ਪੱਚੀ ਪੱਚੀ ਪੰਜਾਹ- ਰੱਬ ਨੇ ਪਾਇਆ ਗਾਹ, ਤੂੰ ਮੈਨੂੰ ਕੂਲਰ ਵਿਕਦੇ ਵਿਖਾ
ਅਸ਼ੋਕ ਵਰਮਾ
ਬਠਿੰਡਾ,2 ਜੂਨ 2023: ਮੌਸਮੀ ਵਰਤਾਰੇ ਦਾ ਅਸਰ ਹੈ ਕਿ ਐਤਕੀਂ ਜੂਨ ਮਹੀਨੇ ਵਿੱਚ ਪਹਿਲਾਂ ਦੀ ਤਰਾਂ ਗਰਮੀ ਨਹੀਂ ਪਈ ਹੈ। ਕਈ ਦਹਾਕਿਆਂ ਬਾਅਦ ਇਹ ਪਹਿਲੀ ਵਾਰ ਹੋਇਆ ਹੈ ਕਿ ਮਈ ਮਹੀਨਾ ਵੀ ਪਿੰਡੇ ਨੂੰ ਲੂਹਣ ਵਾਲੀ ਤਪਸ਼ ਤੋਂ ਦੂਰ ਰਿਹਾ ਹੈ। ਖਾਸ ਤੌਰ ਤੇ ਮਈ ਦੀ ਗਰਮੀ ਕਾਰਨ ਪੰਜਾਬ ਦੀ ਮਾਲਵਾ ਪੱਟੀ ਤੰਦੂਰ ਵਾਂਗ ਨਹੀਂ ਤਪੀ ਹੈ। ਕਈ ਖ਼ਿੱਤਿਆਂ ’ਚ ਬੀਤੀ ਰਾਤ ਅਤੇ ਪਿਛਲੇ ਦਿਨਾਂ ਦੌਰਾਨ ਪਏ ਮੀਂਹ ਕਾਰਨ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਮਿਲੀ ਹੈ। ਵਿਸ਼ੇਸ਼ ਤੌਰ ਤੇ ਗਰਮੀਆਂ ਦੀਆਂ ਛੁੱਟੀਆਂ ਕਾਰਨ ਸਕੂਲੀ ਬੱਚਿਆਂ ਲਈ ਗਰਮੀ ਦੀ ਅਣਹੋਂਦ ਮੌਜਾਂ ਮਾਨਣ ਵਾਲੀ ਸਿੱਧ ਹੋਈ ਐ। ਮੌਸਮ ਵਿਗਿਆਨੀ ਆਖਦੇ ਹਨ ਕਿ ਐਤਕੀਂ ਪੁਰਾਣੇ ਰਿਕਾਰਡ ਟੁੱਟਣ ਦੀ ਸੰਭਾਵਨਾ ਹੈ।
ਰੌਚਕ ਪਹਿਲੂ ਇਹ ਹੈ ਕਿ ਪਿਛਲੇ ਸਾਲ ਦੁਪਹਿਰ ਤੋਂ ਪਹਿਲਾਂ ਹੀ ਤਪਸ਼ ਵੱਧ ਜਾਂਦੀ ਸੀ ਅਤੇ ਦੁਪਹਿਰ ਤੱਕ ਬਾਜ਼ਾਰਾਂ ਵਿੱਚ ਚੁੱਪ ਦਾ ਪਸਾਰਾ ਹੋ ਜਾਂਦਾ ਸੀ ਜਦੋਂ ਕਿ ਇਸ ਵਾਰ ਅਜਿਹਾ ਨਜ਼ਾਰਾ ਦੇਖਣ ਨੂੰ ਨਹੀਂ ਮਿਲ ਰਿਹਾ ਹੈ। ਉਂਜ ਇਸ ਬਦਲੇ ਮੌਸਮ ਕਾਰਨ ਗਰਮੀ ਨਾਲ ਜੁੜੇ ਕਾਰੋਬਾਰ ਇਸ ਵਾਰ ਪੂਰੀ ਤਰ੍ਹਾਂ ਠੰਡੇ ਪਏ ਹਨ। ਮਾਲਵੇ ਦੇ ਵਿੱਚ ਇਸ ਵਾਰ ਸਭ ਤੋਂ ਵੱਧ ਪ੍ਰਭਾਵਿਤ ਕੂਲਰ ਅਤੇ ਏ ਸੀ ਦਾ ਕਾਰੋਬਾਰ ਹੋਇਆ ਹੈ। ਹਾਲਾਂਕਿ ਮੌਸਮ ਦੀ ਤਬਦੀਲੀ ਕਾਰਨ ਗਰਮੀ ਤੋਂ ਰਾਹਤ ਦੇਣ ਵਾਲੇ ਠੰਢੇ ਪਦਾਰਥਾਂ ਦੀ ਵਿੱਕਰੀ ਤੇ ਵੀ ਅਸਰ ਪਿਆ ਹੈ ਪਰ ਗਰਮ ਮੌਸਮ ਨਾਲ ਜੁੜੀਆਂ ਇਲੈਕਟ੍ਰਾਨਿਕ ਖਪਤਕਾਰ ਵਸਤਾਂ ਦੀ ਵਿੱਕਰੀ ਵਿੱਚ ਵੱਡੀ ਖੜੋਤ ਆਈ ਹੈ।
ਬਠਿੰਡਾ ਦੇ ਕੂਲਰ ਨਿਰਮਾਤਾ ਅਤੇ ਹੋਲ ਸੇਲ ਕਾਰੋਬਾਰੀ ਰਾਜੇਸ਼ ਬਾਂਸਲ ਦਾ ਕਹਿਣਾ ਸੀ ਕਿ ਕੂਲਰ ਸਨਅਤ ਲਈ ਜੂਨ ਦਾ ਪਹਿਲਾ ਪੰਦਰਵਾੜਾ ਵਪਾਰ ਦੇ ਪੱਖ ਤੋਂ ਅਤੀ ਅਹਿਮ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦਿਨਾਂ ਦੌਰਾਨ ਕੂਲਰਾਂ ਦੀ ਵਿਕਰੀ ਚੋਟੀ ਤੇ ਹੁੰਦੀ ਹੈ ਜਦੋਂ ਕਿ ਇਸ ਵਾਰ ਕੋਈ ਪੁੱਛਣ ਵਾਲਾ ਵੀ ਨਹੀਂ ਹੈ। ਉਨ੍ਹਾਂ ਆਖਿਆ ਕਿ ਗਰਮੀ ਨੇ ਕਾਰੋਬਾਰ ਨੂੰ ਵੱਡੀ ਆਰਥਿਕ ਸੱਟ ਮਾਰੀ ਹੈ । ਇਸੇ ਤਰ੍ਹਾਂ ਹੀ ਵਿਚਾਰ ਰਿਟੇਲ ਵਪਾਰੀਆਂ ਲਈ ਵੀ ਠੰਢਾ ਮੌਸਮ ਕਾਰੋਬਾਰੀ ਗਿਰਾਵਟ ਵਾਲਾ ਸਾਬਤ ਹੋਇਆ ਹੈ । ਇਲੈਕਟ੍ਰੋਨਿਕ ਵਪਾਰੀਆਂ ਨੇ ਦੱਸਿਆ ਕੇ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਵਾਰ ਵੀ ਉਨ੍ਹਾਂ ਨੇ ਅਗੇਤਾ ਸਟਾਕ ਕਰ ਲਿਆ ਸੀ ਜੋ ਕਿ ਹੁਣ ਫਸ ਗਿਆ ਹੈ। ਏਸੀ ਦਾ ਕਾਰੋਬਾਰ ਕਰਨ ਵਾਲਿਆਂ ਨੇ ਵੀ ਮੰਦੀ ਦਾ ਠੀਕਰਾ ਮੌਸਮ ਵਿੱਚ ਆਈ ਤਬਦੀਲੀ ਸਿਰ ਭੰਨਿਆ ਹੈ।
