ਸਾਦ ਮੁਰਾਦਾ ਪੇਂਡੂ ਦਿੱਖ ਵਾਲਾ ਟੇਕ ਸਿੰਘ ਬੰਗੀ ਮਾਰਕੀਟ ਕਮੇਟੀ ਦਾ ਚੇਅਰਮੈਨ ਬਣਿਆ
ਅਸ਼ੋਕ ਵਰਮਾ
ਬਠਿੰਡਾ, 1 ਜੂਨ 2023: ਸਾਦ ਮੁਰਾਦਾ ਜਿਹਾ ਪੇਂਡੂ ਦਿੱਖ ਅਤੇ ਕੁੜਤੇ ਪਜਾਮੇ ਵਿੱਚ ਨਜ਼ਰ ਆਉਣ ਵਾਲਾ ਟੇਕ ਸਿੰਘ ਬੰਗੀ ਹੁਣ ਮਾਰਕੀਟ ਕਮੇਟੀ ਦਾ ਚੇਅਰਮੈਨ ਬਣ ਗਿਆ ਹੈ। ਹਾਲਾਂਕਿ ਕੁੜਤਾ ਪਜਾਮਾ ਸਿਆਸੀ ਲੀਡਰਾਂ ਦੀ ਪਹਿਲੀ ਪਸੰਦ ਹੁੰਦਾ ਹੈ ਜੋ ਕੱਪੜੇ ਅਤੇ ਸਿਲਾਈ ਦੋਵਾਂ ਪੱਖਾਂ ਤੋਂ ਕਾਫ਼ੀ ਮਹਿੰਗੇ ਵੀ ਹੁੰਦੇ ਹਨ। ਪਰ ਟੇਕ ਸਿੰਘ ਨੇ ਸਾਦਗੀ ਨੂੰ ਪਹਿਲ ਦਿੰਦਿਆਂ ਆਪਣੀ ਜ਼ਿੰਦਗੀ 'ਚ ਹਮੇਸ਼ਾ ਸਾਦਾ ਕੁੜਤਾ ਪਜਾਮਾ ਹੀ ਪਾਇਆ।ਉਨ੍ਹਾਂ ਦੀ ਇਸ ਸਾਦਗੀ ਦੀ ਹਰ ਪਾਸੇ ਕਾਫੀ ਚਰਚਾ ਰਹੀ ਹੈ। ਪੰਜਾਬ ਸਰਕਾਰ ਨੇ ਉਸਨੂੰ ਹੁਣ ਬਠਿੰਡਾ ਜ਼ਿਲ੍ਹੇ ਦੇ ਇਤਿਹਾਸਕ ਅਤੇ ਧਾਰਮਿਕ ਪੱਖ ਵਾਲੇ ਸ਼ਹਿਰ ਤਲਵੰਡੀ ਸਾਬੋ ਦੀ ਮਾਰਕਿਟ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਹੈ।
ਉਸ ਦੇ ਸਮਰਥਕਾਂ ਨੇ ਚੇਅਰਮੈਨ ਬਣਨ ਤੇ ਕਾਫ਼ੀ ਖ਼ੁਸ਼ੀ ਜਤਾਈ ਹੈ ਅਤੇ ਸਰਕਾਰ ਵੱਲੋਂ ਆਦੇਸ਼ ਆਉਣ ਤੇ ਅਹੁਦਾ ਸੰਭਾਲਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ । ਟੇਕ ਸਿੰਘ ਬੰਗੀ ਨੇ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਹੀ ਆਪਣੀ ਸੀਨੀਅਰਤਾ ਵਜੋਂ ਕਿਸੇ ਨਾ ਕਿਸੇ ਅਹੁਦੇ ਤੇ ਨਿਯੁਕਤ ਹੋ ਜਾਣਾ ਸੀ ਪਰ ਉਸ ਦਾ ਫੈਸਲਾ ਸੀ ਕਿ ਉਸ ਨੇ ਪਾਰਟੀ ਕੋਲੋਂ ਕੁੱਝ ਵੀ ਨਹੀਂ ਮੰਗਣਾ ਹੈ ਜਿਸ ਕਰਕੇ ਉਹ ਹੁਣ ਚੇਅਰਮੈਨ ਬਣਿਆ ਹੈ। ਸਾਲ 2013 ਦੌਰਾਨ ਜਦੋਂ ਦਿੱਲੀ ਵਿੱਚ ਆਮ ਆਦਮੀ ਪਾਰਟੀ ਨੇ ਜਿੱਤ ਪ੍ਰਾਪਤ ਕੀਤੀ ਸੀ ਤਾਂ ਉਸਨੇ ਹੱਥ ਵਿੱਚ ਝਾੜੂ ਚੁੱਕਿਆ ਸੀ ਜਿਹੜਾ ਹੁਣ ਤੱਕ ਉਹ ਉਸਦੇ ਹੱਥਾਂ ਵਿੱਚ ਹੀ ਹੁੰਦਾ ਹੈ।
