ਰਾਜਨੀਤੀ ਤੋਂ ਹਟ ਕੇ, ਬਾਈਕਰ ਬਣ ਪਹਾੜਾਂ ਦੀਆਂ ਟੀਸੀਆਂ ਵੱਲ ਨਿਕਲੇ ਮਜੀਠੀਆ- ਪਹੁੰਚੇ ਦੁਨੀਆ ਦੇ ਸਭ ਤੋਂ ਉੱਚੇ ਡਾਕਘਰ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 31 ਮਈ 2023- ਪੰਜਾਬ ਦੇ ਵਿਚ ਇੱਕ ਪਾਸੇ ਕੈਬਨਿਟ ਦਾ ਵਿਸਥਾਰ ਹੋ ਰਿਹਾ ਹੈ, ਉਥੇ ਹੀ ਦੂਜੇ ਪਾਸੇ ਅਕਾਲੀ ਦਲ ਦੇ ਵੱਡੇ ਲੀਡਰ ਬਿਕਰਮ ਮਜੀਠੀਆ ਰਾਜਨੀਤੀ ਤੋਂ ਹੱਟ ਕੇ ਬਾਈਕਰ ਬਣ ਕੇ ਪਹਾੜਾਂ ਦੀਆਂ ਟੀਸੀਆਂ ਵੱਲ ਨਿਕਲ ਪਏ ਹਨ। ਬਿਕਰਮ ਮਜੀਠੀਆ ਆਪਣੇ ਕਰੀਬੀਆਂ ਨਾਲ ਖੁਦ ਬਾਈਕ ਚਲਾ ਕੇ ਦੁਨੀਆ ਦੇ ਸਭ ਤੋਂ ਉੱਚੇ ਡਾਕਘਰ ਹਿੱਕਮ ਪਹੁੰਚੇ। ਇਸ ਬਾਰੇ ਖੁਦ ਮਜੀਠੀਆ ਨੇ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਦਿੱਤੀ।
ਮਜੀਠੀਆ ਨੇ ਲਿਖਿਆ ਕਿ, ਪੰਜਾਬ ਤੋਂ ਬਾਇਕ ਰਾਈਡਿੰਗ ਰਾਹੀਂ ਪਹਾੜੀ ਇਲਾਕੇ ਦੀ ਯਾਤਰਾ ਕਰਦਿਆਂ ਅੱਜ ਵਿਸ਼ਵ ਦੇ ਸਭ ਤੋਂ ਵੱਧ ਉਚਾਈ ਵਾਲੇ ਪੋਸਟ ਆਫ਼ਿਸ ਹਿੱਕਮ 'ਤੇ ਪਹੁੰਚ ਕੇ ਸਮੁੱਚੀ ਯਾਤਰਾ ਦੀ ਮੰਜਿਲ 'ਤੇ ਪਹੁੰਚਣ ਦਾ ਅਹਿਸਾਸ ਹੋਇਆ। ਬਹੁਤ ਦੇਰ ਬਾਅਦ ਅਜਿਹੀ ਯਾਤਰਾ ਕਰਦਿਆਂ ਕੁਦਰਤੀ ਨਜ਼ਾਰਿਆਂ ਨੂੰ ਨੇੜ੍ਹੇ ਤੋਂ ਦੇਖ ਕੇ ਕੁਦਰਤ ਦੀ ਇਲਾਹੀ ਸੁੰਦਰਤਾ ਅਤੇ ਵਿਸ਼ਾਲਤਾ ਦਾ ਅਨੰਦ ਮਾਨਣਾ ਨਿਚਸੇ ਹੀ ਬੇਮਿਸਾਲ ਅਤੇ ਲਾਜਵਾਬ ਹੈ। ਨੌਜਵਾਨਾਂ ਨੂੰ ਅਜਿਹੀਆਂ ਯਾਤਰਾਵਾਂ ਦੁਆਰਾ ਜੀਵਨ ਵਿੱਚ ਰੁਮਾਂਚਕਤਾ ਭਰਦੇ ਰਹਿਣਾ ਚਾਹੀਦਾ ਹੈ।
ਦੱਸਣਾ ਬਣਦਾ ਹੈ ਕਿ, ਦੁਨੀਆ ਦਾ ਸਭ ਤੋਂ ਉੱਚਾ ਡਾਕਘਰ ਹਿਮਾਚਲ ਪ੍ਰਦੇਸ਼ ਦੇ ਸਪਿਤੀ ਵਿੱਚ ਹਿੱਕਮ ਪਿੰਡ ਵਿੱਚ ਸਥਿਤ ਹੈ। 14567 ਫੁੱਟ ਯਾਨੀ 4440 ਮੀਟਰ ਦੀ ਉਚਾਈ 'ਤੇ ਜਿੱਥੇ ਸਾਹ ਲੈਣ ਲਈ ਵੀ ਸਖ਼ਤ ਮਿਹਨਤ ਕਰਨੀ ਪੈਂਦੀ ਹੈ, ਇਹ ਡਾਕਘਰ 1983 ਤੋਂ ਦੂਰ-ਦੁਰਾਡੇ ਪਿੰਡਾਂ ਤੱਕ ਚਿੱਠੀਆਂ ਪਹੁੰਚਾ ਰਿਹਾ ਹੈ।
ਹਿੱਕਮ ਦੇ ਆਲੇ-ਦੁਆਲੇ ਦੇ ਪਿੰਡਾਂ ਵਿੱਚ ਚਿੱਠੀਆਂ ਹੀ ਸੰਚਾਰ ਦਾ ਸਾਧਨ ਹਨ। ਇਸ ਸਬ ਡਾਕਘਰ ਦੀ ਜਿੰਮੇਵਾਰੀ ਹਿੱਕਮ ਤੋਂ ਇਲਾਵਾ ਲੰਗਚਾ-1, ਲੰਗਚਾ-2 ਅਤੇ ਕਾਮਿਕ ਪਿੰਡਾਂ ਤੱਕ ਚਿੱਠੀ ਪੱਤਰ ਪਹੁੰਚਾਉਣ ਦੀ ਹੈ। ਡਾਕਘਰ ਨੂੰ ਜਾਂਦੇ ਰਸਤੇ ਸਾਲ ਵਿੱਚ ਕੁਝ ਮਹੀਨਿਆਂ ਲਈ ਹੀ ਖੁੱਲ੍ਹਦੇ ਹਨ। ਬਰਫ਼ ਪਿਘਲਣ ਤੋਂ ਬਾਅਦ ਹੀ ਜੂਨ ਤੋਂ ਅਕਤੂਬਰ ਤੱਕ ਇੱਥੇ ਆਉਣਾ ਸੰਭਵ ਹੈ। ਬਾਕੀ ਮਹੀਨਿਆਂ ਤੱਕ ਇੱਥੇ ਬਰਫ ਜੰਮੀ ਰਹਿੰਦੀ ਹੈ।