ਚੇਅਰਮੈਨ ਨੀਲ ਗਰਗ ਵੱਲੋਂ ਸੇਸਟੋਬਾਲ ਵਿੱਚ ਵਿਸ਼ਵ ਕੱਪ ਜੇਤੂ ਜਯੋਤੀ ਦੀ ਹੌਸਲਾ ਅਫਜਾਈ
ਅਸ਼ੋਕ ਵਰਮਾ
ਬਠਿੰਡਾ 2 ਜੂਨ 2023: ਆਮ ਆਦਮੀ ਪਾਰਟੀ ਦੇ ਬੁਲਾਰੇ ਅਤੇ ਪੰਜਾਬ ਮੀਡੀਅਮ ਇੰਡਸਟਰੀ ਵਿਕਾਸ ਬੋਰਡ ਦੇ ਚੇਅਰਮੈਨ ਨੀਲ ਗਰਗ ਨੇ ਸੇਸਟੋਬਾਲ ਵਿਸ਼ਵ ਕੱਪ 2023 ਵਿੱਚ ਆਪਣੀ ਧਾਕ ਜਮਾਉਣ ਵਾਲੀ ਜਯੋਤੀ ਦੇ ਘਰ ਵਧਾਈ ਦੇਣ ਲਈ ਪਹੁੰਚੇ। ਨੀਲ ਗਰਗ ਨੇ ਜਯੋਤੀ ਅਤੇ ਉਸ ਦੀ ਮਾਂ ਨੂੰ ਵਧਾਈ ਦਿੱਤੀ ਕਿਹਾ ਕਿ ਬਠਿੰਡਾ ਅਤੇ ਪੰਜਾਬ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਬਠਿੰਡਾ ਦੀ ਬੇਟੀ ਨੇ ਐਨਾ ਉੱਚਾ ਮੁਕਾਮ ਹਾਸਲ ਕੀਤਾ। ਉਹਨਾਂ ਨੇ ਕਿਹਾ ਕਿ ਇੱਥੇ ਆ ਕੇ ਪਤਾ ਲੱਗਿਆ ਹੈ ਕਿ ਜਯੋਤੀ ਦੇ ਘਰ ਦੇ ਆਰਥਿਕ ਹਾਲਾਤ ਠੀਕ ਨਹੀਂ ਹਨ ।
ਉਹਨਾਂ ਨੇ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਉਹ ਗਰੀਬੀ ਨੂੰ ਉਹਨਾਂ ਦੇ ਖੇਡ ਵਿੱਚ ਅੜਿਕਾ ਨਹੀਂ ਬਣਨ ਦੇਣਗੇ। ਉਹ ਇਸ ਸੰਬੰਧ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਗੱਲ ਕਰਨਗੇ ਅਤੇ ਦੁਬਈ ਵਿੱਚ ਹੋਣ ਵਾਲੇ ਖੇਡ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਪ੍ਰਬੰਧ ਕਰਨਗੇ। ਇਸ ਮੌਕੇ ਨੀਲ ਗਰਗ ਨੇ ਸ਼ਹਿਰ ਦੇ ਉਦਯੋਪਤੀਆਂ ਨੂੰ ਵੀ ਬੇਨਤੀ ਕੀਤੀ ਕਿ ਉਹ ਵੀ ਜਯੋਤੀ ਦੀ ਮੱਦਦ ਕਰਨ ਲਈ ਅੱਗੇ ਆਉਣ। ਇਸ ਮੌਕੇ ਤੇ ਉਹਨਾਂ ਦੇ ਨਾਲ ਚੇਅਰਮੈਨ ਅਨਿਲ ਠਾਕੁਰ, ਚਮਨ ਲਾਲ ਅਤੇ ਅਮਿਤ ਗਰਗ ਵੀ ਹਾਜਰ ਸਨ।
ਦੱਸਣਯੋਗ ਹੈ ਕਿ ਹੈ ਬੰਗਲੌਰ ਵਿਚ ਹੋਏ ਸੇਸਟੋਬਾਲ ਵਿਸ਼ਵ ਕੱਪ 2023 ਦੇ ਫਾਈਨਲ ਵਿੱਚ ਭਾਰਤ ਦੂਜੇ ਸਥਾਨ ਤੇ ਰਿਹਾ ਹੈ ਜਦੋਂਕਿ ਅਰਜਨਟੀਨਾ ਦੀ ਟੀਮ ਨੂੰ ਹਰਾਇਆ। ਸ਼ਹਿਰ ਦੀ 20 ਸਾਲਾ ਨੌਜਵਾਨ ਧੀ ਜਯੋਤੀ ਨੇ ਭਾਰਤ ਦੀ ਸੇਸਟੋਬਾਲ ਖੇਡ ਦੀ ਟੀਮ ਵਿੱਚ ਆਪਣੀ ਖ਼ਾਸ ਜਗ੍ਹਾ ਬਣਾਈ ਅਤੇ ਸੇਸਟੋਬਾਲ ਵਿਸ਼ਵ ਕੱਪ 2023 ਵਿੱਚ ਦੇਸ਼ ਦੀ ਪ੍ਰਤੀਨਿਧਤਾ ਕਰ ਕੇ ਵੱਡੀ ਉਪਲਬਧੀ ਹਾਸਲ ਕੀਤੀ। ਜਯੋਟੀ ਇਸ ਵਿੱਚ ਭਾਗ ਲੈਣ ਵਾਲੀ ਪੰਜਾਬ ਦੀ ਇੱਕ ਇਕੱਲੀ ਹੀ ਖਿਡਾਰੀ ਹੈ।
ਜਯੋਤੀ ਨੇ ਪਿਛਲੇ ਸਾਲ ਪੰਜਾਬ ਵਿੱਚ ਹੋਏ ਰਾਸ਼ਟਰੀ ਸੇਸਟੋਬਾਲ ਮੁਕਾਬਲਿਆਂ ਵਿੱਚ ਵਧੀਆ ਪ੍ਰਦਰਸ਼ਨ ਕਰਕੇ ਬਠਿੰਡਾ ਦਾ ਨਾਮ ਰੌਸ਼ਨ ਕੀਤਾ ਸੀ। ਇਸ ਕਰਕੇ ਹੀ ਜਯੋਤੀ ਨੇ ਭਾਰਤ ਦੀ ਟੀਮ ਵਿੱਚ ਆਪਣੀ ਜਗ੍ਹਾ ਬਣਾਈ ਸੀ। ਵਿਸ਼ਵ ਕੱਪ ਵਿੱਚ ਅਰਜਨਟੀਨਾ ਨੇ ਪਹਿਲਾ, ਭਾਰਤ ਨੇ ਦੂਜਾ ਅਤੇ ਫਰਾਂਸ ਨੇ ਤੀਜਾ ਸਥਾਨ ਹਾਸਲ ਕੀਤਾ। ਆਪਣੀ ਜਿੱਤ ਦਾ ਝੰਡਾ ਲਹਿਰਾ ਕੇ ਜਯੋਤੀ ਬਠਿੰਡਾ ਵਾਪਿਸ ਪਹੁੰਚ ਗਈ ਹੈ।
ਭਾਵੇਂ ਅੱਜ ਉਹ ਵਿਸ਼ਵ ਵਿਜੇਤਾ ਬਣ ਗਈ ਹੈ ਪਰ ਘਰ ਦੀ ਆਰਥਿਕ ਸਥਿਤੀ ਬਹੁਤ ਹੀ ਮਾੜੀ ਹੈ। ਜਯੋਤੀ ਦੇ ਪਿਤਾ ਦੀ 16 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਮਾਂ ਪਰਮਜੀਤ ਕੌਰ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਆਪਣੀ ਰੋਜ਼ੀ ਰੋਟੀ ਚਲਾ ਰਹੀ ਹੈ ਜਯੋਤੀ ਨੇ ਹੁਣ ਅਗਲੇ ਮੈਚ ਖੇਡਣ ਲਈ ਦੁਬਈ ਜਾਣਾ ਹੈ ਅਤੇ ਇਸ ਉਪੱਰ ਡੇਢ ਲੱਖ ਰੁਪਏ ਦਾ ਖ਼ਰਚ ਆਵੇਗਾ ਪਰ ਘਰ ਦੇ ਹਾਲਾਤ ਬਹੁਤ ਹੀ ਨਾਜ਼ੁਕ ਹਨ।