ਉਨ੍ਹਾਂ ਨੇ ਆਪਣੀ ਪਾਰਟੀ ਲਈ ਦਿਆਨਤਦਾਰੀ ਨਾਲ ਕੰਮ ਕੀਤਾ ਅਤੇ ਪਾਰਟੀ ਵੱਲੋਂ ਲਾਈ ਹਰ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਇਆ । ਉਨ੍ਹਾਂ ਆਪਣੀ ਪਾਰਟੀ ਤਰਫੋਂ ਪੰਜਾਬ ਸਰਕਾਰ ਖ਼ਿਲਾਫ਼ ਚਲਾਈ ਗਈ ਹਰ ਮੁਹਿੰਮ ਵਿੱਚ ਕਾਫੀ ਯੋਗਦਾਨ ਪਾਇਆ। ਟੇਕ ਸਿੰਘ ਬੰਗੀ ਨੇ ਦੱਸਿਆ ਕਿ ਸਾਲ 2014 ਵਿਚ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਉਸ ਦੇ ਘਰ ਆਏ ਸਨ ਅਤੇ ਉਨ੍ਹਾਂ ਨੂੰ ਪੂਰੀ ਤਨਦੇਹੀ ਨਾਲ ਪਾਰਟੀ ਲਈ ਕੰਮ ਕਰਨ ਲਈ ਕਿਹਾ ਸੀ। ਉਹਨਾਂ ਦੱਸਿਆ ਕਿ ਉਸ ਤੋਂ ਬਾਅਦ ਅੱਜ ਤੱਕ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਪੰਜਾਬ ਵਿਚਲੀ ਸਭ ਤੋਂ ਪਹਿਲੀ ਚੋਣ ਜੱਸੀ ਜਸਰਾਜ ਦੀ ਸੀ ਜੋ ਬਠਿੰਡਾ ਸੰਸਦੀ ਹਲਕੇ ਤੋਂ ਲੋਕ ਸਭਾ ਦੀ ਚੋਣ ਲੜਿਆ ਸੀ । ਇਸ ਤੋਂ ਬਾਅਦ ਉਸ ਨੇ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਬਲਜਿੰਦਰ ਕੌਰ ਦੀ ਟੀਮ ਦੇ ਮੋਢੇ ਨਾਲ ਮੋਢਾ ਜੋੜ ਕੇ ਤਿੰਨ ਅਸੈਂਬਲੀ ਚੋਣਾਂ ਲੜੀਆਂ ਹਨ ਜਿਨ੍ਹਾਂ ਵਿਚੋਂ ਇੱਕ ਜ਼ਿਮਨੀ ਚੋਣ ਸੀ। ਉਸ ਤੋਂ ਬਾਅਦ ਵੱਖ ਵੱਖ ਅਹੁਦਿਆਂ ਤੇ ਜ਼ਿੰਮੇਵਾਰੀ ਨਿਭਾਈ ਅਤੇ ਪਾਰਟੀ ਦੀਆਂ ਕਈ ਰੈਲੀਆਂ ਵਿੱਚ ਆਪਣਾ ਬਣਦਾ ਯੋਗਦਾਨ ਪਾਇਆ। ਉਨ੍ਹਾਂ ਪਾਰਟੀ ਦੇ ਜ਼ਿਲ੍ਹਾ ਖ਼ਜ਼ਾਨਚੀ ਵਜੋਂ ਵੀ ਆਪਣੀ ਜ਼ਿੰਮੇਵਾਰੀ ਵੀ ਨਿਭਾਈ।
ਚੇਅਰਮੈਨ ਬਣਾਏ ਜਾਣ ਦੀਆਂ ਖ਼ਬਰਾਂ ਆਉਣ ਤੋਂ ਬਾਅਦ ਉਨ੍ਹਾਂ ਦੇ ਸਾਥੀਆਂ ਅਤੇ ਸਮਰਥਕ ਤੋਂ ਇਲਾਵਾ ਵੱਖ-ਵੱਖ ਆਗੂਆਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਸ਼ੁਭਕਾਮਨਾਵਾਂ ਵੀ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਪੰਜਾਬ ਭਗਵੰਤ ਮਾਨ, ਤਲਵੰਡੀ ਸਾਬੋ ਹਲਕੇ ਤੋਂ ਵਿਧਾਇਕ ਬੀਬੀ ਬਲਜਿੰਦਰ ਕੌਰ ਸਮੇਤ ਸਮੂਹ ਲੀਡਰਸ਼ਿਪ ਦੇ ਤਹਿ ਦਿਲੋਂ ਧੰਨਵਾਦੀ ਹਨ ਜਿਨ੍ਹਾਂ ਉਨ੍ਹਾਂ ਨੂੰ ਇਸ ਅਹੁਦੇ ਨਾਲ ਨਿਵਾਜਿਆ ਹੈ।ਉਨ੍ਹਾਂ ਦੱਸਿਆ ਕਿ ਉਹ ਆਪਣੇ ਕੰਮਕਾਜ ਵਿੱਚ ਪਾਰਦਸ਼ਤਾ ਲਿਆਉਣਗੇ ਅਤੇ ਇਮਾਨਦਾਰੀ ਵਾਲ਼ਾ ਮਾਹੌਲ ਸਿਰਜਣ ਲਈ ਪੂਰੀ ਵਾਹ ਲਾਉਣਗੇ।