ਡਾਕਟਰਾਂ ਦੀ ਬਦਲੀ ਦੀ ਖ਼ਬਰ ਸੋਸ਼ਲ ਮੀਡੀਆ ਤੇ ਹਲਕੇ 'ਚ ਅੱਗ ਵਾਂਗੂੰ ਫੈਲੀ, ਬਦਲੀ ਨੂੰ ਲੈਕੇ ਲੋਕਾਂ 'ਚ ਭਾਰੀ ਰੋਸ
- ਸਿਵਲ ਹਸਪਤਾਲ ਜੈਤੋ ਦੇ ਤਿੰਨ ਨਵ-ਨਿਯੁਕਤ ਡਾਕਟਰਾਂ ਦੀ ਬਦਲੀ ਨੂੰ ਲੈਕੇ ਲੋਕਾਂ 'ਚ ਭਾਰੀ ਰੋਸ
ਮਨਜੀਤ ਸਿੰਘ ਢੱਲਾ
ਜੈਤੋ, 30 ਮਈ 2023 - ਸਿਵਲ ਹਸਪਤਾਲ ਜੈਤੋ ਦੇ ਤਿੰਨ ਨਵ-ਨਿਯੁਕਤ ਡਾਕਟਰ ਜਿਨ੍ਹਾਂ ਵਿਚ ਸਰਜਨ ,ਗਾਇਨੀ ਮੈਡੀਕਲ ਅਫ਼ਸਰਾਂ ਦੀ ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਗਈ ਬਦਲੀਆਂ ਦੀ ਲਿਸਟ ਨੰਬਰ 105/106 ਵਿਚ ਦਰਜ ਕੀਤੇ ਗਏ ਹਨ ਅਤੇ ਆਰਜੀ ਬਦਲੀ ਅਲਟਰਾਸਾਊਂਡ ਦੇ ਮਾਹਿਰ ਡਾਕਟਰ ਵੀ ਕੀਤੀ ਗਈ ਹੈ, ਇਨ੍ਹਾਂ ਡਾਕਟਰਾਂ ਦੀ ਬਦਲੀ ਨੂੰ ਲੈਕੇ ਇਲਾਕੇ ਦੇ ਲੋਕਾਂ ਵਿੱਚ ਭਾਰੀ ਰੋਸ ਜਤਾਇਆ ਜਾ ਰਿਹਾ ਹੈ, ਇਹ ਖ਼ਬਰ ਸੋਸ਼ਲ ਮੀਡੀਆ ਤੇ ਹਲਕੇ ਵਿੱਚ ਅੱਗ ਵਾਂਗੂੰ ਫੈਲ ਗਈ।
ਜਾਣਕਾਰੀ ਅਨੁਸਾਰ ਪਿਛਲੇ ਇੱਕ ਹਫ਼ਤਾ ਪਹਿਲਾਂ ਸਿਵਲ ਹਸਪਤਾਲ ਜੈਤੋ ਵਿਖੇ ਤਿੰਨ ਡਾਕਟਰਾਂ ਦੀ ਨਿਯੁਕਤੀ ਕੀਤੀ ਗਈ ਸੀ। ਜਿਨਾ ਦੇ ਚਾਰਜ ਸੰਭਾਲਣ ਦੀ ਸਿਆਹੀ ਵੀ ਨਹੀਂ ਸੁੱਕੀ ਸੀ, ਪੰਜਾਬ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਅੱਜ ਤਿੰਨ ਡਾਕਟਰਾਂ ਦੀ ਬਦਲੀ ਕਰਕੇ ਹਲਕੇ ਦੇ ਲੋਕਾਂ ਵਿੱਚ ਨਿਰਾਸ਼ਾ ਪੈਦਾ ਕੀਤੀ। ਜੈਤੋ ਦੇ ਲੋਕ ਤਿੰਨ ਡਾਕਟਰਾਂ ਦੇ ਆਉਣ ਤੇ ਅਜੇ ਵਧਾਈ ਦੇ ਰਹੇ ਸਨ ਹੁਣ ਤਿੰਨੋਂ ਡਾਕਟਰਾਂ ਦੀ ਬਦਲੀ ਨੂੰ ਲੈਕੇ ਪੰਜਾਬ ਸਰਕਾਰ ਵਿਰੁੱਧ ਸ਼ਹਿਰ ਵਾਸੀ ਰੋਸ ਜਤਾ ਰਹੇ ਹਨ।
ਹੁਣ ਇਲਾਕੇ ਦੇ ਮਰੀਜ਼ਾਂ ਨੂੰ ਵੀ ਸਿਹਤ ਸੇਵਾਵਾਂ ਪ੍ਰਤੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ ਤੇ ਪਹਿਲਾਂ ਵਾਲੇ ਡਾਕਟਰਾਂ ਤੇ ਦੁਬਾਰਾ ਹੋਰ ਬੋਝ ਪਵੇਗਾ।
ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਜੈਤੋ ਦਾ ਸਿਵਲ ਹਸਪਤਾਲ ਇੱਕ ਵਾਰ ਫਿਰ ਡਾਕਟਰਾਂ ਦੀ ਉਡੀਕ ਕਰੇਗਾ । ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਤੇ ਬੁੱਧੀਜੀਵੀ ਵਰਗ ਦੇ ਲੋਕਾਂ ਦੀ ਪੰਜਾਬ ਸਰਕਾਰ ਤੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਤੋਂ ਪੁਰਜ਼ੋਰ ਮੰਗ ਹੈ ਕਿ ਜੈਤੋ ਦੇ ਸਿਵਲ ਹਸਪਤਾਲ ਵਿਖੇ ਨਵੇਂ ਡਾਕਟਰਾਂ ਨੂੰ ਜਲਦ ਨਿਯੁਕਤ ਕੀਤਾ ਜਾਵੇ ਤੇ ਗਰੀਬ ਲੋਕਾਂ ਨੂੰ ਸਿਹਤ ਸਹੂਲਤਾਂ ਮਿਲ ਸਕਣ।