ਮੌਸਮ ਵਿਭਾਗ ਵੱਲੋਂ ਜਾਰੀ ਅੰਕੜਿਆਂ ਤੇ ਨਜ਼ਰ ਮਾਰੀਏ ਤਾਂ ਪਿਛਲੇ ਸਾਲ 14 ਅਤੇ 15 ਮਈ ਨੂੰ ਤਾਪਮਾਨ 46 ਡਿਗਰੀ ਸੈਲਸੀਅਸ ਰਿਹਾ ਸੀ ਜੋ ਕਿ ਰਾਜਸਥਾਨ ਦੇ ਸ਼ਹਿਰਾਂ ਨਾਲੋਂ ਕਿਤੇ ਵੱਧ ਜ ਸੀ। ਇਸ ਤੋਂ ਬਾਅਦ ਵੀ ਮਈ ਮਹੀਨੇ 'ਚ ਗਰਮੀ ਦਾ ਪਾਰਾ 42 ਤੋਂ 43 ਡਿਗਰੀ ਦੇ ਵਿਚਕਾਰ ਹੀ ਰਿਹਾ ਸੀ। ਪਿਛਲੇ ਸਾਲ ਪਹਿਲੀ ਜੂਨ ਨੂੰ ਵੀ ਤਾਪਮਾਨ 43.2 ਡਿਗਰੀ ਦਰਜ ਕੀਤਾ ਗਿਆ ਸੀ। ਇਹਨਾਂ ਦਿਨਾਂ ਦੌਰਾਨ ਘੱਟ ਤੋਂ ਘੱਟ ਤਾਪਮਾਨ ਵੀ ਜ਼ਿਆਦਾ ਰਿਹਾ ਸੀ ਜਿਸ ਨੇ ਤਪਸ਼ ਹੋਰ ਵੀ ਵਧਾਈ ਸੀ । ਇਹ ਨਹੀਂ ਕਿ ਐਤਕੀਂ ਗਰਮੀ ਸ਼ੁਰੂ ਨਹੀਂ ਹੋਈ ਬਲਕਿ ਗਰਮ ਮੌਸਮ ਨੇ ਪਹਿਲੀ ਦਸਤਕ 8 ਮਈ ਨੂੰ ਦਿੱਤੀ ਸੀ ਜਦੋਂ ਤਾਪਮਾਨ 37 ਡਿਗਰੀ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ 21 ਮਈ ਤੱਕ ਹੌਲੀ-ਹੌਲੀ ਤਾਪਮਾਨ 44 ਡਿਗਰੀ ਤੱਕ ਪੁੱਜ ਗਿਆ।
ਇਸ ਮੌਕੇ ਆਮ ਲੋਕਾਂ ਨੇ ਮਹਿਸੂਸ ਕੀਤਾ ਸੀ ਕਿ ਐਤਕੀ ਵੱਟ ਕੱਢਣ ਵਾਲੀ ਗਰਮੀ ਪਵੇਗੀ ਜਦੋਂ ਕਿ ਹੋਇਆ ਇਸ ਦੇ ਉਲਟ। ਇਸ ਵਾਰ 24 ਮਈ ਤੋਂ ਤਾਪਮਾਨ ਘਟਣਾ ਸ਼ੁਰੂ ਹੋਇਆ ਅਤੇ 32 ਤੋਂ 35 ਡਿਗਰੀ ਦੇ ਵਿੱਚ ਰਿਹਾ। ਮੌਸਮ ਵਿਭਾਗ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਵੀਰਵਾਰ ਪਹਿਲੀ ਜੂਨ ਨੂੰ ਵੀ ਸਿਰਫ 31.4 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਮੌਸਮ ਵਿਗਿਆਨੀਆਂ ਨੇ ਦੱਸਿਆ ਹੈ ਕਿ ਸ਼ਨੀਵਾਰ 3 ਜੂਨ ਨੂੰ ਤਾਪਮਾਨ 32 ਡਿਗਰੀ ਰਹਿਣ ਦੇ ਆਸਾਰ ਹਨ । ਉਨ੍ਹਾਂ ਦੱਸਿਆ ਕਿ ਹੌਲੀ ਹੌਲੀ ਵੱਧ ਕੇ 6 ਜੂਨ ਤੱਕ ਤਾਪਮਾਨ 36 ਡਿਗਰੀ ਤੱਕ ਪੁੱਜ ਸਕਦਾ ਹੈ। ਮੌਸਮ ਮਾਹਿਰਾਂ ਨੇ ਦੱਸਿਆ ਹੈ ਆਉਣ ਵਾਲੇ ਕੁੱਝ ਦਿਨਾਂ ਦੌਰਾਨ ਹੱਦ ਤੋਂ ਜਿਆਦਾ ਗਰਮੀ ਪੈਣ ਦੀ ਬਹੁਤੀ ਸੰਭਾਵਨਾ ਨਹੀਂ ਹੈ।
ਦੂਜੇ ਪਾਸੇ ਮਈ ਮਹੀਨੇ ਦੇ ਅਖ਼ੀਰਲੇ ਦਿਨਾਂ ਦੌਰਾਨ ਪੈਣ ਲੱਗੇ ਮੀਂਹ ਨਾਲ ਕਿਸਾਨਾਂ ਨੂੰ ਵੱਡੀ ਰਾਹਤ ਮਿਲੀ ਹੈ। ਕਿਸਾਨਾਂ ਨੂੰ ਹੁਣ ਆਪਣੀਆਂ ਜ਼ਮੀਨਾਂ ਸੁਆਰਨ ਵਿੱਚ ਵੱਡੀ ਮੱਦਦ ਮਿਲੇਗੀ।ਭਾਵੇਂ ਝੋਨੇ ਦੀ ਲਵਾਈ ਕਰੀਬ 20 ਜੂਨ ਤੋਂ ਸ਼ੁਰੂ ਹੋਣੀ ਹੈ ਪਰ ਬਾਰਸ਼ ਨੇ ਗਰਮੀ ਕਾਰਨ ਤਪਣ ਲੱਗੀਆਂ ਜ਼ਮੀਨਾਂ ਦਾ ਸੀਨਾ ਠਾਰ ਦਿੱਤਾ ਹੈ। ਜੇਕਰ ਝੋਨੇ ਦੀ ਲਵਾਈ ’ਤੇ ਪਾਬੰਦੀ ਨਾ ਲਾਈ ਹੁੰਦੀ ਤਾਂ ਕਿਸਾਨਾਂ ਨੇ ਲਗਾਤਾਰ ਪੈ ਰਹੇ ਮੀਂਹ ਦਾ ਲਾਹਾ ਲੈਂਦਿਆਂ ਝੋਨਾ ਲਾਉਣ ਲੱਗ ਜਾਣਾ ਸੀ। ਰੁਕ-ਰੁਕ ਕੇ ਪੈ ਰਹੀਆਂ ਬਾਰਸ਼ਾਂ ਕਾਰਨ ਪਾਵਰਕੌਮ ਨੂੰ ਵੀ ਰਾਹਤ ਮਿਲਣ ਦੀ ਉਮੀਦ ਹੈ ਕਿਉਂਕਿ ਅਗਲੇ ਕੁੱਝ ਦਿਨਾਂ ਦੌਰਾਨ ਵੀ ਮੌਸਮ ’ਚ ਆਈ ਤਬਦੀਲੀ ਬਰਕਰਾਰ ਰਹਿਣ ਦੇ ਆਸਾਰ ਹਨ।
ਫ਼ਸਲਾਂ ਲਈ ਵਧੀਆ ਮੌਸਮ: ਰੋਮਾਣਾ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਖੇਤਰੀ ਖੋਜ ਕੇਂਦਰ ਬਠਿੰਡਾ ਦੇ ਖੇਤੀ ਵਿਗਿਆਨੀ ਜੀ ਐਸ ਰੋਮਾਣਾ ਦਾ ਕਹਿਣਾ ਸੀ ਕਿ ਇਨ੍ਹਾਂ ਦਿਨਾਂ ਦੌਰਾਨ ਚੱਲ ਰਿਹਾ ਮੌਸਮ ਸਾਰੀਆਂ ਹੀ ਫ਼ਸਲਾਂ ਲਈ ਵਧੀਆ ਹੈ। ਉਨ੍ਹਾਂ ਦੱਸਿਆ ਕਿ ਪੱਕਣ ਕੰਢੇ ਫਸਲਾਂ ਤੇ ਮੀਂਹ ਪੈਣਾ ਖ਼ਤਰੇ ਵਾਲਾ ਹੁੰਦਾ ਹੈ ਪਰ ਹੁਣ ਤਾਂ ਹਰ ਫ਼ਸਲ ਦੀ ਅਜੇ ਸ਼ੁਰੂਆਤ ਹੈ। ਉਨ੍ਹਾਂ ਦੱਸਿਆ ਕਿ ਠੰਡੇ ਮੌਸਮ ਕਾਰਨ ਝੋਨੇ ਦੀ ਬਿਜਾਈ ਅਸਾਨ ਹੋਵੇਗੀ ਅਤੇ ਹਰਿਆਲੀ ਵੀ ਵਧੇਗੀ ਜੋ ਵਾਤਾਵਰਨ ਪ੍ਰਦੂਸ਼ਣ ਦੇ ਪੱਖ ਤੋਂ ਲਾਹੇਵੰਦ ਹੈ।
ਮੌਸਮ ਕਾਰਨ ਬੀਮਾਰੀਆਂ ਵਧੀਆਂ
ਮੌਸਮ ਆਈ ਤਬਦੀਲੀ ਨਾਲ ਵੱਖ-ਵੱਖ ਤਰ੍ਹਾਂ ਦੀਆਂ ਬੀਮਾਰੀਆਂ ਵਧੀਆਂ ਹਨ ਜਿਨ੍ਹਾਂ ਕਾਰਨ ਸਿਵਲ ਹਸਪਤਾਲ ਬਠਿੰਡਾ ਵਿੱਚ ਓ ਪੀ ਡੀ ਵੀ ਵਧੀ ਹੈ। ਇਨ੍ਹਾਂ ਦਿਨਾਂ ਦੌਰਾਨ ਖਾਣਾ ਖਾਣ ਅਤੇ ਪਾਣੀ ਪੀਣ ਵੇਲੇ ਦਿੱਕਤ, ਗਲੇ ਵਿੱਚ ਸੋਜ਼ ਅਤੇ ਛਾਲੇ ਹੋ ਜਾਣ ਦੇ ਮਰੀਜ਼ ਜ਼ਿਆਦਾ ਆ ਰਹੇ ਹਨ। ਇੰਨ੍ਹਾਂ ਬਿਮਾਰੀਆਂ ਕਾਰਨ ਹਸਪਤਾਲ ਪ੍ਰਬੰਧਕਾਂ ਨੇ ਅਲਰਟ ਵੀ ਜਾਰੀ ਕਰਨਾ ਪਿਆ ਹੈ। ਸਿਵਲ ਹਸਪਤਾਲ ਦੀ ਡਾਕਟਰ ਪ੍ਰਿਯੰਕਾ ਸਿੰਗਲਾ ਨੇ ਦੱਸਿਆ ਕਿ ਕਈ ਥਾਵਾਂ ਤੇ ਇੱਕ ਘਰ ਵਿੱਚ ਇਨ੍ਹਾਂ ਬਿਮਾਰੀਆਂ ਦੇ ਇੱਕ ਤੋਂ ਵੱਧ ਮਰੀਜ਼ ਇਨ੍ਹਾਂ ਬੀਮਾਰੀਆਂ ਤੋਂ ਪੀੜਤ ਹਨ।