ਬਠਿੰਡਾ ਪੁਲਿਸ ਦਾ ਕ੍ਰਿਸ਼ਮਾ: ਅਦਾਲਤ ਚ ਪੇਸ਼ ਕੀਤੇ ਬਿਨਾਂ ਬੰਦੇ ਛੱਡੇ- ਪੰਜ ਮੁਅੱਤਲ
ਅਸ਼ੋਕ ਵਰਮਾ
ਬਠਿੰਡਾ, 3 ਜੂਨ: ਬਿਨਾਂ ਅਦਾਲਤ ਵਿੱਚ ਪੇਸ਼ ਕੀਤਿਆਂ ਪ੍ਰਭਾਵਸ਼ਾਲੀ ਮੁਲਜ਼ਮਾਂ ਨੂੰ ਛੱਡਣ ਦੇ ਮਾਮਲੇ ਵਿਚ ਪੰਜਾਬ ਪੁਲੀਸ ਨੇ ਇੰਸਪੈਕਟਰ ਸਮੇਤ 5 ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਨ੍ਹਾਂ ਪੁਲਸ ਮੁਲਾਜ਼ਮਾਂ ਦੀ ਦੀਦਾ ਦਲੇਰੀ ਦੇਖੋ ਕਿ ਜਿਸ ਦਿਨ ਇਹਨਾਂ ਨੇ ਮੁਲਜ਼ਮਾਂ ਨੂੰ ਛੱਡਿਆ ਉਸ ਵਕਤ ਮੁੱਖ ਮੰਤਰੀ ਭਗਵੰਤ ਮਾਨ ਗਣਤੰਤਰ ਦਿਵਸ ਦੇ ਮੱਦੇਨਜ਼ਰ ਬਠਿੰਡਾ ਵਿੱਚ ਝੰਡਾ ਲਹਿਰਾਉਣ ਲਈ ਪੁੱਜ ਗਏ ਸਨ।ਇਨ੍ਹਾਂ ਮੁਲਜ਼ਮਾਂ ਨੂੰ ਵੱਡੇ ਸਾਹਿਬਾਂ ਦੇ ਕਥਿਤ ਦਬਾਅ ਹੇਠ ਛੱਡੇ ਜਾਣ ਦੀ ਗੱਲ ਸਾਹਮਣੇ ਆ ਰਹੀ ਹੈ। ਇੰਨ੍ਹਾਂ ਵਿੱਚ ਥਾਣਾ ਸੰਗਤ ਦੇ ਤੱਤਕਾਲੀ ਐਸਐਚਓ ਇੰਸਪੈਕਟਰ ਹਰਵਿੰਦਰ ਸਿੰਘ ਸਰਾਂ, ਥਾਣੇਦਾਰ ਗੁਰਦਿੱਤ ਸਿੰਘ, ਹੌਲਦਾਰ ਮਹੇਸ਼ਇੰਦਰ ਸਿੰਘ, ਹੌਲਦਾਰ ਹਰਦੇਵ ਸਿੰਘ ਤੇ ਲੇਡੀ ਪੁਲਿਸ ਮੁਲਾਜਮ ਦਵਿੰਦਰ ਕੌਰ ਦੇ ਨਾਂ ਸ਼ਾਮਲ ਹਨ।
ਗ੍ਰਹਿ ਵਿਭਾਗ ਪੰਜਾਬ ਵੱਲੋਂ ਜਾਰੀ ਇਹ ਪੱਤਰ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਿਹਾ ਹੈ ਜਿਸ ਦੀ ਅਫਸਰਾਂ ਨੇ ਤਸਦੀਕ ਕੀਤੀ ਹੈ। ਗ੍ਰਹਿ ਵਿਭਾਗ ਦੇ ਪ੍ਰਮੁੱਖ ਸਕੱਤਰ ਵੱਲੋਂ ਡੀਜੀਪੀ ਪੰਜਾਬ ਨੂੰ ਇਨ੍ਹਾਂ ਮੁਲਾਜ਼ਮਾਂ ਨੂੰ ਮੁਅੱਤਲ ਕਰਨ ਸੰਬੰਧੀ ਪੱਤਰ ਭੇਜਣ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ।