ਓਡੀਸ਼ਾ 'ਚ ਵੱਡਾ ਰੇਲ ਹਾਦਸਾ, 30 ਯਾਤਰੀਆਂ ਦੀ ਮੌਤ, 300 ਜ਼ਖਮੀ
ਓਡੀਸ਼ਾ, 2 ਜੂਨ 2023 - ਓਡੀਸ਼ਾ ਦੇ ਬਾਲਾਸੋਰ 'ਚ ਸ਼ੁੱਕਰਵਾਰ ਸ਼ਾਮ ਇਕ ਵੱਡਾ ਰੇਲ ਹਾਦਸਾ ਵਾਪਰਿਆ। ਬਹਿਨਾਗਾ ਸਟੇਸ਼ਨ ਨੇੜੇ ਕੋਰੋਮੰਡਲ ਐਕਸਪ੍ਰੈਸ (12841) ਅਤੇ ਮਾਲ ਗੱਡੀ ਦੀ ਆਪਸ ਵਿੱਚ ਟੱਕਰ ਹੋ ਗਈ। ਇਸ ਹਾਦਸੇ ਵਿੱਚ 30 ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ 300 ਲੋਕ ਜ਼ਖਮੀ ਹੋਏ ਹਨ। ਇਸ ਦੇ ਨਾਲ ਹੀ 30 ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕੋਰੋਮੰਡਲ ਐਕਸਪ੍ਰੈਸ ਪਟੜੀ ਤੋਂ ਉਤਰ ਗਈ। ਟਰੇਨ ਦੇ ਕਈ ਡੱਬੇ ਮਾਲ ਗੱਡੀ 'ਤੇ ਚੜ੍ਹ ਗਏ। ਜਾਣਕਾਰੀ ਮੁਤਾਬਕ ਕੋਰੋਮੰਡਲ ਦੀਆਂ ਸੱਤ ਬੋਗੀਆਂ ਪਟੜੀ ਤੋਂ ਉਤਰ ਗਈਆਂ।
10 ਯਾਤਰੀਆਂ ਨੂੰ ਬਾਲਾਸੋਰ ਮੈਡੀਕਲ ਕਾਲਜ 'ਚ ਭਰਤੀ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਹਾਦਸੇ 'ਚ ਜ਼ਖਮੀ ਹੋਏ 132 ਯਾਤਰੀਆਂ ਨੂੰ ਸੋਰੋ ਸੀ.ਐੱਚ.ਸੀ., ਗੋਪਾਲਪੁਰ ਸੀ.ਐੱਚ.ਸੀ ਅਤੇ ਖੰਤਾਪਾੜਾ ਪੀ.ਐੱਚ.ਸੀ. 'ਚ ਦਾਖਲ ਕਰਵਾਇਆ ਗਿਆ ਹੈ। ਫਿਲਹਾਲ ਇਸ ਰੂਟ 'ਤੇ ਸਾਰੀਆਂ ਟਰੇਨਾਂ ਨੂੰ ਰੋਕ ਦਿੱਤਾ ਗਿਆ ਹੈ। ਇਸ ਤੋਂ ਇਲਾਵਾ 32 ਲੋਕਾਂ ਦੀ ਇੱਕ ਹੋਰ ਐਨਡੀਆਰਐਫ ਟੀਮ ਨੂੰ ਬਚਾਅ ਲਈ ਭੇਜਿਆ ਗਿਆ ਹੈ।
ਦੂਜੇ ਪਾਸੇ ਓਡੀਸ਼ਾ ਦੇ ਮੁੱਖ ਸਕੱਤਰ ਪ੍ਰਦੀਪ ਜੇਨਾ ਨੇ ਦੱਸਿਆ ਕਿ ਲੋਕਾਂ ਨੂੰ ਲਿਜਾਣ ਲਈ ਕਰੀਬ 50 ਐਂਬੂਲੈਂਸਾਂ ਨੂੰ ਤਾਇਨਾਤ ਕੀਤਾ ਗਿਆ ਹੈ ਪਰ ਜ਼ਖਮੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਜਿਸ ਕਾਰਨ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਉਣ ਲਈ ਵੱਡੀ ਗਿਣਤੀ ਵਿੱਚ ਬੱਸਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।
ਵਿਸ਼ੇਸ਼ ਰਾਹਤ ਕਮਿਸ਼ਨਰ ਦੇ ਦਫ਼ਤਰ ਨੇ ਦੱਸਿਆ ਕਿ ਹਾਦਸੇ ਵਾਲੀ ਥਾਂ 'ਤੇ ਖੋਜ ਅਤੇ ਬਚਾਅ ਕਾਰਜਾਂ ਲਈ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਹਨ। ਇਸ ਦੇ ਨਾਲ ਹੀ ਬਾਲਾਸੋਰ ਕਲੈਕਟਰ ਨੂੰ ਵੀ ਸਾਰੇ ਲੋੜੀਂਦੇ ਪ੍ਰਬੰਧ ਕਰਨ ਲਈ ਮੌਕੇ 'ਤੇ ਪਹੁੰਚਣ ਲਈ ਸੂਚਿਤ ਕੀਤਾ ਗਿਆ ਹੈ ਅਤੇ ਜੇਕਰ ਰਾਜ ਪੱਧਰ ਤੋਂ ਕੋਈ ਹੋਰ ਮਦਦ ਦੀ ਲੋੜ ਹੈ ਤਾਂ ਐਸਆਰਸੀ ਨੂੰ ਵੀ ਸੂਚਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਟਰੈਕ ਨੂੰ ਸਾਫ਼ ਕਰਨ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਡੀਜੀਪੀ ਫਾਇਰ ਸਰਵਿਸਿਜ਼ ਡਾ.ਸੁਧਾਂਸ਼ੂ ਸਾਰੰਗੀ ਵੀ ਹੈੱਡਕੁਆਰਟਰ ਤੋਂ ਹਾਦਸੇ ਵਾਲੀ ਥਾਂ ਲਈ ਰਵਾਨਾ ਹੋ ਗਏ ਹਨ। ਇਸ ਦੇ ਨਾਲ ਹੀ ਸੂਬਾ ਸਰਕਾਰ ਬਚਾਅ ਕਾਰਜਾਂ ਲਈ ਮੌਕੇ 'ਤੇ ਜਨਰੇਟਰ ਅਤੇ ਲਾਈਟਾਂ ਦਾ ਪ੍ਰਬੰਧ ਕਰ ਰਹੀ ਹੈ। ਮੁੱਖ ਮੰਤਰੀ ਨਵੀਨ ਪਟਨਾਇਕ ਨੇ ਮੰਤਰੀ ਪ੍ਰਮਿਲਾ ਮਲਿਕ ਅਤੇ ਵਿਸ਼ੇਸ਼ ਰਾਹਤ ਕਮਿਸ਼ਨਰ ਨੂੰ ਤੁਰੰਤ ਹਾਦਸੇ ਵਾਲੀ ਥਾਂ 'ਤੇ ਪਹੁੰਚਣ ਦੇ ਨਿਰਦੇਸ਼ ਦਿੱਤੇ ਹਨ।