ ਨੂੰ ਵੱਧ ਤੋਂ ਵੱਧ ਬਿਮਾਰੀਆਂ ਤੋਂ ਬਚਾਉਣ ਲਈ ਸਾਰੇ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਸ ਗੱਲ ‘ਤੇ ਜ਼ੋਰ ਦਿੱਤਾ ਜਾਂਦਾ ਹੈ ਕਿ ਸਮੇਂ-ਸਮੇਂ 'ਤੇ ਆਉਂਦੇ ਰਾਸ਼ਟਰੀ ਅਤੇ ਉਪ ਰਾਸ਼ਟਰੀ ਪਲਸ ਪੋਲੀਓ ਦਿਵਸ ਸਮੇਤ ਨਿਯਮਤ ਟੀਕਾਕਰਨ ਪ੍ਰੋਗਰਾਮ ਦੀ ਮਜ਼ਬੂਤੀ ਨਾਲ ਹਰ ਬੱਚੇ ਨੂੰ ਸਿਹਤ ਸੁਰੱਖਿਆ ਤੇ ਨਿਰੋਗ ਜੀਵਨ ਪ੍ਰਦਾਨ ਕਰਨ ਵਿੱਚ ਕੋਈ ਕਸਰ ਬਾਕੀ ਨਾ ਛੱਡੀ ਜਾਵੇ।