ਪੱਤਰ ਵਿੱਚ ਇੰਨ੍ਹਾਂ ਪੁਲਿਸ ਮੁਲਾਜ਼ਮਾਂ ਖਿਲਾਫ ਮੁਲਜ਼ਮਾਂ ਨੂੰ ਹਿਰਾਸਤ 'ਚ ਲੈਣ ਤੋਂ ਬਾਅਦ ਆਪਣੇ ਅਹੁਦੇ ਦੀ ਗਲ੍ਹਤ ਵਰਤੋਂ ਕਰਕੇ ਉਨ੍ਹਾਂ ਨੂੰ ਗੈਰ ਕਾਨੂੰਨੀ ਲਾਹਾ ਪਹੁੰਚਾਉਣ ਦੇ ਮਾਮਲੇ ਵਿੱਚ ਵਿਭਾਗੀ ਕਾਰਵਾਈ ਸ਼ੁਰੂ ਕਰਨ ਲਈ ਵੀ ਕਿਹਾ ਹੈ।ਪੁਲੀਸ ਵਿਭਾਗ ਵੱਲੋਂ ਜਾਰੀ ਪੱਤਰ ਤੇ ਗੌਰ ਕਰੀਏ ਤਾਂ ਸਾਹਮਣੇ ਆਉਂਦਾ ਹੈ ਕਿ ਬਠਿੰਡਾ ਪੁਲਿਸ ਦੇ ਇਸ ਸੀਨੀਅਰ ਇੰਸਪੈਕਟਰ ਸਮੇਤ ਪੰਜੇ ਪੁਲਿਸ ਮੁਲਾਜਮ ਕਸੂਤੇ ਫ਼ਸ ਗਏ ਹਨ।
ਸੂਤਰ ਦੱਸਦੇ ਹਨ ਕਿ ਜੇਕਰ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਜਿਨ੍ਹਾਂ ਕੋਲ ਗ੍ਰਹਿ ਵਿਭਾਗ ਵੀ ਹੈ, ਨੇ ਇਸ ਮਾਮਲੇ 'ਚ ਪੂਰੀ ਗੰਭੀਰਤਾ ਦਿਖਾਈ ਤਾਂ ਇੱਕ ਏਡੀਜੀਪੀ, ਇੱਕ ਐਸ ਐਸ ਪੀ ਅਤੇ ਇੱਕ ਸੀਨੀਅਰ ਆਈ ਏ ਐਸ ਅਧਿਕਾਰੀ ਤੋਂ ਇਲਾਵਾ ਇੱਕ ਸੀਨੀਅਰ ਪੁਲਿਸ ਅਫਸਰ ਦੇ ਪੁੱਤਰ ਖਿਲਾਫ਼ ਵੀ ਸ਼ਿਕੰਜਾ ਕੱਸਿਆ ਜਾ ਸਕਦਾ ਹੈ । ਇਸ ਮਾਮਲੇ 'ਚ ਸ਼ਿਕਾਇਤਕਰਤਾ ਬਠਿੰਡਾ ਦਾ ਕਾਂਗਰਸੀ ਆਗੂ ਅਨਿਲ ਭੋਲਾ ਹੈ ਜਿਸ ਨੇ ਆਪਣੇ ਵਿਰੁੱਧ ਭੁਗਤਣ ਵਾਲਿਆਂ ਖ਼ਿਲਾਫ਼ ਕ ਇਨਸਾਫ਼ ਲੈਣ ਲਈ ਆਪਣੀ ਲੜਾਈ ਜਾਰੀ ਰੱਖਣ ਦੀ ਗੱਲ ਵੀ ਆਖੀ ਹੈ।
ਕਾਂਗਰਸੀ ਆਗੂ ਨੇ ਜ਼ਿਆਦਾ ਕੁੱਝ ਤਾਂ ਨਹੀਂ ਦੱਸਿਆ ਪਰ ਇੰਨਾ ਜਰੂਰ ਇਸ਼ਾਰਾ ਕੀਤਾ ਕਿ ਉਨ੍ਹਾਂ ਕੋਲੋਂ ਇਨ੍ਹਾਂ ਅਧਿਕਾਰੀਆਂ ਖਿਲਾਫ ਕਾਫ਼ੀ ਸਬੂਤ ਹਨ ਜੋ ਵਕਤ ਆਉਣ ਤੇ ਸਾਹਮਣੇ ਰੱਖਣਗੇ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਸਾਲ 2012 ਦਾ ਹੈ ਜਦੋਂ ਅਕਾਲੀ ਸਰਕਰ ਦੇ ਰਾਜ ਭਾਗ ਦੌਰਾਨ ਕੁੱਝ ਲੋਕਾਂ ਨੇ ਪਿੰਡ ਮਹਿਤਾ 'ਚ ਪਨਸਪ ਨੂੰ ਦੇਣ ਲਈ ਅਨਾਜ ਦੇ ਗੋਦਾਮ ਬਣਾਏ ਸਨ। ਇੰਨ੍ਹਾਂ ਗੋਦਾਮਾਂ ਨੂੰ ਬਣਾਉਣ ਮੌਕੇ ਕਾਂਗਰਸ ਪਾਰਟੀ ਦੇ ਆਗੂ ਅਨਿਲ ਭੋਲਾ ਦੇ ਖੇਤ ਨੂੰ ਜਾਂਦਾ ਪੱਕਾ ਖ਼ਾਲਾ ਬੰਦ ਕਰ ਦਿੱਤਾ ਜਿਸ ਕਾਰਨ ਖੇਤਾਂ ਨੂੰ ਪਾਣੀ ਲੱਗਣਾ ਬੰਦ ਹੋ ਗਿਆ ਸੀ।
ਅਨਿਲ ਭੋਲਾ ਮੁਤਾਬਕ ਇੰਨ੍ਹਾਂ ਗੋਦਾਮਾਂ ਦੀ ਉਸਾਰੀ ਕਰਨ ਵਾਲਿਆਂ ਨੂੰ ਇੱਕ ਸੀਨੀਅਰ ਆਈ.ਏ.ਐਸ ਅਧਿਕਾਰੀ ਤੇ ਇੱਕ ਸਾਬਕਾ ਪੁਲਿਸ ਅਫ਼ਸਰ ਦੇ ਲੜਕੇ ਦਾ ਥਾਪੜਾ ਸੀ।
ਅਸਰ ਰਸੂਖ ਰੱਖਣ ਵਾਲਿਆਂ ਦੀ ਤਾਕਤ ਹੀ ਸੀ ਕਿ ਅਨਿਲ ਭੋਲਾ ਵੱਲੋਂ ਦੁਬਾਰਾ ਖਾਲ ਚਾਲੂ ਕਰਨ ਦੀ ਗੱਲ ਵੀ ਅਣਸੁਣੀ ਕਰ ਦਿੱਤੀ ਗਈ। ਅਨਿਲ ਭੋਲਾ ਵੱਲੋਂ ਨਹਿਰ ਵਿਭਾਗ ਕੋਲ ਕੀਤੀ ਸ਼ਿਕਾਇਤ ਦੀ ਉੱਚ ਪੱਧਰੀ ਜਾਂਚ ਦੌਰਾਨ ਖਾਲ ਬੰਦ ਹੋਣ ਦੀ ਗੱਲ ਸਾਹਮਣੇ ਆ ਗਈ।ਥਾਣਾ ਸੰਗਤ ਪੁਲਿਸ ਨੇ 29 ਜੂਨ 2013 ਨੂੰ ਧਾਰਾ 167, 430,465,466, 467, 471,120 ਬੀ ਅਤੇ ਧਾਰਾ 3 ਆਫ਼ ਪ੍ਰੋਫੈਸ਼ਨ ਆਫ਼ ਡੈਮੇਜ ਟੂ ਪਬਲਿਕ ਪ੍ਰਾਪਰਟੀ ਐਕਟ 1984 ਤਹਿਤ ਐਫ ਆਈ ਆਰ ਨੰਬਰ 63 ਦਰਜ਼ ਕੀਤੀ ਸੀ।
ਇਸ ਮੁਕੱਦਮੇ ਵਿੱਚ ਨਹਿਰੀ ਵਿਭਾਗ ਦੇ ਐਸਡੀਓ ਸ਼ੰਮੀ ਸਿੰਗਲਾ ਤੇ ਕਲੋਨਾਈਜ਼ਰ ਅਮਰ ਪ੍ਰਭੂ ਆਦਿ ਨੂੰ ਨਾਮਜ਼ਦ ਕੀਤਾ ਗਿਆ ਸੀ। ਅਨਿਲ ਭੋਲਾ ਨੇ ਦੱਸਿਆ ਕਿ ਇਹ ਲੋਕ ਭਗੌੜੇ ਕਰਾਰ ਦਿੱਤੇ ਗਏ ਸਨ ਜਿਨ੍ਹਾਂ ਵਿੱਚੋਂ ਪੁਲਿਸ ਨੇ ਸ਼ੰਮੀ ਸਿੰਗਲਾ ਨੂੰ ਉਸ ਦੇ ਦਫ਼ਤਰ ਚੋਂ ਅਤੇ ਅਮਰ ਪ੍ਰਭੂ ਨੂੰ ਮਨਸਾ ਦੇਵੀ ਤੋਂ 24 ਜਨਵਰੀ 2023 ਨੂੰ ਗ੍ਰਿਫਤਾਰ ਕੀਤਾ ਸੀ। ਦੋਵਾਂ ਜਣਿਆਂ ਨੂੰ ਗ੍ਰਿਫ਼ਤਾਰ ਕਰ ਕੇ ਪੁਲਸ ਥਾਣਾ ਸੰਗਤ ਲੈ ਆਈ ਜਿੱਥੋਂ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਨਾ ਸੀ। ਇਸ ਦੇ ਉਲਟ ਪੁਲੀਸ ਨੇ ਇਹਨਾਂ ਦੋਵਾਂ ਮੁਲਜ਼ਮਾਂ ਨੂੰ ਕਿਸੇ ਵੱਡੇ ਦਬਾਅ ਤਹਿਤ ਅਦਾਲਤ ਵਿੱਚ ਪੇਸ਼ ਕਰਨ ਦੀ ਬਜਾਏ ਛੱਡ ਦਿੱਤਾ।
ਦੱਸਿਆ ਜਾਂਦਾ ਹੈ ਕਿ ਉਨ੍ਹਾਂ ਨੂੰ ਛੱਡਣ ਤੋਂ ਪਹਿਲਾਂ ਕਿਸੇ ਆਲੀਸ਼ਾਨ ਹੋਟਲ ਵਿਚ ਠਹਿਰਾਇਆ ਗਿਆ ਜਿੱਥੋਂ ਉਹ ਦੂਸਰੇ ਦਿਨ ਸਵੇਰੇ ਕਿਧਰੇ ਚਲੇ ਗਏ । ਇਸ ਤਰਾਂ ਸਬੰਧਤ ਪੁਲਿਸ ਅਧਿਕਾਰੀਆਂ ਨੇ ਮੁਲਜ਼ਮਾਂ ਨੂੰ ਫਾਇਦਾ ਪਹੁੰਚਾਇਆ ਜੋਕਿ ਕਾਇਦੇ ਕਨੂੰਨਾਂ ਦੇ ਪੂਰੀ ਤਰ੍ਹਾਂ ਖਿਲਾਫ਼ ਹੈ। ਅਨਿਲ ਭੋਲਾ ਨੇ ਇਸ ਮਾਮਲੇ ਦੀ ਸ਼ਿਕਾਇਤ ਗ੍ਰਹਿ ਵਿਭਾਗ ਨੂੰ ਕਰ ਦਿੱਤੀ। ਇਸ ਮਾਮਲੇ ਦੀ ਪੜਤਾਲ ਦੌਰਾਨ ਸਾਰੇ ਦੋਸ਼ ਸਹੀ ਪਾਏ ਗਏ। ਪਤਾ ਲੱਗਿਆ ਹੈ ਕਿ ਸ਼ਿਕਾਇਤਕਰਤਾ ਕੋਲ ਇਸ ਮਾਮਲੇ ਸਬੰਧੀ ਸਬੂਤ ਵਜੋਂ ਇਨ੍ਹਾਂ ਪੁਲਸ ਮੁਲਾਜ਼ਮਾਂ ਨਾਲ ਹੋਈਆਂ ਫੋਨ ਕਾਲਾਂ ਦਾ ਰਿਕਾਰਡ ਅਤੇ ਸੀਸੀਟੀਵੀ ਫੁਟੇਜ ਹੈ ਜੋ ਵੱਡੀ ਮੁਸੀਬਤ ਖੜ੍ਹੀ ਕਰ ਸਕਦੀ ਹੈ।
ਫਾਈਲ ਆਉਣ ਤੇ ਕਾਰਵਾਈ :ਐਸ ਐਸ ਪੀ
ਸੀਨੀਅਰ ਪੁਲਿਸ ਕਪਤਾਨ ਬਠਿੰਡਾ ਗੁਲਨੀਤ ਸਿੰਘ ਖੁਰਾਣਾ ਦਾ ਕਹਿਣਾ ਸੀ ਕਿ ਉਨ੍ਹਾਂ ਕੋਲ ਅਜੇ ਅਧਿਕਾਰਿਕ ਤੌਰ ਤੇ ਫਾਇਲ ਨਹੀਂ ਪੁੱਜੀ ਹੈ। ਉਨ੍ਹਾਂ ਦੱਸਿਆ ਕਿ ਦੇ ਮਿਲਦਿਆਂ ਹੀ ਡੀਜੀਪੀ ਪੰਜਾਬ ਵੱਲੋਂ ਦਿੱਤੇ ਹੁਕਮਾਂ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ। ਉਨ੍ਹਾਂ ਇਸ ਸਬੰਧ ਵਿੱਚ ਪੱਤਰ ਜਾਰੀ ਹੋਣ ਦੀ ਪੁਸ਼ਟੀ ਕੀਤੀ ਹੈ।